ਸਿੰਘੂ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਵੱਲੋਂ ਕੇਐੱਮਪੀ ਐਕਸਪ੍ਰੈੱਸਵੇਅ ਜਾਮ

ਨਵੀਂ ਦਿੱਲੀ (ਸਮਾਜ ਵੀਕਲੀ) : ਕਰਨਾਲ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਹਰਿਆਣਾ ਪੁਲੀਸ ਵੱਲੋਂ ਲਾਠੀਚਾਰਜ ਕਰਨ ਦੀ ਸੰਯੁਕਤ ਕਿਸਾਨ ਮੋਰਚੇ ਨੇ ਨਿੰਦਾ ਕੀਤੀ ਅਤੇ ਹਰਿਆਣਾ ਦੀਆਂ ਸੜਕਾਂ ਜਾਮ ਕਰਨ ਦਾ ਐਲਾਨ ਕਰ ਦਿੱੱਤਾ। ਸਿੰਘੂ ਬਾਰਡਰ ’ਤੇ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਕੇਐੱਮਪੀ ਚੌਕ (ਰਾਈ) ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ਨੂੰ ਜਾਮ ਕਰ ਦਿੱਤਾ। ਕਿਸਾਨਾਂ ਨੇ ਟਰਾਲੀਆਂ ਟੇਢੀਆਂ ਖੜ੍ਹੀਆਂ ਕਰ ਕੇ ਸੜਕ ਰੋਕ ਦਿੱਤੀ। ਇਸ ਕਾਰਨ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕੇਐੱਮਪੀ ’ਤੇ ਡਟੇ ਕਈ ਕਿਸਾਨਾਂ ਨੇ ਦੋਸ਼ ਲਾਇਆ ਕਿ ਸ਼ਾਂਤਮਈ ਕਿਸਾਨਾਂ ਨੂੰ ਭੜਕਾਉਣ ਦੀ ਸਾਜ਼ਿਸ਼ ਤਹਿਤ ਲਾਠੀਚਾਰਜ ਕੀਤਾ ਗਿਆ। ਮੋਰਚੇ ਵੱਲੋਂ 30 ਅਗਸਤ ਨੂੰ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਦੀ ਬੈਠਕ ਸੱਦ ਲਈ ਗਈ ਹੈ ਜਿਸ ਵਿੱਚ ਅੱਜ ਦੇ ਲਾਠੀਚਾਰਜ ਮਗਰੋਂ ਬਣੇ ਹਾਲਾਤ ’ਤੇ ਚਰਚਾ ਕੀਤੀ ਜਾਵੇਗੀ ਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਮੋਰਚੇ ਨੇ ਵਕੀਲਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਹੈ ਜੋ ਜ਼ਖ਼ਮੀ ਕਿਸਾਨਾਂ ਦੀ ਐੱਮਐੱਲਸੀ ਕਟਵਾਉਣ ਤੇ ਪੁਲੀਸ ਖ਼ਿਲਾਫ਼ ਮਾਮਲੇ ਦਰਜ ਕਰਵਾਉਣ ਦੀ ਚਾਰਾਜ਼ੋਈ ਕਰਨ।

ਕੁਰੂਕਸ਼ੇਤਰ, ਅੰਬਾਲਾ, ਜੀਂਦ, ਰੇਵਾੜੀ, ਨਰਵਾਣਾ, ਫਤਿਹਾਬਾਦ, ਸਿਰਸਾ, ਕਿਤਲਾਣਾ ਟੌਲ, ਗੋਹਾਨਾ, ਰੋਹਤਕ, ਭਿਵਾਨੀ ਤੇ ਹੋਰ ਥਾਵਾਂ ਉੱਪਰ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਜੋ ਦੇਰ ਸ਼ਾਮ ਸਾਢੇ 7 ਵਜੇ ਖੋਲ੍ਹੀਆਂ ਗਈਆਂ। ਉੱਤਰਾਖੰਡ ਦੇ ਬਾਜਪੁਰ ਤੇ ਹੋਰ ਥਾਵਾਂ ਉਪਰ ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ’ਚ ਪ੍ਰਦਰਸ਼ਨ ਕੀਤੇ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਰਨਾਲ ’ਚ ਪੁਲੀਸ ਅਧਿਕਾਰੀ ਦਾ ਪੁਲੀਸ ਨੂੰ ‘ਸਿਰ ਤੋੜਨ’ ਦੀ ਹਦਾਇਤ ਦੇਣ ਦਾ ਵੀਡੀਓ ਵਾਇਰਲ ਹੋਇਆ ਜੋ ਬੇਹੱਦ ਨਿੰਦਣਯੋਗ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਮਾਚਲ ’ਚ ਟਿਕੈਤ ਦੀ ਆੜ੍ਹਤੀ ਨਾਲ ਤਿੱਖੀ ਬਹਿਸ
Next articleਹਮ ਆਹ ਭੀ ਭਰਤੇ ਹੈਂ ਤੋ, ਹੋ ਜਾਤੇ ਹੈਂ ਬਦਨਾਮ, ਵੋਹ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ: ਤਿਵਾੜੀ