ਨਵੀਂ ਦਿੱਲੀ (ਸਮਾਜ ਵੀਕਲੀ): ਤਾਲਿਬਾਨ ਨੇ ਅੱਜ 150 ਭਾਰਤੀ ਨਾਗਰਿਕਾਂ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਤੋਂ ਕਥਿਤ ਤੌਰ ’ਤੇ ਅਗ਼ਵਾ ਕਰ ਲਿਆ। ਬਾਅਦ ’ਚ ਤਾਲਿਬਾਨ ਨੇ ਸਪੱਸ਼ਟ ਕੀਤਾ ਕਿ ਭਾਰਤੀਆਂ ਨੂੰ ਅਗ਼ਵਾ ਨਹੀਂ ਕੀਤਾ ਗਿਆ ਹੈ ਸਗੋਂ ਦਸਤਾਵੇਜ਼ਾਂ ਦੀ ਜਾਂਚ ਲਈ ਉਨ੍ਹਾਂ ਨੂੰ ਹਵਾਈ ਅੱਡੇ ਨੇੜਲੇ ਅਲੋਕੋਜ਼ਾਈ ਪਰਿਸਰ ’ਚ ਲਿਆਂਦਾ ਗਿਆ ਸੀ। ਤਾਲਿਬਾਨ ਨੇ ਬਾਅਦ ’ਚ ਭਾਰਤੀ ਨਾਗਰਿਕਾਂ ਨੂੰ ਛੱਡ ਦਿੱਤਾ ਅਤੇ ਉਹ ਹਵਾਈ ਅੱਡੇ ਵੱਲ ਰਵਾਨਾ ਹੋ ਗਏ। ਅਫ਼ਗਾਨ ਪੱਤਰਕਾਰ ਜ਼ਾਕੀ ਦਰਯਾਬੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਭਾਰਤੀ ਨਾਗਰਿਕਾਂ ਨੂੰ ਛੱਡ ਦਿੱਤਾ ਗਿਆ ਹੈ।
ਰਿਪੋਰਟਾਂ ’ਚ ਕਿਹਾ ਗਿਆ ਕਿ ਭਾਰਤੀਆਂ ਨੂੰ ਦਸਤਾਵੇਜ਼ਾਂ ਦੀ ਜਾਂਚ ਲਈ ਅਲੋਕੋਜ਼ਾਈ ਪਰਿਸਰ ’ਚ ਲਿਜਾਇਆ ਗਿਆ ਕਿਉਂਕਿ ਹਵਾਈ ਅੱਡੇ ’ਤੇ ਬਹੁਤ ਭੀੜ ਸੀ। ਇਸ ਤੋਂ ਪਹਿਲਾਂ ਅਫ਼ਗਾਨ ਮੀਡੀਆ ਨੇ ਕਿਹਾ ਸੀ ਕਿ ਤਾਲਿਬਾਨ ਨਾਲ ਜੁੜੇ ਵਿਅਕਤੀਆਂ ਨੇ 150 ਤੋਂ ਜ਼ਿਆਦਾ ਲੋਕਾਂ ਨੂੰ ਅਗ਼ਵਾ ਕਰ ਲਿਆ ਹੈ ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਹਨ। ਸਥਾਨਕ ਅਖ਼ਬਾਰ ‘ਕਾਬੁਲ ਨਾਓ’ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਤਾਲਿਬਾਨ ਨੇ ਭਾਰਤੀ ਨਾਗਰਿਕਾਂ ਨੂੰ ਅਗ਼ਵਾ ਕਰਨ ਦੀਆਂ ਰਿਪੋਰਟਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਅਫ਼ਵਾਹ ਹੈ। ਤਾਲਿਬਾਨ ਦੇ ਤਰਜਮਾਨ ਅਹਿਮਦਉੱਲ੍ਹਾ ਵਾਸੇਕ ਨੇ ਕਿਹਾ,‘‘ਤਾਲਿਬਾਨ ਦੇ ਮੈਂਬਰ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਤੱਕ ਪਹੁੰਚਾਉਣ ’ਚ ਸਹਾਇਤਾ ਕਰ ਰਹੇ ਹਨ। ਅਸੀਂ ਸਾਰੇ ਵਿਦੇਸ਼ੀਆਂ ਨੂੰ ਸੁਰੱਖਿਅਤ ਰਾਹ ਦੇਣ ਲਈ ਵਚਨਬੱਧ ਹਾਂ।’’
ਖ਼ਬਰ ਏਜੰਸੀ ਸਿਨਹੁਆ ਮੁਤਾਬਕ ਵਾਸੇਕ ਨੇ ਕਿਹਾ ਕਿ ਤਾਲਿਬਾਨ 150 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਹਵਾਈ ਅੱਡੇ ਅੰਦਰ ਦਾਖ਼ਲ ਕਰਵਾਉਣ ’ਚ ਸਹਾਇਤਾ ਕਰ ਰਹੇ ਹਨ। ਇਸ ਦੌਰਾਨ ਭਾਰਤ ਸਰਕਾਰ ਨੇ ਅੱਜ ਕਿਹਾ ਕਿ ਉਹ ਕਾਬੁਲ ਹਵਾਈ ਅੱਡੇ ’ਤੇ ਫਸੇ ਭਾਰਤੀਆਂ, ਜਿਨ੍ਹਾਂ ਨੂੰ ਤਾਲਿਬਾਨ ਨੇ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲੈਣ ਮਗਰੋਂ ਰਿਹਾਅ ਕਰ ਦਿੱਤਾ ਹੈ, ਨੂੰ ਜਲਦੀ ਹੀ ਉਥੋਂ ਵਾਪਸ ਲੈ ਆਏਗਾ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ ਨਜ਼ਦੀਕ ਹੀ ਉਡੀਕ ਕਰਨ ਲਈ ਕਿਹਾ ਹੈ। ਉਧਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜਰਮਨੀ ਦੇ ਹਮਰੁਤਬਾ ਹਾਈਕੋ ਮਾਸ ਨਾਲ ਗੱਲਬਾਤ ਕਰਕੇ ਅਫ਼ਗਾਨਿਸਤਾਨ ’ਚ ਵਾਪਰ ਰਹੀਆਂ ਘਟਨਾਵਾਂ ਅਤੇ ਕਾਬੁਲ ’ਚੋਂ ਲੋਕਾਂ ਨੂੰ ਕੱਢਣ ਸਬੰਧੀ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਭਾਰਤ, ਅਮਰੀਕਾ ਅਤੇ ਇੰਗਲੈਂਡ ਸਮੇਤ ਹੋਰ ਮੁਲਕਾਂ ਦੇ ਸੰਪਰਕ ’ਚ ਵੀ ਹੈ ਤਾਂ ਜੋ ਭਾਰਤੀਆਂ ਦੀ ਸੁਰੱਖਿਅਤ ਵਤਨ ਵਾਪਸੀ ਯਕੀਨੀ ਬਣਾਈ ਜਾ ਸਕੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly