ਮੁਹਾਲੀ, (ਸਮਾਜ ਵੀਕਲੀ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਰਾਹਤ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ, ਜਦੋਂਕਿ ਦੋ ਤਾਜ਼ਾ ਪਟੀਸ਼ਨਾਂ ਸੈਣੀ ਨੇ ਆਪਣੇ ਵਕੀਲ ਰਾਹੀਂ ਖੁਦ ਹੀ ਵਾਪਸ ਲੈ ਲਈਆਂ ਹਨ। ਇਨ੍ਹਾਂ ਅਰਜ਼ੀਆਂ ਰਾਹੀਂ ਸਾਬਕਾ ਡੀਜੀਪੀ ਨੇ ਪੰਜਾਬ ਪੁਲੀਸ ਅਤੇ ਵਿਜੀਲੈਂਸ ਬਿਊਰੋ ਦੀਆਂ ਕਰਵਾਈਆਂ ਉੱਤੇ ਸਵਾਲ ਚੁੱਕੇ ਸਨ। ਸੁਮੇਧ ਸੈਣੀ ਦੀ ਸਾਲ 2018 ਵਾਲੀ ਪੁਰਾਣੀ ਪਟੀਸ਼ਨ ਉੱਤੇ ਵੀ ਪਹਿਲਾਂ ਤੋਂ ਨਿਰਧਾਰਿਤ 9 ਸਤੰਬਰ ਨੂੰ ਹੀ ਸੁਣਵਾਈ ਹੋਵੇਗੀ। ਸੇਵਾਮੁਕਤੀ ਤੋਂ ਬਾਅਦ ਕੈਪਟਨ ਸਰਕਾਰ, ਪੰਜਾਬ ਪੁਲੀਸ ਦੀ ਸਿੱਟ ਅਤੇ ਵਿਜੀਲੈਂਸ ਬਿਊਰੋ ’ਤੇ ਬੇਭਰੋਸਗੀ ਜ਼ਾਹਰ ਕਰਦਿਆਂ ਸੂਬਾ ਸਰਕਾਰ ’ਤੇ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਅਤੇ ਪੁਰਾਣੇ ਮਾਮਲਿਆਂ ਦੀ ਪੜਤਾਲ ਵਿੱਚ ਉਲਝਾਈ ਰੱਖਣ ਦਾ ਦੋਸ਼ ਲਗਾਇਆ ਸੀ।
ਸੈਣੀ ਨੇ ਬੀਤੇ ਦਿਨੀਂ ਆਪਣੇ ਵਕੀਲ ਏਪੀਐਸ ਦਿਓਲ ਰਾਹੀਂ ਹਾਈ ਕੋਰਟ ਵਿੱਚ ਨਵੇਂ ਸਿਰਿਓਂ ਅਰਜ਼ੀਆਂ ਦਾਇਰ ਕਰਕੇ ਪੁਰਾਣੀ ਪਟੀਸ਼ਨ ਦੀ ਸੁਣਵਾਈ ਪਹਿਲਾਂ ਕਰਨ ਦੀ ਮੰਗ ਕਰਦਿਆਂ ਅੱਜ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਵਿਸ਼ੇਸ਼ ਜੱਜ ਕੋਲ ਹੀ ਸੁਣਵਾਈ ਕਰਨ ਦੀ ਅਪੀਲ ਕੀਤੀ ਸੀ।ਪੰਜਾਬ ਸਰਕਾਰ ਵੱਲੋਂ ਵਧੀਕ ਐਡਵੋਕੇਟ ਜਨਰਲ ਸੁਦੀਪਤੀ ਸ਼ਰਮਾ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਸੁਮੇਧ ਸੈਣੀ ਡੀਜੀਪੀ ਦੇ ਅਹੁਦੇ ਰਹਿ ਚੁੱਕੇ ਹਨ ਪਰ ਫਿਰ ਵੀ ਝੂਠੀਆਂ ਅਤੇ ਬੇਬੁਨਿਆਦ ਅਰਜ਼ੀਆਂ ਦਾਇਰ ਕਰਕੇ ਜੁਡੀਸ਼ਰੀ ਨੂੰ ਗੁੰਮਰਾਹ ਕਰ ਰਹੇ ਹਨ। ਅਦਾਲਤ ਨੇ ਵਧੀਕ ਐਡਵੋਕਟ ਜਨਰਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸੈਣੀ ਦੇ ਵਕੀਲ ਨੂੰ ਕਿਹਾ ਕਿ ਉਹ ਅਰਜ਼ੀਆਂ ਰੱਦ ਕਰਨ ਲੱਗੇ ਹਨ। ਇਹ ਸੁਣ ਕੇ ਸੈਣੀ ਦੇ ਵਕੀਲ ਨੇ ਖੁਦ ਹੀ ਅਰਜ਼ੀਆਂ ਵਾਪਸ ਲਈਆਂ ਅਤੇ ਪੁਰਾਣੇ ਕੇਸ ਵਾਲੀ ਅਰਜ਼ੀ ਜੱਜ ਨੇ ਰੱਦ ਕਰਦਿਆਂ ਕਿਹਾ ਕਿ ਪੁਰਾਣੇ ਕੇਸ ਦੀ ਸੁਣਵਾਈ 9 ਸਤੰਬਰ ਨੂੰ ਹੀ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly