ਚੱਲ ਯਾਰ ਛੱਡ ਆਪਾਂ ਕੀ ਲੈਣਾ ?

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਬੁੱਧ ਚਿੰਤਨ /ਬੁੱਧ ਸਿੰਘ ਨੀਲੋੰ/

‘ਕੀ ਸਿਫਤ ਕਰਾਂ ਪੰਜਾਬ ਤੇਰੀ’
ਇਹ ਗੀਤ ਆਸਾ ਸਿੰਘ ਮਸਤਾਨਾ ਜੀ ਦਾ ਅਕਸਰ ਰੇਡੀਓ ਉਤੇ ਵੱਜਦਾ ਹੁੰਦਾ ਸੀ। ਉਹ ਬੀਤ ਗਏ ਇਤਿਹਾਸ ਦੀਆਂ ਸਿਫਤਾਂ ਕਰਦਾ ਹੈ। ਸਾਡੇ ਪੁਰਖਿਆਂ ਨੇ ਜਿਹੜੀਆਂ ਤੇਗਾਂ ਮਾਰੀਆਂ ਹਨ। ਉਹਨਾਂ ਤੇ ਅਸੀਂ ਮਾਣ ਕਰਦੇ ਹਾਂ
ਪਰ ਹੁਣ ਕੀ ਕਰਦੇ ਹਾਂ ?
ਹਰ ਤਰ੍ਹਾਂ ਦਾ ਧੰਦਾ, ਮਿਲਾਵਟਖੋਰੀ, ਹੇਰਾਫੇਰੀ , ਲੁੱਟਮਾਰ ਤੇ ਧੋਖਾਧੜੀ। ਕੌਣ ਹਨ ,ਉਹ ਜੋ ਇਹ ਅਣਮਨੁੱਖੀ ਧੰਦਾ ਕਰਦੇ ਹਨ ? ਉਹ ਕੋਈ ਵਿਦੇਸ਼ੀ ਨਹੀਂ ਹਨ ਤੇ ਉਹ ਤੁਹਾਡੇ ਤੇ ਸਾਡੇ ਹੀ ਭਾਈਚਾਰੇ ਦੇ ਹਨ। ਕਿਸ ਦਾ ਕਿਸ ਨੂੰ ਪਤਾ ਨਹੀਂ ਕਿ ਉਹ ਕੀ ਧੰਦਾ ਕਰਦਾ ਹੈ? ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੇ ਇਥੋਂ ਤੱਕ ਮੀਡੀਏ ਤੇ ਪੁਲਿਸ ਨੂੰ ਪਤਾ ਹੈ। ਸਭ ਚੁੱਪ ਹਨ. ਚੁੱਪ ਇਸ ਕਰਕੇ ਸਭ ਦੀ ਹਿੱਸੇਦਾਰੀ ਹੈ। ਥੱਲੇ ਤੋਂ ਉਪਰ ਤੱਕ ਹਿੱਸਾ ਜਾਂਦਾ ਹੈ। ਜਦ ਵੀ ਹਿੱਸੇ ਦੀ ਸਪਲਾਈ ਟੁੱਟ ਦੀ ਹੈ ਉਸ ਵੇਲੇ ਹੀ ਕਾਰੋਬਾਰ ਉਤੇ ਛਾਪਾ ਪੈ ਜਾਂਦਾ ਹੈ। ਹੁਣ ਤੱਕ ਜਿੰਨੇ ਵੀ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਫੜੇ ਹਨ ਤੇ ਸਭ ਦੀਆਂ ਪੈੜਾਂ ਉਪਰ ਤੱਕ ਜਾਂਦੀਆਂ ਹਨ। ਜਦੋਂ ਵੀ ਕੋਈ ਪੈੜ ਕਿਸੇ ਵੱਡੇ ਦੇ ਘਰ ਤੱਕ ਜਾਣ ਦੀ ਖਬਰ ਆਉਦੀ ਹੈ। ਸਰਕਾਰ ਜਦੇ ਹੀ ਸਪੈਸ਼ਲ ਜਾਂਚ ਕਮੇਟੀ (ਸਿਟ) ਬਣਾ ਦੇਦੀ ਹੈ। ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਲਈ ਇਹ ਵੀ ਇਕ ਕਾਰੋਬਾਰ ਹੀ ਹੈ। ਜਦੋਂ ਲੋਕ ਸਵਾਲ ਕਰਦੇ ਹਨ ਤਾਂ ਜਵਾਬ ਹੁੰਦਾ ਹੈ..” ਜਾਂਚ ਚੱਲ ਰਹੀ ਹੈ..ਦੋਸ਼ੀ ਬਖਸ਼ੇ ਨਹੀਂ ਜਾਣਗੇ. ਭਾਵੇਂ ਕੋਈ ਵੀ ਵੱਡਾ ਸਿਆਸਤਦਾਨ ਜਾਂ ਅਫਸਰ ਹੋਵੇ.।””
ਕਿਸ ਕੇਸ ਦੀ ਜਾਂਚ ਹੋਈ ਹੈ. ? ਬਰਗਾੜੀ ਤੇ ਬਹਿਬਲ ਕਲਾਂ ਕੇਸ ਦੀ ਜਾਂਚ ਰਿਪੋਰਟ ਅਗਲਿਆਂ ਨੇ ਮਾਣਯੋਗ ਹਾਈਕੋਰਟ ਤੋਂ ਜਾਂਚ ਰੱਦ ਕਰਵਾ ਦਿੱਤੀ । ਲੋਕਾਂ ਨੂੰ ਦੱਸਿਆ ਤੇ ਪੜ੍ਹਾਇਆ ਜਾਂਦਾ ਹੈ ਕਿ ” ਕਾਨੂੰਨ ਦੇ ਹੱਥ ਬਹੁਤ ਲੰਮੇ ਹੁੰਦੇ ਹਨ। ”
ਪਰ ਹੁੰਦਾ ਸਭ ਕੁੱਝ ਉਲਟ ਹੈ। ਕਾਨੂੰਨ ਪੁਲਿਸ ਅਦਾਲਤ ਤੇ ਜੇਲ੍ਹ ਤਾਂ ਗਰੀਬ ਲੋਕਾਂ ਦੀ ਖੱਜਲ ਖੁਆਰੀ ਲਈ ਹਨ।
ਕਾਰਜ ਪਾਲਿਕਾ, ਵਿਧਾਨ ਪਾਲਿਕਾ. ਨਿਆਂ ਪਾਲਿਕਾ ਤੇ ਮੀਡੀਆ ਜਿਸ ਨੂੰ ਲੋਕਤੰਤਰ ਦੇ ਚਾਰ ਥੰਮ੍ਹ ਕਿਹਾ ਜਾਂਦਾ ਹੈ । ਜੇ ਇਹਨਾਂ ਦਾ ਅਸਲੀ ਸੱਚ ਦੇਖਣਾ ਹੈ ਤਾਂ ਮਿੱਤਰ ਸੈਨ ਮੀਤ ਦੇ ਚਾਰ ਨਾਵਲ ” ਕਟਹਿਰਾ..ਤਫਤੀਸ਼..ਕੌਰਵ ਸਭਾ ਤੇ ਸੁਧਾਰ ਘਰ ” ਪੜ੍ਹ ਲਵੋ।
ਪਰ ਅਸੀਂ ਸਾਹਿਤ ਨਹੀਂ ਪੜ੍ਹਦੇ । ਸਾਡੇ ਘਰਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਵਸਤੂਆਂ ਹਨ ਪਰ ਕਿਤਾਬਾਂ ਨਹੀਂ । ਕਿਤਾਬਾਂ ਪੜ੍ਹਨ ਨਾਲ ਗਿਆਨ ਆਵੇਗਾ ਤੇ ਹੱਕਾਂ ਦਾ ਪਤਾ ਲੱਗੇਗਾ ਪਰ ਅਸੀਂ ਕੀ ਲੈਣਾ ਹੈ ਗਿਆਨ ਤੋਂ ?
ਪੰਜਾਬ ਦੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ। ਕਿਉਂਕਿ ਸਾਡਾ ਸ਼ਬਦ ਗੁਰੂ ਹੈ। ਕਦੇ ਕਿਸੇ ਨੇ ਉਸ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕੀਤਾ ? ਕਦੇ ਵੀ ਨਹੀਂ ।
ਅਸੀਂ ਆਪਣੇ ਘਰਾਂ ਦੇ ਵਿਚੋਂ ਆਪਣੀ ਮਾਂ ਬੋਲੀ ਪੰਜਾਬੀ ਤੇ ਸਿੱਖੀ ਨੂੰ ਬੇਦਾਵਾ ਦੇ ਦਿੱਤਾ ਹੈ।
ਕੁੜੀਆਂ ਦੇ ਸਿਰ ਤੋਂ ਚੁੰਨੀ ਤੇ ਮੁੰਡਿਆਂ ਦੇ ਸਿਰ ਤੋਂ ਪੱਗ ਗਵਾਚ ਗਈ। ਅਸੀਂ ਆਪਣੇ ਘਰਾਂ ਦੇ ਵਿੱਚ ਹਿੰਦੀ ਤੇ ਅੰਗਰੇਜ਼ੀ ਬੋਲਦੇ ਹਾਂ। ਗੀਤ ਗਾਉਦੇ ਕਿ ਸਾਨੂੰ ਮਾਣ ਪੰਜਾਬੀ ਤੇ ਪੰਜਾਬ ਦੇ ਉਪਰ ।
ਬੱਲੇ ਮਾਂ ਦੇ ਸ਼ੇਰੋ…ਨਹੀਂ ਰੀਸਾਂ ਤੇ ਸਿਫਤਾਂ ਤੁਹਾਡੀਆਂ।
ਪਹਿਲਾਂ ਵੱਡੇ ਘਰਾਂ ਦੇ ਕਾਕਿਆਂ ਨੇ ਪੰਜਾਬ ਤੇ ਚੰਡੀਗੜ੍ਹ ਵਿੱਚ ਗੰਦ ਪਾਇਆ ਸੀ ਤੇ ਹੁਣ ਕੈਨੇਡਾ ਵਿੱਚ ਪਾ ਰਹੇ ਹਨ। ਬਦਨਾਮ ਪੰਜਾਬੀ ਕੌਮ ਹੋ ਰਹੀ ਹੈ। ਪੰਜਾਬ ਦੇ ਵਿੱਚ ਵੱਡੇ ਅਫਸਰਾਂ ਤੇ ਜਾਗੀਰਦਾਰਾਂ ਦੇ ਇਹ ਵਿਗੜੇ ਮੁੰਡੇ ਹਨ। ਕੈਨੇਡਾ ਪੁਲਿਸ ਨੇ ਪਹਿਲਾਂ ਨਸ਼ਾ ਤਸ਼ਕਰ ਤੇ ਹੁਣ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਫੜੇ ਹਨ। ਇਹ ਸੱਚ ਹੈ ਕਿ ਕੈਨੇਡਾ ਦੇ ਵਿੱਚ ਕਾਨੂੰਨ ਦੇ ਸਖਤ ਹੋਣ ਦੇ ਬਾਵਜੂਦ ਉਥੇ ਦੋ ਨੰਬਰ ਦਾ ਕਾਰੋਬਾਰ ਪੰਜਾਬੀ ਕਰਦੇ ਹਨ। ਇਧਰ ਹੁਣ ਪੰਜਾਬ ਨੂੰ ਫੇਰ ਤੋਂ ਬਲਦੀ ਦੇ ਬੂਥੇ ਧੱਕਣ ਲਈ ਨਵੇਂ ਹਥਿਆਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗੁਰਦਾਸ ਮਾਨ ਨੇ ਬਿਆਨ ਗੁਰੂ ਸਾਹਿਬ ਬਾਰੇ ਅਚਾਨਕ ਨਹੀਂ ਦਿੱਤਾ. ਸਗੋਂ ਸਾਜਿਸ਼ ਅਧੀਨ ਦੁਸ਼ਮਣ ਨੇ ਟੀਕਾ ਲਾ ਕੇ ਦੇਖਿਆ ਹੈ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਅੰਦਰ ਕਿੰਨਾ ਕੁ ਗੁਰੂ ਸਾਹਿਬਾਨਾਂ ਬਾਰੇ ਸਤਿਕਾਰ ਹੈ?
ਸੋਚੋ ਜਰਾ ਕੁ !
ਬਾਦਲਕਿਆਂ ਦੇ ਰਾਜ ਵਿੱਚ ਕੀ ਨਹੀਂ ਹੋਇਆ ? ਸਭ ਨੂੰ ਪਤਾ ਹੈ ਕਿ ਕਿਸ ਨੇ ਕੀ ਕਰਵਾਇਆ ? ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚੋਂ 235 ਸਰੂਪ ਗਾਇਬ ਹੋਏ ਤੇ 285 ਦੇ ਕੁਰੀਬ ਬੇਅਦਬੀ ਦੀਆਂ ਘਟਨਾਵਾਂ ਹੋਈਆਂ । ਕੀ ਹੋਇਆ …ਗੋਗਲੂਆਂ ਤੋਂ ਮਿੱਟੀ ਝਾੜਣ ਤੋਂ ਵਗੈਰ?
ਅਸੀਂ ਸੋਸ਼ਲ ਮੀਡੀਆ ਤੇ ਬੀਤੇ ਇਤਿਹਾਸ ਦੇ ਹਵਾਲੇ ਦੇਦੇ ਹਾਂ ਕਿ ਅਸੀਂ ਬੜੇ ਬਹਾਦਰ ਹਾਂ ! ਸ਼ਹੀਦਾਂ ਦੇ ਵਾਰਿਸ ਹਾਂ । ਕੀ ਅਸੀਂ ਬਹਾਦਰ ਹਾਂ ?
ਬਿਲਕੁੱਲ ਬਹਾਦੁਰ ਹਾਂ ਜੇ ਇਹਨਾਂ ਬਹਾਦੁਰ ਨੌਜਵਾਨਾਂ ਦਾ ਸੱਚ ਦੇਖਣਾ ਹੈ ਤਾਂ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਖੁਲ੍ਹੇ ਬੇਬੀ ਟਿਊਬ ਹਸਪਤਾਲਾਂ ਦੇ ਜਾ ਕੇ ਦੇਖੋ.? ਅਦਾਲਤਾਂ ਦੇ ਵਿੱਚ ਚੱਲ ਰਹੇ ਤਲਾਕ ਦੇ ਕੇਸਾਂ ਦਾ ਅੰਦਰਲਾ ਸੱਚ ਜਾਣੋ।
ਸੱਚ ਤੋਂ ਪਾਸਾ ਤਾਂ ਵੱਟਿਆ ਜਾ ਸਕਦਾ ਹੈ ਪਰ ਲੁਕਾਇਆ ਨਹੀਂ ਜਾ ਸਕਦਾ । .
ਹੁਣ ਕੌਣ ਕਰੂਗਾ ਸਿਫਤ ਸਾਡੇ ਯੋਧਿਆਂ ਦੀ. ਜੋ ਦੁਕੀ ਤਿੱਕੀ ਜਿਹੇ ਫੁਕਰੇ ਗਾਇਕਾਂ ਦੇ ਗੀਤਾਂ ਤੇ ਟਪੂਸੀਆਂ ਮਾਰਦੇ ਹਨ?
ਜਿਹਨਾਂ ਦੀਆਂ ਰਗਾਂ ਦੇ ਵਿੱਚ ਸਾਡੇ ਵਿਰਾਸਤ ਦੇ ਯੋਧਿਆਂ ਦਾ ਖੂਨ ਚੱਲਦਾ ਹੈ ਉਹ ਸੰਘਰਸ਼ ਦੇ ਰਾਹ ਉਤੇ ਹਨ ਤੇ ਬਾਕੀ ਆਪਣੇ ਕੈਰੀਅਰ ਬਣਾਉਣ ਲਈ ਵਿਦੇਸ਼ਾਂ ਨੂੰ ਭੱਜ ਰਹੇ ਹਨ। ਪੰਜਾਬ ਦੇ ਵਿੱਚ ਗੈਰ ਪੰਜਾਬੀ ਦਿਨੋ ਦਿਨ ਹੜ੍ਹ ਵਾਂਗੂੰ ਆ ਰਹੇ ਹਨ। ਕੀ ਬਣੂੰਗਾ ਪੰਜਾਬ ਦਾ ?
ਯਾਰ…ਛੱਡ ਪਰੇ…ਆਪਾਂ ਵੀ ਕੀ ਲੈਣਾ ਹੈ।..

ਬੁੱਧ ਸਿੰਘ ਨੀਲੋਂ
9464370823

Previous articleGlobal Covid-19 caseload tops 215.9 mn
Next article“The Daughters of the UAE”, partners in the UAE’s successful journey