ਨੌਕਰ ਪਟਵਾਰੀ ਕਮਾਈ ਸਰਕਾਰੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਮੌਜੂਦਾ ਪੰਜਾਬ ਸਰਕਾਰ ਘਰ ਘਰ ਨੌਕਰੀ ਦੇ ਵਾਅਦੇ ਕਰ ਕੇ ਕੁਰਸੀ ਤੇ ਬਿਰਾਜਮਾਨ ਹੋਈ ਸੀ,ਫੇਰ ਵਾਅਦੇ ਦੀ ਤੱਕੜੀ ਵਿੱਚ ਥੋੜ੍ਹਾ ਪਾਂਸਕੂ ਪਾ ਲਿਆ ਘਰ ਘਰ ਰੁਜ਼ਗਾਰ ਦਾ ਨਾਅਰਾ ਚਾਲੂ ਕਰ ਦਿੱਤਾ।ਹੋਰ ਬਹੁਤ ਸਾਰੇ ਵਾਅਦੇ ਸੌਹਾਂ ਖਾ ਕੇ ਕੀਤੇ ਗਏ ਦੁਨੀਆਂ ਸਾਰੀ ਜਾਣਦੀ ਹੈ ਯਾਦ ਕਰਕੇ ਦੁੱਖ ਨਹੀਂ ਸਾਡੀ ਬੇਵਕੂਫੀ ਤੇ ਹਾਸਾ ਆਉਂਦਾ ਹੈ ਕਿ ਅਸੀਂ ਲਾਰਿਆਂ ਬੋਤਲਾਂ ਤੇ ਥੋੜ੍ਹੇ ਪੈਸਿਆਂ ਪਿੱਛੇ ਹੀ ਆਪਣੀ ਕੀਮਤੀ ਵੋਟ ਦਾ ਘਾਣ ਕਰ ਦੇਂਦੇ ਹਾਂ ਮੌਜੂਦਾ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਚ ਕੁਝ ਹੀ ਮਹੀਨੇ ਬਾਕੀ ਹਨ ਪਰ ਵਾਅਦਾ ਕੀ ਕਿਸੇ ਕੰਮ ਦਾ ਡੱਕਾ ਨਹੀਂ ਤੋੜਿਆ ਗਿਆ ਆਪਣਿਆਂ ਅਹੁਦਿਆਂ ਤੇ ਕੁਰਸੀਆਂ ਦੀ ਲੜਾਈ ਵਿੱਚ ਪੂਰਾ ਸਮਾਂ ਖ਼ਰਾਬ ਕਰ ਦਿੱਤਾ।

ਵੋਟਾਂ ਨੇੜੇ ਆਈਆਂ ਤੇ ਆਪਣੀ ਕੁਰਸੀ ਦਾ ਫਿਕਰ ਤਾਂ ਹੁੰਦਾ ਹੈ “ਫੇਰ ਮਰਦੀ ਨੇ ਅੱਕ ਚੱਬਿਆ” ਮਾਲ ਵਿਭਾਗ ਦੇ ਪਟਵਾਰੀਆਂ ਲਈ ਅਸਾਮੀਆਂ ਕੱਢੀਆਂ ਗਈਆਂ ਜੋ ਸਿਰਫ਼ ਵਾਅਦਾ ਪੂਰਾ ਕਰਨ ਲਈ ਇਕ ਛੋਟੀ ਜਿਹੀ ਝਲਕ ਹੈ। ਪਟਵਾਰੀ ਭਰਤੀ ਕਰਨ ਲਈ ਕੁੱਲ ਗਿਣਤੀ 1152 ਹੈ ਪਰ ਬੇਰੁਜ਼ਗਾਰੀ ਦੀ ਮਾਰ ਕਰਕੇ ਦੋ ਸੌ ਗੁਣਾ ਵੱਧ 2 ਲੱਖ 33181 ਨੌਕਰੀ ਪ੍ਰਾਪਤ ਕਰਨ ਵਾਲਿਆਂ ਨੇ ਫਾਰਮ ਭਰੇ ਜਿਸ ਲਈ ਇੱਕ ਹਜਾਰ ਫ਼ੀਸ ਰੱਖੀ ਗਈ,ਕੁਝ ਰਾਖਵੀਆਂ ਸ਼੍ਰੇਣੀਆਂ ਲਈ ਫੀਸ ਘੱਟ ਸੀ ਪਰ ਜੇ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਸਰਕਾਰ ਨੇ 20 ਕਰੋੜ ਫੀਸ ਰਾਹੀਂ ਕਮਾਈ ਕੀਤੀ।

ਜੋ ਪਾਸ ਹੋ ਜਾਣਗੇ ਉਨ੍ਹਾਂ ਲਈ ਅਠਾਰਾਂ ਮਹੀਨੇ ਦੀ ਟ੍ਰੇਨਿੰਗ ਹੈ,ਇਸ ਸਮੇਂ ਦੌਰਾਨ ਤਨਖਾਹ ਸਿਰਫ਼ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।ਉਸ ਤੋਂ ਬਾਅਦ ਨਾ ਮਾਤਰ ਮੂੰਹ ਝੁਲਸਣ ਜੋਗੀ ਬੁਰਕੀ ਦੇ ਬਰਾਬਰ ਮਹੀਨੇ ਦੀ ਤਨਖਾਹ 19900 ਦਿੱਤੀ ਜਾਵੇਗੀ। “ਕੀ ਗੰਜੀ ਨਹਾਓ ਕੀ ਨਿਚੋੜੂ” ਪਤਾ ਨੀ ਕਰਮਚਾਰੀਆਂ ਦੀ ਬਹਾਲੀ ਘਰ ਤੋਂ ਕਿੰਨੀ ਦੂਰ ਜਾਂ ਨੇੜੇ ਹੋਵੇਗੀ,ਅਧਿਆਪਕਾਂ ਦੀ ਭਰਤੀ ਵੇਲੇ ਵੇਖਿਆ ਹੀ ਹੈ ਘਰ ਤੋਂ ਇੰਨੀ ਦੂਰ ਥਾਂ ਦਿੱਤੀ ਜਾਂਦੀ ਹੈ ਕਿ ਮਿਲਦੀ ਤਨਖ਼ਾਹ ਬੱਸ ਜਾਂ ਗੱਡੀ ਦੇ ਕਿਰਾਏ ਵਿੱਚ ਹੀ ਖ਼ਰਚ ਹੋ ਜਾਂਦੀ ਹੈ ਇਹੋ ਕੁਝ ਪਟਵਾਰੀਆਂ ਦੀ ਮਿਲਣ ਵਾਲੀ ਤਨਖਾਹ ਦੇ ਵਿਚ ਨਜ਼ਰ ਆਉਂਦਾ ਹੈ। ਪਟਵਾਰੀ ਦੀ ਆਸਾਮੀ ਲਈ ਬੀਏ ਪਾਸ ਅਕਾਦਮਿਕ ਸਿੱਖਿਆ ਰੱਖੀ ਗਈ ਸੀ ਪਰ ਇਸ ਵਿਚ ਐਮ ਫਿਲ ਤੇ ਪੀਐਚ ਡੀ ਪਾਸ ਵਿਦਿਆਰਥੀ ਇਮਤਿਹਾਨ ਦੇਣ ਵਿੱਚ ਸਾਮਲ ਸਨ ਕਿਉਂਕਿ ਬੇਰੁਜ਼ਗਾਰੀ ਪੰਜਾਬ ਵਿਚ ਹੱਦ ਬੰਨੇ ਪਾਰ ਕਰ ਚੁੱਕੀ ਹੈ।

ਇਮਤਿਹਾਨ ਦੇਣ ਲਈ ਜ਼ਿਲਾਵਾਰ ਵੇਖ ਕੇ ਸਹੀ ਵਿਦਿਆਰਥੀਆਂ ਲਈ ਚੋਣ ਨਹੀਂ ਕੀਤੀ ਗਈ ਬਠਿੰਡੇ ਵਾਲਾ ਵਿਦਿਆਰਥੀ ਮੋਹਾਲੀ ਪੇਪਰ ਦੇਣ ਜਾ ਰਿਹਾ ਹੈ।ਮੋਹਾਲੀ ਵਾਲਾ ਫਿਰੋਜ਼ਪੁਰ ਜਾਣੀ ਕਿ ਇਮਤਿਹਾਨ ਵਿਚ “ਉਲਟੀ ਗੰਗਾ ਪਹੋਏ ਵੱਲ ਨੂੰ ਚਲਦੀ ਨਜ਼ਰ ਆਈ ਹੈ” ਨਤੀਜਾ ਪਤਾ ਨੀ ਕੀ ਹੋਵੇਗਾ।ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ,ਹਜ਼ਾਰਾਂ ਦੀ ਗਿਣਤੀ ਵਿਚ ਬਹੁਤਿਆਂ ਨੂੰ ਸਹੀ ਸਮੇਂ ਤੇ ਇਮਤਿਹਾਨ ਦੇ ਕੇਂਦਰ ਦਾ ਸਹੀ ਪਤਾ ਨਹੀਂ ਦਿੱਤਾ ਗਿਆ ਬੱਸਾਂ ਭਰੀਆਂ ਹੋਈਆਂ ਸਨ ਸੈਂਕੜਿਆਂ ਨੂੰ ਬੱਸ ਹੀ ਨਹੀਂ ਮਿਲੀ ਹੋਰ ਕੋਈ ਪਹੁੰਚਣ ਦਾ ਇੰਤਜ਼ਾਮ ਨਹੀਂ ਸੀ ਸੋਸਲ ਮੀਡੀਆ ਤੇ ਪ੍ਰੈਸ ਵਿੱਚ ਸਾਰਿਆਂ ਨੇ ਖ਼ਬਰਾਂ ਵੇਖੀਆਂ ਹੀ ਹਨ।

ਪੰਜਾਬ ਸਰਕਾਰ ਨੇ ਜਦ ਭਾਰੀ ਰਕਮ ਫ਼ੀਸ ਵਸੂਲ ਕੀਤੀ ਸੀ ਕੀ ਇਮਤਿਹਾਨ ਦੇਣ ਵਾਲਿਆਂ ਦੇ ਕੇਂਦਰਾਂ ਦੀ ਸਹੀ ਚੋਣ ਜਾਂ ਕੇਂਦਰਾਂ ਤੇ ਪਹੁੰਚਾਣ ਦਾ ਆਪਣੇ ਵੱਲੋਂ ਢੁਕਵਾਂ ਇੰਤਜ਼ਾਮ ਕਰਨਾ ਚਾਹੀਦਾ ਸੀ।ਚਲੋ ਬਾਰਾਂ ਕੁ ਸੌ ਆਪਣੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੀ ਮਿਹਨਤ ਨਾਲ ਰੋਟੀ ਕਮਾ ਕੇ ਖਾਣ ਦਾ ਆਨੰਦ ਆ ਸਕਦਾ ਹੈ ਪਤਾ ਨੀ ਪੋਸਟਿੰਗ ਹੋਣ ਲਈ ਸਮਾਂ ਕਿੰਨਾ ਲੱਗੇਗਾ ਕਿਉਂਕਿ ਚੋਣਾਂ ਵਿਧਾਨ ਸਭਾ ਦੀਆਂ ਨੇੜੇ ਹੋਣ ਕਰ ਕੇ ਜ਼ਾਬਤਾ ਕਦੇ ਵੀ ਲਾਗੂ ਹੋ ਸਕਦਾ ਹੈ। ਮਾਲ ਵਿਭਾਗ ਹਰ ਰਾਜ ਸਰਕਾਰ ਦਾ ਕਮਾਈ ਦਾ ਚੰਗਾ ਸਾਧਨ ਹੁੰਦਾ ਹੈ ਪਰ ਇਸ ਵਾਰ ਤਾਂ ਫੀਸ ਵਿੱਚੋਂ ਹੀ ਸਰਕਾਰ ਨੇ ਮੋਟੀ ਕਮਾਈ ਕਰ ਲਈ, ਫੀਸ ਦੀ ਕਮਾਈ ਨੂੰ ਵੇਖ ਕੇ ਤਨਖ਼ਾਹ ਨਿਸਚਿਤ ਕਰ ਦਿੱਤੀ ਗਈ ਹੈ ਜੋ ਵਿਆਜ ਨਾਲ ਹੀ ਪੂਰੀ ਕਰ ਲਈ ਜਾਵੇਗੀ ਸਰਕਾਰ ਨੂੰ ਆਪਣੇ ਖਜ਼ਾਨੇ ਵਿੱਚੋਂ ਲੱਗਦਾ ਕੁਝ ਵੀ ਨਹੀਂ ਦੇਣਾ ਪਵੇਗਾ।

ਬਾਕੀ ਜਮ੍ਹਾਂ ਪੈਸਾ ਸਰਕਾਰ ਹੋਰ ਕਿਤੇ ਵੀ ਆਪਣੀ ਜ਼ਰੂਰਤ ਅਨੁਸਾਰ ਵਰਤ ਸਕਦੀ ਹੈ।ਇਸ ਇੱਕ ਮਹੀਨੇ ਵਿੱਚ ਕੁਝ ਅਧਿਆਪਕ ਤੇ ਮਾਲ ਪਟਵਾਰੀਆਂ ਦੀ ਭਰਤੀ ਲਈ ਪੰਜਾਬ ਸਰਕਾਰ ਨੇ ਛੋਟਾ ਉਪਰਾਲਾ ਕੀਤਾ ਹੈ ਇਸ ਨੂੰ ਸਹੀ ਰੰਗ ਦੇਣਾ ਚਾਹੀਦਾ ਹੈ ਤਾਂ ਜੋ ਹਰ ਵਿਭਾਗ ਦੇ ਕਰਮਚਾਰੀ ਆਪਣਾ ਸਹੀ ਰੂਪ ਵਿੱਚ ਕੰਮ ਸੰਭਾਲ ਸਕਣ ਅਧਿਆਪਕਾਂ ਦੀ ਹਰ ਵਰਗ ਵਿੱਚ ਬਹੁਤ ਕਮੀ ਹੈ ਇਹੋ ਕੁਝ ਸਾਰੇ ਅਦਾਰਿਆਂ ਵਿੱਚ ਸਰਕਾਰ ਨੇ ਵਾਅਦੇ ਅਨੇਕਾਂ ਕੀਤੇ ਰੋਟੀ ਦਾ ਜੁਗਾੜ ਤਾਂ ਆਪਣੇ ਬੇਰੁਜ਼ਗਾਰ ਨੌਜਵਾਨਾਂ ਲਈ ਕਰਨਾ ਹੀ ਬਣਦਾ ਹੈ। ਕਿਸਾਨ ਮਜ਼ਦੂਰ ਸੰਯੁਕਤ ਮੋਰਚੇ ਨੇ ਸੁੱਤੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਪੂਰਨ ਰੂਪ ਵਿੱਚ ਜਗਾ ਦਿੱਤਾ ਹੈ।ਸੰਯੁਕਤ ਮੋਰਚੇ ਨੇ ਇਕ ਸੱਚੀ ਬਿਆਨਬਾਜ਼ੀ ਰਾਜਨੀਤਕ ਪਾਰਟੀਆਂ ਲਈ ਕੀਤੀ ਸੀ ਜੋ ਹੁਣ ਪਾਰਲੀਮੈਂਟ ਦੇ ਸਾਹਮਣੇ ਖੜ੍ਹ ਕੇ ਕਿਸਾਨ ਮਜ਼ਦੂਰਾਂ ਦੇ ਹੱਕ ਵਿਚ ਢੰਡੋਰਾ ਪਿੱਟ ਰਹੀਆਂ ਹਨ।ਇਹ ਨਵੇਂ ਇਨਕਲਾਬ ਦੀ ਨਿਸ਼ਾਨੀ ਹੈ।

ਜਦੋਂ ਕਿਸਾਨਾਂ ਦੀ ਸੰਸਦ ਵਿਚ ਸਰੋਤੇ ਬਣ ਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਤੇ ਐੱਮਪੀਜ਼ ਨੇ ਸਰੋਤੇ ਬਣ ਕੇ ਵਿਚਾਰ ਸੁਣੇ।ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ ਰਾਜਨੀਤਕ ਪਾਰਟੀਆਂ ਨੂੰ ਅੱਖਾਂ ਕੰਨ ਖੋਲ ਲੈਣੇ ਚਾਹੀਦੇ ਹਨ ਦਿਲ ਨਾਲ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ।ਰਾਜ ਕਰ ਰਹੀ ਪਾਰਟੀ ਨੂੰ ਇਹ ਸਬਕ ਪੜ੍ਹ ਤੇ ਵੇਖ ਲੈਣਾ ਚਾਹੀਦਾ ਹੈ।ਸਿਹਤ ਸਿੱਖਿਆ ਤੇ ਰੁਜ਼ਗਾਰ ਸਭ ਲਈ ਜ਼ਰੂਰੀ ਹੈ।ਪੰਜਾਬ ਸਰਕਾਰ ਖਾਲੀ ਖਜ਼ਾਨੇ ਦੇ ਰਾਗ ਅਲਾਪਣਾ ਬੰਦ ਕਰੇ।ਪਟਵਾਰੀਆਂ ਦੀ ਭਰਤੀ ਵਿੱਚੋਂ ਸਰਕਾਰ ਨੇ ਮੋਟੀ ਕਮਾਈ ਕੀਤੀ ਹੈ ਬਾਕੀ ਨੌਕਰੀਆਂ ਵਿੱਚ ਵੀ ਅਜਿਹਾ ਕੀਤਾ ਜਾ ਸਕਦਾ ਹੈ।ਕਰੋੜਾਂ ਰੁਪਏ ਦੇ ਵਿਆਜ ਨਾਲ ਪਟਵਾਰੀਆਂ ਦੀ ਤਨਖਾਹ ਦਿੱਤੀ ਜਾਵੇਗੀ।ਇਸ ਮਹੀਨੇ ਵਿੱਚ ਜੋ ਰਾਜਨੀਤਕ ਪਾਰਟੀਆਂ ਨੇ ਇਨਕਲਾਬ ਦੀਆਂ ਨਿਸ਼ਾਨੀਆਂ ਵੇਖੀਆਂ ਹਨ,ਉਹ ਪੰਨਾ ਚੰਗੀ ਤਰ੍ਹਾਂ ਪੜ੍ਹ ਲਵੋ ਰੁਜ਼ਗਾਰ ਦੇ ਦਰਵਾਜ਼ੇ ਪੂਰਨ ਰੂਪ ਵਿੱਚ ਖੋਲ੍ਹੋ।ਪਟਵਾਰੀ ਹਾਲਾਂ ਨੌਕਰ ਬਣੇ ਨਹੀਂ ਪਰ ਤੁਹਾਨੂੰ ਪਹਿਲਾਂ ਹੀ ਕਮਾਈ ਕਰਕੇ ਦੇ ਦਿੱਤੀ ਇਹ ਤੁਹਾਡੇ ਲਈ ਉਦਾਹਰਣ ਹੈ ਇਸ ਉਦਾਹਰਨ ਦੀ ਪਰਿਭਾਸ਼ਾ ਸਮਝਦੇ ਹੋਏ ਪੂਰਾ ਇਕ ਪਾਠ ਪੜ੍ਹੋ ਤੇ ਉਸ ਤੇ ਅਮਲ ਕਰੋ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਂਰੋ ਵਿਖੇ ਕੋਰੋਨਾ ਤੋਂ ਬਚਾਅ ਲਈ ਟੀਕੇ ਲਗਾਏ ਗਏ
Next articleਤਮਗਾ