ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਕੋਵਿਡ ਮਹਾਂਮਾਰੀ, ਬੇਰੁਜ਼ਗਾਰੀ ਤੇ ਮਹਿੰਗਾਈ ਘਟਾਉਣ ’ਚ ਨਾਕਾਮ ਰਹੀਆਂ ਹਨ। ਕਾਂਗਰਸੀਆਂ ਨੇ ਭਾਜਪਾ ਦੀ ਜਨਆਸ਼ੀਰਵਾਦ ਯਾਤਰਾ ਤੇ ‘ਆਪ’ ਦੀ ਤਿਰੰਗਾ ਯਾਤਰਾ ਦੇ ਮਕਸਦ ’ਤੇ ਸਵਾਲ ਉਠਾਏ ਹਨ।
ਕਾਂਗਰਸੀ ਆਗੂਆਂ ਹਰੀ ਸ਼ੰਕਰ ਗੁਪਤਾ ਤੇ ਐਡਵੋਕੇਟ ਸੁਨੀਲ ਕੁਮਾਰ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਵਿਡ ਤਰਾਸਦੀ ਤੋਂ ਪ੍ਰਭਾਵਿਤ ਲੋਕ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਮੁਆਫ਼ ਨਹੀਂ ਕਰਨਗੇ।
ਸ੍ਰੀ ਹਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਭਾਜਪਾ ਦੀ ਜਨ ਅਸ਼ੀਰਵਾਦ ਯਾਤਰਾ ਇੱਕ ਧੋਖਾ ਅਤੇ ਪਖੰਡ ਹੈ। ਭਾਜਪਾ ਕੋਵਿਡ ਪ੍ਰਭਾਵਿਤ ਲੋਕਾਂ ਦੇ ਜ਼ਖਮਾਂ ‘ਤੇ ਲੂਣ ਛਿੜਕ ਰਹੀ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ‘ਆਪ’ ਨੂੰ ਤਿਰੰਗਾ ਯਾਤਰਾ ਦੀ ਬਜਾਇ ਪਛਤਾਵਾ ਯਾਤਰਾ ਕੱਢਣੀ ਚਾਹੀਦੀ ਹੈ। ਦਿੱਲੀ ਸਰਕਾਰ ਦੂਜੀ ਕੋਵਿਡ ਲਹਿਰ ਤੋਂ ਸਬਕ ਲੈ ਕੇ ਤੀਜੀ ਲਹਿਰ ਪ੍ਰਤੀ ਅਸੰਵੇਦਨਸ਼ੀਲ ਰਵੱਈਆ ਅਪਣਾ ਰਹੀ ਹੈ। ਮੁੱਖ ਮੰਤਰੀ ਤੇ ਉਪ ਰਾਜਪਾਲ ਕੋਵਿਡ ਦੀ ਤੀਜੀ ਲਹਿਰ ਦੀਆਂ ਤਿਆਰੀਆਂ ਲਈ ਇਕੱਠੇ ਕੰਮ ਕਰਨ ਦੀ ਬਜਾਇ ਵੱਖਰੀਆਂ ਮੀਟਿੰਗਾਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਆਕਸੀਜਨ ਪੈਦਾ ਕਰਨ ਵਾਲੇ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਭਾਰਤ ਵਿੱਚ ਆਕਸੀਜਨ ਦੀ ਘਾਟ ਕੇਂਦਰ ਸਰਕਾਰ ਦੀਆਂ ਅਸਫ਼ਲਤਾਵਾਂ ਅਤੇ ਮਾੜੇ ਪ੍ਰਬੰਧਾਂ ਨੂੰ ਬੇਨਕਾਬ ਕਰਦੀ ਹੈ। ਇਹ ਸਾਬਤ ਕਰਦਾ ਹੈ ਕਿ ਕੇਂਦਰ ਸਰਕਾਰ ਨੇ ਸੂਬਿਆਂ ਨਾਲ ਤਾਲਮੇਲ ਸਥਾਪਤ ਨਹੀਂ ਕੀਤਾ ਤੇ ਦੇਸ਼ ਵਿੱਚ ਆਕਸੀਜਨ ਸੰਕਟ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਗ਼ੈਰ-ਜ਼ਿੰਮੇਵਾਰਾਨਾ ਬਿਆਨ ਕਿ ਦੇਸ਼ ਵਿੱਚ ਕੋਵਿਡ ਕਾਰਨ ਤਿੰਨ ਲੱਖ ਮੌਤਾਂ ਹੋਈਆਂ ਹਨ ਜਦੋਂਕਿ ਵਿਸ਼ਵ ਦੇ ਵਿਗਿਆਨੀਆਂ ਅਤੇ ਮਾਹਿਰਾਂ ਦਾ ਅਨੁਮਾਨ ਹੈ ਕਿ ਕੋਵਿਡ ਕਾਰਨ 45-50 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਬਚਿਆ ਜਿਸ ਦਾ ਮੈਂਬਰ ਕੋਵਿਡ ਨਾਲ ਪ੍ਰਭਾਵਿਤ ਨਾ ਹੋਇਆ ਹੋਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly