ਚੰਡੀਗਡ੍ਹ (ਸਮਾਜ ਵੀਕਲੀ) : ਕਰਨਾਲ ਵਿੱਚ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਕਿਸਾਨਾਂ ਨੇ ਰਾਜਪੁਰਾ ਨੇੜਲੇ ਸ਼ੰਭੂ ਟੌਲ ਬੈਰੀਅਰ, ਸੂਰਜਪੁਰ ਨੇੜਲੇ ਜ਼ੀਰਕਪੁਰ-ਕਾਲਕਾ ਟੌਲ ਪਲਾਜ਼ਾ ਨੂੰ ਜਾਮ ਕਰ ਦਿੱਤਾ ਜਿਸ ਕਾਰਨ ਅੱਜ ਸ਼ਾਮ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਤੋਂ ਇਲਾਵਾ ਕਿਸਾਨਾਂ ਨੇ ਰੋਹਤਕ-ਪਾਣੀਪਤ ਹਾਈਵੇਅ ਵੀ ਜਾਮ ਕਰ ਦਿੱਤਾ ਹੈ ਜਿਸ ਕਾਰਨ ਹਰਿਆਣਾ ਰੋਡਵੇਜ਼ ਨੇ ਜ਼ਿਆਦਾਤਰ ਥਾਵਾਂ ’ਤੇ ਆਪਣੀ ਬੱਸ ਸੇਵਾ ਬੰਦ ਕਰ ਦਿੱਤੀ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਸੂਬੇ ਵਿਚਲੀਆਂ ਸੜਕਾਂ ਜਾਮ ਕਰਨ ਲਈ ਕਿਹਾ ਹੈ ਜਿਸ ਤੋਂ ਬਾਅਦ ਕਿਸਾਨਾਂ ਦਾ ਵਿਰੋਧ ਜਾਰੀ ਹੈ।
ਕਿਸਾਨਾਂ ’ਤੇ ਹਰਿਆਣਾ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਅੱਜ ਸ਼ੰਭੂ ਬਾਰਡਰ ਨਜ਼ਦੀਕ ਬਣੇ ਟੋਲ ਪਲਾਜ਼ਾ ‘ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ । ਪੁਲੀਸ ਨੇ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਦਿੱਲੀ ਵੱਲ ਜਾਣ ਵਾਲੀ ਆਵਾਜਾਈ ਨੂੰ ਵਾਇਆ ਬਨੂੜ- ਡੇਰਾਬਸੀ ਭੇਜਣਾ ਸ਼ੁਰੂ ਕਰ ਦਿੱਤਾ।
ਦੂਜੇ ਪਾਸੇ ਵੱਡੀ ਗਿਣਤੀ ਕਿਸਾਨ ਚੰਡੀਮੰਦਰ ਟੌਲ ਪਲਾਜ਼ਾ ’ਤੇ ਇਕੱਠੇ ਹੋਏ ਤੇ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਪੁਲੀਸ ਨੇ ਟੌਲ ਪਲਾਜ਼ਾ ਖੇਤਰ ਨੂੰ ਸਾਰੇ ਪਾਸਿਉਂ ਘੇਰ ਲਿਆ। ਇਸ ਤੋਂ ਇਲਾਵਾ ਕਿਸਾਨਾਂ ਨੇ ਬਰਵਾਲਾ ਵਿਚ ਨੱਗਲ ਟੌਲ ਪਲਾਜ਼ਾ ’ਤੇ ਵੀ ਟਰੈਫਿਕ ਜਾਮ ਕੀਤਾ। ਕਿਸਾਨਾਂ ਨੇ ਜ਼ੀਰਕਪੁਰ-ਕਾਲਕਾ ਟੌਲ ਪਲਾਜ਼ਾ ਸੂਰਜਪੁਰ ਉੱਤੇ ਟ੍ਰੈਫਿਕ ਜਾਮ ਕਰ ਦਿੱਤਾ। ਕਰਨਾਲ ਦੇ ਕਿਸਾਨਾਂ ਉੱਤੇ ਲਾਠੀਚਾਰਜ ਦੀ ਖ਼ਬਰ ਸੁਣਦੇ ਸਾਰ ਇਹ ਕਿਸਾਨ ਪੰਚਕੂਲਾ ਦੇ ਚੰਡੀਮੰਦਰ ਟੌਲ ਪਲਾਜ਼ਾ (ਸੂਰਜਪੁਰ) ਵਿਖੇ ਇਕੱਠੇ ਹੋ ਗਏ ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨ ਆਗੂ ਕਰਮ ਸਿੰਘ ਨੇ ਦੱਸਿਆ ਕਿ ਰਾਜ ਸਰਕਾਰ ਨੇ ਕਿਸਾਨਾਂ ਨਾਲ ਵਧੀਕੀ ਕੀਤੀ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਹਜ਼ਾਰਾਂ ਵਾਹਨ ਜਾਮ ਵਿੱਚ ਫਸ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly