‘ਨੁਕਸਦਾਰ’ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਲਈ ਪੰਜਾਬ ਅਸੈਂਬਲੀ ਦੇ ਵਿਸ਼ੇਸ਼ ਇਜਲਾਸ ਦਾ ਸਮਾਂ ਵਧਾਇਆ ਜਾਵੇ: ਸਿੱਧੂ

Congress leader Navjot Singh Sidhu

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ‘ਨੁਕਸਦਾਰ’ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਤੇ ਪੰਜਾਬ ਵਿੱਚ ਘਰੇਲੂ ਤੇ ਸਨਅਤੀ ਬਿਜਲੀ ਦਰਾਂ ਘਟਾਉਣ ਦੇ ਇਰਾਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ’ਤੇ ਦਬਾਅ ਬਣਾਉਂਦਿਆਂ 3 ਸਤੰਬਰ ਨੂੰ ਸੱਦੇ ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਵਿਸ਼ੇਸ਼ ਇਜਲਾਸ ਦੀ ਮਿਆਦ ਪੰਜ ਤੋਂ ਸੱਤ ਦਿਨ ਵਧਾਉਣ ਦੀ ਮੰਗ ਕੀਤੀ ਹੈ। ਸਿੱਧੂ ਨੇ ਟਵਿੱਟਰ ’ਤੇ ਪੋਸਟ ਕੀਤੀ ਵੀਡੀਓ ਵਿੱਚ ਕਾਂਗਰਸ ਹਾਈ ਕਮਾਨ ਵੱਲੋਂ ਦਿੱਤੇ 18 ਨੁਕਾਤੀ ਏਜੰਡੇ ’ਤੇ ਮੁੜ ਜ਼ੋਰ ਦਿੰਦਿਆਂ ਮੁੱਖ ਮੰਤਰੀ ਅੱਗੇ ਕਈ ਮੁੱਦੇ ਰੱਖੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਹਿੱਤ ਵਿੱਚ ਫੌਰੀ ਪੰਜਾਬ ਰਾਜ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੂੰ ਹਦਾਇਤਾਂ ਜਾਰੀ ਕਰਕੇ ਨਿੱਜੀ ਪਾਵਰ ਪਲਾਂਟਾਂ ਨੂੰ ਟੈਰਿਫ ਦੇ ਰੂਪ ਕੀਤੀ ਜਾ ਰਹੀ ਅਦਾਇਗੀ ਨੂੰ ਨਵੇਂ ਸਿਰੇ ਤੋਂ ਸੋਧੇ, ਤਾਂ ਕਿ ਨੁਕਸਦਾਰ ਬਿਜਲੀ ਖਰੀਦ ਸਮਝੌਤੇ ਰੱਦ ਹੋ ਜਾਣ। ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਦਾ 5 ਤੋਂ 7 ਦਿਨਾਂ ਸੈਸ਼ਨ ਸੱਦ ਕੇ ਨੁਕਸਦਾਰ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਲਈ ਨਵਾਂ ਕਾਨੂੰਨ ਲਿਆਂਦਾ ਜਾਵੇ। ਉਨ੍ਹਾਂ ਕਿਹਾ, ‘‘ਸੂਬਾ ਸਰਕਾਰ ਦੀ ਇਸ ਪੇਸ਼ਕਦਮੀ ਨਾਲ ਜਨਰਲ ਸ਼੍ਰੇਣੀ ਸਮੇਤ ਸਾਰੇ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਣ ਵਿੱਚ ਮਦਦ ਮਿਲੇਗੀ। ਪੰਜਾਬ ਕਾਂਗਰਸ ਪ੍ਰਧਾਨ ਨੇ ਇਹ ਮੰਗ ਅਜਿਹੇ ਮੌਕੇ ਕੀਤੀ ਹੈ ਜਦੋਂਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਦੇ ਇਤਿਹਾਸਕ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦਾ ਫੈਸਲਾ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਕਰਨਾਲ ਲਾਠੀਚਾਰਜ ਖਿਲਾਫ਼ ਗੁੱਸਾ ਵਧਿਆ
Next articleParalympics roundup: 5 medals as shooter Avani claims historic gold