ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਥੇ ਹੋਈ ਇਕ ਦੁਵੱਲੀ ਬੈਠਕ ਵਿਚ ਅਫ਼ਗਾਨਿਸਤਾਨ ਦੀ ਸਥਿਤੀ ਉਤੇ ਵਿਚਾਰ-ਚਰਚਾ ਕੀਤੀ ਹੈ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਸੱਤਾ ਉਤੇ ਕਾਬਜ਼ ਹੋਣ ਮਗਰੋਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਰਨਲ ਅੰਤੋਨੀਓ ਗੁਟੇਰੇਜ਼ ਨਾਲ ਵੀ ਜੈਸ਼ੰਕਰ ਨੇ ਇਹ ਪਹਿਲੀ ਬੈਠਕ ਕੀਤੀ। ਜੈਸ਼ੰਕਰ ਸੋਮਵਾਰ ਨਿਊਯਾਰਕ ਪੁੱਜੇ ਸਨ ਕਿਉਂਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਅਫ਼ਗਾਨਿਸਤਾਨ ਬਾਰੇ ਹੰਗਾਮੀ ਬੈਠਕ ਕੀਤੀ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਇਸ ਵੇਲੇ ਕੌਂਸਲ ਦੀ ਪ੍ਰਧਾਨਗੀ ਭਾਰਤ ਕੋਲ ਹੈ। ਜੈਸ਼ੰਕਰ ਨੇ ਇਸ ਮੌਕੇ ਐਸਟੋਨੀਆ ਦੀ ਵਿਦੇਸ਼ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਸਲਾਮਤੀ ਕੌਂਸਲ ਦੇ ਮੈਂਬਰਾਂ ਵੱਜੋਂ ਦੋਵੇਂ ਮੁਲਕਾਂ ਨੇ ਸਮੁੰਦਰੀ ਤੇ ਸਾਈਬਰ ਸੁਰੱਖਿਆ ਅਤੇ ਹੋਰ ਆਲਮੀ ਮੁੱਦਿਆਂ ’ਤੇ ਮਿਲ ਕੇ ਕੰਮ ਕਰਨ ਉਤੇ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਮੁੱਦੇ ਉਤੇ ਵੀ ਚਰਚਾ ਕੀਤੀ ਗਈ। ਭਾਰਤ ਤੇ ਐਸਟੋਨੀਆ ਇਸ ਸਾਲ ਆਪਣੇ ਕੂਟਨੀਤਕ ਰਿਸ਼ਤਿਆਂ ਦੇ 30 ਵਰ੍ਹੇ ਪੂਰੇ ਕਰ ਰਹੇ ਹਨ।
ਜੈਸ਼ੰਕਰ ਅਮਰੀਕਾ ਵਿਚ ਇਸ ਹਫ਼ਤੇ ਸਲਾਮਤੀ ਕੌਂਸਲ ਨਾਲ ਜੁੜੇ ਦੋ ਉੱਚ ਪੱਧਰੀ ਸਮਾਗਮਾਂ ਦੀ ਅਗਵਾਈ ਕਰਨਗੇ। ਅਗਸਤ ਮਹੀਨੇ ਸਲਾਮਤੀ ਕੌਂਸਲ ਦੇ ਪ੍ਰਧਾਨ ਵਜੋਂ ਭਾਰਤ ਨੇ ਸਮੁੰਦਰੀ ਸੁਰੱਖਿਆ, ਅਤਿਵਾਦ ਤੇ ਸ਼ਾਂਤੀ ਬਰਕਰਾਰ ਰੱਖਣ ਉਤੇ ਧਿਆਨ ਕੇਂਦਰਤ ਕੀਤਾ ਹੈ। ਭਾਰਤੀ ਵਿਦੇਸ਼ ਮੰਤਰੀ ਬੁੱਧਵਾਰ ਨੂੰ ਇਕ ਖੁੱਲ੍ਹੀ ਚਰਚਾ ਦੀ ਪ੍ਰਧਾਨਗੀ ਕਰਨਗੇ ਜੋ ਕਿ ਤਕਨੀਕ ਤੇ ਸ਼ਾਂਤੀ-ਵਿਵਸਥਾ ਕਾਇਮ ਰੱਖਣ ਉਤੇ ਕੇਂਦਰਤ ਹੋਵੇਗੀ। ਉਹ ਗੁਟੇਰੇਜ਼ ਨਾਲ ਇਕ ਯਾਦਗਾਰ ਉਤੇ ਫੁੱਲ ਮਾਲਾਵਾਂ ਭੇਟ ਕਰਨਗੇ। ਭਾਰਤ ਤੇ ਸੰਯੁਕਤ ਰਾਸ਼ਟਰ ਇਕ ਸਮਝੌਤੇ ਉਤੇ ਵੀ ਸਹੀ ਪਾਉਣਗੇ। 19 ਅਗਸਤ ਨੂੰ ਜੈਸ਼ੰਕਰ ਇਕ ਹੋਰ ਉੱਚ ਪੱਧਰੀ ਸਮਾਗਮ ਵਿਚ ਸ਼ਾਮਲ ਹੋਣਗੇ ਜੋ ਕਿ ਅਤਿਵਾਦ ਦਾ ਟਾਕਰਾ ਕਰਨ ਬਾਰੇ ਹੋਵੇਗਾ। ਇਸ ਮੌਕੇ ਇਕ ਰਿਪੋਰਟ ਪੇਸ਼ ਕੀਤੀ ਜਾਵੇਗੀ ਜੋ ਕਿ ਅਤਿਵਾਦ ਤੇ ਦਹਿਸ਼ਤਗਰਦ ਸੰਗਠਨਾਂ ਤੋਂ ਪੈਦਾ ਹੋਏ ਖ਼ਤਰਿਆਂ ਨਾਲ ਸਬੰਧਤ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly