(ਸਮਾਜ ਵੀਕਲੀ)
ਇਤਹਾਸ ਵਿੱਚ ਪਹਿਲੀ ਵਾਰ ਨਹੀਂ ਹੋਇਆ ਕਿ ਸੰਕਟ ਦੇ ਸਮੇਂਂ ਹਾਕਮਾਂ ਵੱਲੋਂ ਅਬਾਦੀ ਕੰਟਰੋਲ ਕਰਨ ਦਾ ਮੁੱਦਾ ਉਛਾਲਿਆ ਗਿਆ ਹੋਵੇ। ਅਸਾਮ, ਉੱਤਰ ਪ੍ਰਦੇਸ਼ ਅਤੇ ਕਈ ਹੋਰ ਸੂਬਿਆਂ ਵਿਚ ਬੜੇ ਜ਼ੋਰ ਸ਼ੋਰ ਨਾਲ਼ ਪ੍ਰਚਾਰ ਕਰਦੇ ਹੋਏ ਜਨਸੰਖਿਆ ਕੰਟਰੋਲ ਬਿੱਲ ਪੇਸ਼ ਕੀਤੇ ਜਾ ਰਹੇ ਹਨ। ਉਂਝ ਤਾਂ ਸੰਸਾਰ ਵਿੱਚ ਸਰਮਾਏਦਾਰਾ ਢਾਂਚੇ ਦੇ ਆਗਮਨ ਨਾਲ਼ ਜਦੋਂ ਪ੍ਰਬੰਧ ਦੀ ਅੰਦਰਲੀ ਗਤੀ ਕਾਰਨ ਹੀ ਪਹਿਲੇ ਸਰਮਾਏਦਾਰਾ ਸੰਕਟ ਪੈਦਾ ਹੁੰਦੇ ਹਨ ਤਾਂ ਹਾਕਮ ਜਮਾਤਾਂ ਦੇ ਚਿੰਤਕ ਸਾਰਾ ਦੋਸ਼ ਕਿਰਤੀ ਅਬਾਦੀ ਸਿਰ ਮੜ੍ਹਦੇ ਹੋਏ, ਜਨਸੰਖਿਆ ਕੰਟਰੋਲ ਕਰਨ ਦੇ ਸਿਧਾਂਤ ਸਾਹਮਣੇ ਲੈ ਆਏ ਸਨ। ਇੱਥੋਂ ਤੱਕ ਕਿ ਅੱਗੇ ਚੱਲ ਕੇ ਜਨਸੰਖਿਆ ਕੰਟਰੋਲ ਕਰਨ ਦੀ ਮੁਹਿੰਮ ਨੂੰ ਨਸਲੀ ਤੇ ਫ਼ਿਰਕੂ ਪਾੜੇ ਵਧਾਉਣ ਦਾ ਹਥਿਆਰ ਬਣਾ ਲਿਆ ਗਿਆ। ਕਿਹਾ ਗਿਆ ਸੀ ਕਿ ਕੁੱਝ ਘਟੀਆ ਅਤੇ ਨੀਵੀਆਂ ਨਸਲਾਂ ਦੀ ਵਧ ਰਹੀ ਅਬਾਦੀ ਕਾਬੂ ਹੇਠ ਲਿਆਉਣਾ ਜ਼ਰੂਰੀ ਹੈ।
ਭਾਰਤ ਵਿੱਚ ਅਖੌਤੀ ਨੀਵੀਆਂ ਜਾਤੀਆਂ ਅਤੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਨੂੰ ਵਧਦੀ ਅਬਾਦੀ ਲਈ ਵੱਧ ਜ਼ਿੰਮੇਵਾਰ ਠਹਿਰਾਅ ਕੇ ਮੁਸਲਮਾਨ ਵਿਰੋਧੀ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਜਨਸੰਖਿਆ ਕੰਟਰੋਲ ਬਿੱਲਾਂ ਨੂੰ ਇਸ ਮੁਹਿੰਮ ਦੇ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਮੁਸਲਮਾਨ ਵੱਧ ਬੱਚੇ ਪੈਦਾ ਕਰਦੇ ਹਨ। ਜਦੋਂ ਕਿ ਹਕੀਕਤ ਇਹ ਹੈ ਕਿ ਕਿਸੇ ਅਬਾਦੀ ਵਿੱਚ ਬੱਚਿਆਂ ਦੀ ਜਨਮ ਦਰ ਮੁਕਾਬਲਤਨ ਵੱਧ ਹੋਣ ਦਾ ਧਰਮ ਨਾਲ਼ ਕੋਈ ਸਿੱਧਾ ਸਬੰਧ ਨਹੀਂ ਹੈ। ਆਮ ਤੌਰ ’ਤੇ ਗਰੀਬ ਕਿਰਤੀ ਅਬਾਦੀ ਵਿੱਚ ਪੜ੍ਹੇ-ਲਿਖੇ ਮੱਧ ਵਰਗ ਦੇ ਮੁਕਾਬਲੇ ਬੱਚਿਆਂ ਦੀ ਜਨਮ ਦਰ ਵੱਧ ਹੁੰਦੀ ਹੈ।
ਜਿਸ ਦਾ ਮੁੱਖ ਕਾਰਨ ਉਨ੍ਹਾਂ ਦੀਆਂ ਮਾੜੀਆਂ ਜੀਵਨ ਹਾਲਤਾਂ ਵਿੱਚੋਂ ਪੈਦਾ ਹੋਏ ਡਰ ਹੁੰਦੇ ਹਨ। ਮਾੜੀਆਂ ਸਿਹਤ ਸਹੂਲਤਾਂ ਅਤੇ ਕੰਗਾਲੀ ਕਾਰਨ ਬੱਚਿਆਂ ਦੀ ਮੌਤ ਦਰ ਵੱਧ ਹੁੰਦੀ ਹੈ। ਦੂਜਾ ਜੀਵਨ ਦੀਆਂ ਸੁੱਖ ਸਹੂਲਤਾਂ ਤੋਂ ਵਾਂਝੇ ਲੋਕ ਇੱਕਮਾਤਰ ਸਹਾਰੇ ਦੇ ਤੌਰ ’ਤੇ ਵੱਧ ਬੱਚਿਆਂ ਵਿੱਚ ਸੁਰੱਖਿਆ ਮਹਿਸੂਸ ਕਰਦੇ ਹਨ। ਇੱਕ ਜਾਂ ਦੋ ਬੱਚਿਆਂ ਦੇ ਮਾਪੇ ਇਸ ਡਰ ਹੇਠ ਰਹਿੰਦੇ ਹਨ ਕਿ ਜੇ ਉਨ੍ਹਾਂ ਦੇ ਬੱਚੇ ਨੂੰ ਕੁੱਝ ਹੋ ਜਾਏ ਤਾਂ ਉਹ ਰੁਲ਼ ਜਾਣਗੇ।
ਕਿਉਂਕਿ ਆਮ ਕਿਰਤੀ ਅਬਾਦੀ ਨੂੰ ਹਾਸਲ ਨਾ ਮਾਤਰ ਸਮਾਜਿਕ ਸੁਰੱਖਿਆਵਾਂ ਤੋਂ ਵੀ ਸਰਕਾਰਾਂ ਲਗਾਤਾਰ ਹੱਥ ਖਿੱਚ ਰਹੀਆਂ ਹਨ। ਇਸ ਦੇ ਬਾਵਜੂਦ ਪਿਛਲੇ ਸਮਿਆਂ ਤੋਂ ਕਿਰਤੀ ਅਬਾਦੀ ਦੇ ਬਹੁਤ ਵੱਡੇ ਹਿੱਸੇ ਵਿੱਚ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਵਧਿਆ ਹੈ। ਘੱਟਗਿਣਤੀ ਮੁਸਲਮਾਨ ਅਬਾਦੀ ਦਾ ਜ਼ਿਆਦਾ ਹਿੱਸਾ ਕਿਰਤੀ ਅਬਾਦੀ ਵਿੱਚੋਂ ਆਉਂਦਾ ਹੈ। ਅੰਕੜਿਆਂ ਮੁਤਾਬਕ ਮੁਸਲਿਮ ਭਾਈਚਾਰੇ ਵਿੱਚ ਜਨਮ ਦਰ ਵਿੱਚ ਲਗਾਤਾਰ ਗਿਰਾਵਟ ਦਾ ਰੁਝਾਨ ਹੈ। ਫਿਰ ਵੀ ਇਹ ਫਾਸੀਵਾਦੀ ਸੰਘੀ ਲਾਣਾ ਨਵੇਂ ਬਿੱਲਾਂ ਦੇ ਪ੍ਰਚਾਰ ਦੀ ਵਰਤੋਂ ਨਾਲ਼ ਹਿੰਦੂਤਵੀ ਫ਼ਿਰਕਾਪ੍ਰਸਤੀ ਨੂੰ ਪੱਠੇ ਪਾ ਰਿਹਾ ਹੈ। ਇਸ ਤੋਂ ਬਿਨਾਂ ਹਰ ਮੋਰਚੇ ’ਤੇ ਅਸਫਲਤਾ ਕਾਰਨ ਪੈਦਾ ਹੋਣ ਵਾਲ਼ੇ ਜਨਤਕ ਰੋਸ ਕਾਰਨ ਲੋਕਾਂ ਦਾ ਧਿਆਨ ਭਟਕਾਉਣ ਲਈ ਵੀ ਇਹੋ ਜਿਹੇ ਮੁੱਦੇ ਸਮੇਂ ਸਮੇਂ ’ਤੇ ਉਛਾਲੇ ਜਾਂਦੇ ਹਨ।
ਅੱਜਕੱਲ੍ਹ “ਉੱਤਰ ਪ੍ਰਦੇਸ਼ (ਅਬਾਦੀ ਕੰਟਰੋਲ, ਸਥਾਈਕਰਨ ਅਤੇ ਭਲਾਈ) ਬਿੱਲ-2021” ਚਰਚਾ ਵਿੱਚ ਹੈ। ਕਹਿਣ ਨੂੰ ਇਹ ਬਿੱਲ ਲੋਕਾਂ ਦੀ ਭਲਾਈ ਲਈ ਲਿਆਂਦਾ ਗਿਆ ਹੈ। ਹਕੀਕਤ ਵਿੱਚ ਇਹ ਅਬਾਦੀ ਦੇ ਬਹੁਤ ਵੱਡੇ ਹਿੱਸੇ ਨੂੰ ਸਜਾ ਦੇਣ ਦਾ ਬਿੱਲ ਹੈ। ਇਸ ਦੇ ਭਾਗ 8 ਅਨੁਸਾਰ ਦੋ ਤੋਂ ਵੱਧ ਬੱਚਿਆਂ ਵਾਲ਼ੇ ਪਰਿਵਾਰ ਨੂੰ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ਼ੇਗਾ, ਰਾਸ਼ਨ ਕਾਰਡ ਵਿੱਚ ਸਿਰਫ ਪਰਿਵਾਰ ਦੇ ਚਾਰ ਜੀਆਂ ਨੂੰ ਰਾਸ਼ਨ ਦਿੱਤਾ ਜਾਏਗਾ ਅਤੇ ਹੋਰ ਸਰਕਾਰੀ ਲਾਭ ਨਹੀਂ ਦਿੱਤੇ ਜਾਣਗੇ। ਭਾਗ 10 ਦੇ ਮੁਤਾਬਕ ਦੋ ਤੋਂ ਵੱਧ ਬੱਚਿਆਂ ਦੇ ਪਰਿਵਾਰ ਵਾਲ਼ਾ ਵਿਅਕਤੀ ਸਰਕਾਰੀ ਨੌਕਰੀ ਲਈ ਫਾਰਮ ਨਹੀਂ ਭਰ ਸਕੇਗਾ।
ਭਾਗ 11 ਵਿੱਚ ਲਿਖਿਆ ਹੈ ਕਿ ਜੇ ਨੌਕਰੀ ਦੌਰਾਨ ਕਿਸੇ ਦੇ 2 ਤੋਂ ਵੱਧ ਬੱਚੇ ਹੋ ਜਾਂਦੇ ਹਨ ਤਾਂ ਉਸ ਦੀ ਤਨਖਾਹ ਵਿੱਚ ਵਾਧਾ ਅਤੇ ਤਰੱਕੀਆਂ ਰੋਕ ਦਿੱਤੀਆਂ ਜਾਣਗੀਆਂ। ਭਾਗ 12 ਮੁਤਾਬਕ ਦੋ ਤੋਂ ਵੱਧ ਬੱਚਿਆਂ ਵਾਲ਼ਾ ਵਿਅਕਤੀ ਕਿਸੇ ਕਿਸਮ ਦੀ ਸਰਕਾਰੀ ਸਬਸਿਡੀ ਹਾਸਲ ਨਹੀਂ ਕਰ ਸਕੇਗਾ। ਪਰ ਵਰਤਮਾਨ ਸਮੇਂ ਮੁਤਾਬਕ ਮੁਲਕ ਦੇ ਵੱਡੇ ਹਿੱਸੇ ਦੀ ਅਤੇ ਖਾਸ ਕਰਕੇ ਉੱਤਰ ਪ੍ਰਦੇਸ਼ ਦੀ ਅਬਾਦੀ ਦੀ ਬਣਤਰ ’ਤੇ ਨਿਗ੍ਹਾ ਮਾਰੀਏ ਤਾਂ ਸਾਫ਼ ਹੋ ਜਾਂਦਾ ਹੈ ਕਿ ਅਬਾਦੀ ਦਾ ਬਹੁਤ ਵੱਡਾ ਹਿੱਸਾ ਦਲਿਤ, ਆਦਿਵਾਸੀ ਅਤੇ ਗਰੀਬ ਪਰਿਵਾਰ ਆਮ ਤੌਰ ’ਤੇ ਦੋ ਤੋਂ ਵੱਧ ਬੱਚਿਆਂ ਵਾਲ਼ੇ ਹਨ। ਉਨ੍ਹਾਂ ਵਿੱਚ ਥੋੜ੍ਹੇ ਜਿਹੇ ਸਰਕਾਰੀ ਨੌਕਰੀਆਂ ’ਤੇ ਹਨ ਜੋ ਇਸ ਕਾਨੂੰਨ ਨਾਲ਼ ਸਾਰੀਆਂ ਸਹੂਲਤਾਂ ਤੋਂ ਵਾਂਝੇ ਹੋ ਜਾਣਗੇ। ਭੁੱਖਮਰੀ ਦੀ ਹਾਲਤ ਵਿੱਚ ਜੀਅ ਰਹੀ ਵੱਡੀ ਅਬਾਦੀ ਰਾਸ਼ਨ ਵਿੱਚ ਕਟੌਤੀ ਨਾਲ਼ ਹੋਰ ਮਾੜੀਆਂ ਹਾਲਤਾਂ ਵਿੱਚ ਧੱਕ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਇਹ ਕਨੂੰਨ ਦੋ ਤੋਂ ਵੱਧ ਬੱਚਿਆਂ ਵਾਲ਼ੇ ਪਰਿਵਾਰ ਨੂੰ ਪੰਚਾਇਤ, ਬਲਾਕ ਅਤੇ ਜ਼ਿਲ੍ਹਾ ਪੱਧਰ ਦੀਆਂ ਚੋਣਾਂ ਲੜਨ ਦੇ ਅਯੋਗ ਠਹਿਰਾਉਂਦਾ ਹੈ। ਬਿੱਲ ਦੇ ਕਨੂੰਨ ਬਣ ਜਾਣ ਤੋਂ ਬਾਅਦ ਇਸ ਵੱਡੀ ਅਬਾਦੀ ਵਿੱਚੋਂ ਕੋਈ ਇਨ੍ਹਾਂ ਅਖੌਤੀ ਚੁਣੇ ਹੋਏ ਅਦਾਰਿਆਂ ਵਿਚ ਅਵਾਜ਼ ਵੀ ਨਹੀਂ ਉਠਾ ਸਕੇਗਾ ਜਿਹੜੀ ਪਹਿਲਾਂ ਹੀ ਕਰੋਨਾ ਬੰਦੀ ਦੌਰਾਨ ਗ਼ਰੀਬੀ ਬੇਰੁਜ਼ਗਾਰੀ ਅਤੇ ਭੁੱਖਮਰੀ ਦੀ ਹਾਲਤ ਵਿੱਚ ਧੱਕ ਦਿੱਤੀ ਗਈ ਹੈ। ਵਿਸ਼ਾਲ ਕਿਰਤੀ ਅਬਾਦੀ ਨੂੰ ਉਸ ਵੇਲੇ ਇਹ ਸਜਾ ਦਿੱਤੀ ਜਾ ਰਹੀ ਹੈ ਜਦੋਂ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਜਨਮ ਦਰ ਵਿੱਚ ਗਿਰਾਵਟ ਦਾ ਰੁਝਾਨ ਹੈ।
ਹਾਕਮਾਂ ਵੱਲੋਂ ਪ੍ਰਚਾਰਿਆ ਜਾ ਰਿਹਾ ‘ਆਬਾਦੀ ਵਿਸਫੋਟ’ ਰੂਪੀ ਬੰਬ ਹਾਕਮ ਜਮਾਤ ਦੇ ਜਰ-ਖਰੀਦ ਕਲਮ ਘਸੀਟਾਂ ਦੇ ਦਿਮਾਗ ਦੀ ਪੈਦਾਵਾਰ ਹੈ। ਹਕੀਕਤ ਵਿੱਚ ਹੇਠਲੇ ਪੱਧਰ ’ਤੇ ਇਸ ਤਰ੍ਹਾਂ ਦੀ ਕੋਈ ਚੀਜ਼ ਮੌਜੂਦ ਨਹੀਂ ਹੈ। ਪਰ ਫਿਰ ਵੀ ਇਨ੍ਹਾਂ ਦੀ ਕੀ ਮਜਬੂਰੀ ਹੈ ? ਅਸਲ ਵਿੱਚ ਸਰਮਾਏਦਾਰਾ ਸੰਕਟ ਦੇ ਇਸ ਦੌਰ ਵਿੱਚ ਦੇਸੀ ਵਿਦੇਸ਼ੀ ਸਰਮਾਏ ਦੇ ਮਾਲਕ, ਸੰਕਟ ਦਾ ਸਾਰਾ ਬੋਝ ਮਜ਼ਦੂਰ, ਕਿਸਾਨ ਅਤੇ ਮੱਧਵਰਗੀ ਕਿਰਤੀ ਅਬਾਦੀ ’ਤੇ ਪਾ ਕੇ ਆਪਣਾ ਸਾਹ ਸੌਖਾ ਕਰਨ ਦਾ ਯਤਨ ਕਰਦੇ ਹਨ। ਸੰਸਾਰ ਸਰਮਾਇਆ ਇਹ ਕੰਮ ਕਿਵੇਂ ਕਰ ਸਕਦਾ ਹੈ? ਇਸ ਦੀ ਪੂਰੀ ਵਿਆਖਿਆ ਕਰ ਸਕਣੀ ਇੱਕ ਲੇਖ ਵਿਚ ਸੰਭਵ ਨਹੀਂ ਹੈ। ਇੱਥੇ ਇੱਕ ਮਿਸਾਲ ਦੇ ਰਿਹਾ ਹਾਂ। ਸੰਸਾਰ ਦੇ ਵੱਡੇ ਸਰਮਾਏਦਾਰਾ ਅਦਾਰੇ ‘ਫੋਰਡ ਫਾਊਂਡੇਸ਼ਨ’ ‘ਰੌਕਫੈਲਰ’ ਵਗੈਰਾ ਮੁੱਢਲੇ ਸਿਹਤ ਕੇਂਦਰ, ਮੈਡੀਕਲ ਕਾਲਜ ਅਤੇ ਬਿਮਾਰੀਆਂ ਰੋਕਣ ਦੇ ਨਾਂ ’ਤੇ ਸਹਾਇਤਾ ਦੇ ਬਹਾਨੇ ਦੁਨੀਆਂ ਭਰ ਵਿੱਚ ਸਰਮਾਇਆ ਲਾਉਂਦੇ ਹਨ।
ਬਿਨਾਂ ਸ਼ੱਕ ਉਹ ਭਾਰੀ ਮੁਨਾਫ਼ਿਆਂ ਵਾਸਤੇ ਹੀ ਪੈਸਾ ਲਾਉਂਦੇ ਹਨ। ਪਰ ਨਾਲ ਹੀ ਉਹ ਆਪਣੀਆਂ ਸ਼ਰਤਾਂ ਤਹਿਤ ਅਬਾਦੀ ਕੰਟਰੋਲ ਕਰਨ ਦੀਆਂ ਯੋਜਨਾਵਾਂ ਵੀ ਬਣਾ ਕੇ ਦਿੰਦੇ ਹਨ। ਥੋੜ੍ਹਾ ਗਹਿਰਾਈ ’ਚ ਜਾਈਏ ਤਾਂ ਭਾਰਤ ਵਿੱਚ ਫਾਸੀਵਾਦੀ ਹਾਕਮਾਂ ਅਤੇ ਦੇਸੀ ਵਿਦੇਸ਼ੀ ਸਰਮਾਏ ਦਾ ਗੱਠਜੋੜ ਸਪੱਸ਼ਟ ਨਜ਼ਰ ਆ ਜਾਂਦਾ ਹੈ। ਭਾਰਤ ਵਿੱਚ ਇਸ ਤੋਂ ਪਹਿਲਾਂ ਐਮਰਜੈਂਸੀ ਦੇ ਕਾਲ਼ੇ ਦੌਰ ਵਿੱਚ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੈ ਗਾਂਧੀ ਦੇ ਪੰਜ ਨੁਕਤਾ ਪ੍ਰੋਗਰਾਮ ਨੇ ਅਬਾਦੀ ਕੰਟਰੋਲ ਦਾ ਇੱਕ ਨੁਕਤਾ ਪ੍ਰੋਗਰਾਮ ਬਣ ਕੇ ਆਮ ਲੋਕਾਂ ’ਤੇ ਜੋ ਕਹਿਰ ਢਾਇਆ ਸੀ, ਉਸ ਨੂੰ ਉਸ ਵੇਲੇ ਦੇ ਲੋਕ ਅਜੇ ਤੱਕ ਨਹੀਂ ਭੁੱਲੇ ਹਨ। ਹੁਣ ਭਾਰਤ ਦੀ ਫਾਸੀਵਾਦੀ ਹਿੰਦੂਤਵੀ ਸਰਕਾਰ ਨੇ ਅਣਐਲਾਨੀ ਐਮਰਜੈਂਸੀ ਦੇ ਸਹਾਰੇ ਅਬਾਦੀ ਕੰਟਰੋਲ ਦਾ ਡੰਡਾ ਫੜ੍ਹ ਕੇ ਆਮ ਕਿਰਤੀ ਲੋਕਾਂ ਖਿਲਾਫ ਵੱਡਾ ਹਮਲਾ ਵਿੱਢ ਦਿੱਤਾ ਹੈ।
ਕਾਰਨ ਲੱਭਣ ਲਈ ਸਰਮਾਏਦਾਰੀ ਦੇ ਪਿਛਲੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 18 ਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਅੰਗਰੇਜ਼ ਹਾਕਮ ਫਰਾਂਸ ਦੇ ਇਨਕਲਾਬ ਤੋਂ ਡਰੇ ਹੋਏ ਸਨ। ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਵਿੱਚ ਇਨਕਲਾਬੀ ਵਿਚਾਰ ਤੇਜ਼ੀ ਨਾਲ਼ ਫੈਲ ਰਹੇ ਸਨ। ਮਹਾਨ ਇਨਕਲਾਬੀ ਚਿੰਤਕ ਮਾਰਕਸ ਲਿਖਦੇ ਹਨ ਕਿ ਉਸ ਵੇਲੇ ਹਾਕਮ ਜਮਾਤਾਂ ਨੂੰ ਲੋਕਾਂ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਦੀ ਲੋੜ ਮਹਿਸੂਸ ਹੋਈ। ਵਿਚਾਰਾਂ ਦੇ ਖੇਤਰ ਵਿੱਚ ਮਹਾਨ ਸੰਘਰਸ਼ ਛਿੜਿਆ ਹੋਇਆ ਸੀ।
ਉਸ ਸਮੇਂ ਹਾਕਮਾਂ ਦੀ ਮਦਦ ਵਾਸਤੇ ਬੁਰਜੂਆਜ਼ੀ ਦਾ ਵੱਡਾ ਚਿੰਤਕ ‘ਥੌਮਸ ਰਾਬਰਟ ਮਾਲਥਸ’ ਅੱਗੇ ਆਇਆ। ਜਿਸ ਦੇ ਪ੍ਰਸਿੱਧ ਲੇਖ ਦਾ ਸਿਰਲੇਖ ਸੀ “ਜਨਸੰਖਿਆ ਕੰਟਰੋਲ ਦੇ ਸਿਧਾਂਤ ਤੇ ਲੇਖ ਜਿਵੇਂ ਇਹ ਸਮਾਜ ਦੇ ਭਵਿੱਖੀ ਵਿਕਾਸ ’ਤੇ ਅਸਰ ਪਾਉਂਦਾ ਹੈ”। ਸ਼ੁਰੂ-ਸ਼ੁਰੂ ਵਿੱਚ ਲੇਖਕ ਨੇ ਸਾਫ ਤੌਰ ’ਤੇ ਮੰਨਿਆ ਸੀ ਕਿ ਲੇਖ ਦਾ ਮਕਸਦ ‘ਫਰਾਂਸ ਦੇ ਇਨਕਲਾਬ ਅਤੇ ਇੰਗਲੈਂਡ ਵਿੱਚ ਸੁਧਾਰਾਂ ਦੇ ਸਮਕਾਲੀ ਵਿਚਾਰਾਂ ਦਾ ਵਿਰੋਧ’ ਕਰਨਾ ਹੈ। ਮਾਲਥਸ ਨੇ ਸਿਧਾਂਤ ਦਿੱਤਾ ਸੀ ਕਿ ਅਬਾਦੀ ਬਹੁਤ ਤੇਜ਼ੀ ਨਾਲ ਵਧਦੀ ਹੈ, ਗੁਣਾ ਦੇ ਹਿਸਾਬ ਨਾਲ (2, 4, 8, 16, 32 ….) ਜਦੋਂ ਕਿ ਅਨਾਜ ਦੀ ਪੈਦਾਵਾਰ ਸਾਧਾਰਨ ਅੰਕ ਗਣਿਤ ਦੇ ਜੋੜ ਦੇ ਹਿਸਾਬ ਨਾਲ (2,4,6,8,,10…) ਵਧਦੀ ਹੈ।
ਕੁੱਲ ਮਿਲ਼ਾ ਕੇ ਉਸ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਇਨਕਲਾਬੀ ਵਿਚਾਰਾਂ ਨਾਲ਼ ਸਮਾਜ ਵਿੱਚ ਤਬਦੀਲੀ ਕਰਨ ਦੇ ਰਾਹ ਪੈਣ ਦੀ ਥਾਂ ਅਬਾਦੀ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਉਸ ਅਨੁਸਾਰ ਅਬਾਦੀ ਦਾ ਵਧਣਾ ਹੀ ਸਾਰੀਆਂ ਸਮਾਜਿਕ ਗੜਬੜਾਂ ਦਾ ਕਾਰਨ ਹੈ। ਨਿਚੋੜ ਇਹ ਸੀ ਕਿ ਲੋਕਾਂ ਦੀ ਮੰਦਹਾਲੀ, ਕੰਗਾਲੀ ਅਤੇ ਮਾੜੀ ਹਾਲਤ ਲਈ ਉਹ ਖੁਦ ਹੀ ਜ਼ਿੰਮੇਵਾਰ ਹਨ। ਉਸ ਸਮੇਂ ਤੋਂ ਹੀ ਲੋਕ ਪੱਖੀ ਚਿੰਤਕ ਕਈ ਵਾਰ ਇਹ ਸਾਬਤ ਕਰ ਚੁੱਕੇ ਹਨ ਕਿ ਮਾਲਥਸ ਦੇ ਵਿਚਾਰ ਗ਼ਲਤ ਸਨ। ਗ਼ਰੀਬੀ, ਭੁੱਖਮਰੀ ਅਤੇ ਕੰਗਾਲੀ ਦਾ ਕਾਰਨ ਵਧਦੀ ਅਬਾਦੀ ਨਹੀਂ ਹੈ ਸਗੋਂ ਇਸ ਦਾ ਕਾਰਨ ਸੰਸਾਰ ਭਰ ਦੇ ਪੈਦਾਵਾਰ ਦੇ ਸਾਧਨਾਂ ਅਤੇ ਦੌਲਤ ’ਤੇ ਮੁੱਠੀ ਭਰ ਧਨ ਪਸ਼ੂਆਂ ਦਾ ਕਬਜ਼ਾ ਹੋਣਾ ਹੈ।
ਅੱਜ ਰੋਟੀ, ਕੱਪੜਾ ਤੇ ਮਕਾਨ ਜਿਹੀਆਂ ਬੁਨਿਆਦੀ ਸਹੂਲਤਾਂ ਤੋਂ ਲੈਕੇ ਮਨੁੱਖੀ ਵਰਤੋਂ ਦੇ ਸਭ ਸਾਧਨ ਮੌਜੂਦਾ ਅਬਾਦੀ ਦੀਆਂ ਲੋੜਾਂ ਨਾਲ਼ੋਂ ਕਈ ਗੁਣਾ ਵੱਧ ਮਾਤਰਾ ਵਿੱਚ ਮੌਜੂਦ ਹਨ। ਇਸੇ ਤਰ੍ਹਾਂ ਬੇਰੁਜ਼ਗਾਰੀ ਦਾ ਕਾਰਨ ਵੀ ਅਬਾਦੀ ਨਹੀਂ ਹੈ ਸਗੋਂ ਮੁਨਾਫਾ ਕੇਂਦਰਤ ਸਰਮਾਏਦਾਰਾ ਪ੍ਰਬੰਧ ਹੈ। ਅਬਾਦੀ ਦੇ ਵਾਧੇ ਨਾਲ਼ ਸਾਧਨਾਂ ਤੇ ਸੇਵਾਵਾਂ ਲਈ ਜਰੂਰਤਾਂ ਵੀ ਵਧਦੀਆਂ ਹਨ ਤੇ ਉਹਨਾਂ ਨੂੰ ਪੈਦਾ ਕਰਨ ਲਈ ਰੁਜ਼ਗਾਰ ਵੀ ਵਧਦਾ ਹੈ। ਇਸ ਸੱਚਾਈ ’ਤੇ ਪਰਦਾ ਪਾਉਣ ਲਈ ਹੀ ਸਮੇਂ-ਸਮੇਂ ’ਤੇ ਸਰਮਾਏਦਾਰਾ ਹਾਕਮ ਮਾਲਥਸ ਦੇ ਇਸ ਲੋਕ ਵਿਰੋਧੀ ਸਿਧਾਂਤ ਦਾ ਰਾਗ ਅਲਾਪਣ ਲੱਗਦੇ ਹਨ।
ਇਸ ਤੋਂ ਬਿਨਾਂ ਫਾਸੀਵਾਦੀ ਭਾਰਤੀ ਹਾਕਮ ਲੋਕਾਂ ਦੇ ਵਿਚਾਰਾਂ ਨੂੰ ਕੰਟਰੋਲ ਕਰਨ ਲਈ ਅਤੇ ਲੋਕਾਂ ਵਿੱਚ ਫੁੱਟ ਪਾਉਣ ਵਾਸਤੇ ਆਪਣੇ ਫਾਸਿਸਟ ਵਡੇਰਿਆਂ ਦੀ ਨਕਲ ਵੀ ਕਰਦੇ ਹਨ। 1933 ਵਿੱਚ ਹਿਟਲਰ ਦੇ ਸੱਤ੍ਹਾ ਵਿੱਚ ਆਉਣ ਤੋਂ ਬਾਅਦ ਜਰਮਨੀ ਵਿੱਚ ਵੀ ਅਬਾਦੀ ਕੰਟਰੋਲ ਕਰਨ ਦੇ ਕਨੂੰਨ ਬਣਾਏ ਗਏ ਸਨ। ਜਿਵੇਂ ਸਾਡੇ ਹਾਕਮ ਮੁਸਲਿਮ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਉਹ ਵੀ ਕਹਿੰਦੇ ਸਨ ਕਿ ਯਹੂਦੀ ਵੱਧ ਬੱਚੇ ਪੈਦਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਤੀਸਰੀ ਰੀਖ ਦੇ ਅੰਤ ਵਿੱਚ 1945 ਵਿੱਚ 3,60,000 ਲੋਕਾਂ ਦੀ ਜਬਰੀ ਨਸਬੰਦੀ ਕੀਤੀ ਗਈ ਸੀ। ਮੁੱਖ ਨਿਸ਼ਾਨਾ ਯਹੂਦੀ ਸਨ।
ਇਹ ਵੀ ਪ੍ਰਚਾਰਿਆ ਜਾਂਦਾ ਸੀ ਕਿ ਇਹ ਲੋਕ ਨੀਵੀਂ ਨਸਲ ਦੇ ਹੋਣ ਕਰਕੇ ‘ਰਾਜ ਦੇ ਸਿਆਸੀ ਦੁਸ਼ਮਣ’ ਹਨ। ਅੱਜ ਸਾਡੇ ਮੁਲਕ ਵਿੱਚ ਵੀ ਜਦੋਂ ਖੇਤੀ ਬਿੱਲਾਂ ਖਿਲਾਫ ਵਿਸ਼ਾਲ ਲੋਕ ਲਹਿਰ ਚੱਲ ਰਹੀ ਹੈ, ਮਜ਼ਦੂਰਾਂ, ਮੁਲਾਜਮਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਵੀ ਰੋਹ ਵਧ ਰਿਹਾ ਹੈ। ਡਰੇ ਹੋਏ ਹਾਕਮ ਇੱਕ ਵਾਰ ਫਿਰ ਆਪਣੇ ਵਡੇਰਿਆਂ ਵਾਂਗ ਜਨਤਕ ਲਹਿਰਾਂ ਨੂੰ ਨਿਰਉਤਸ਼ਾਹਤ ਕਰਨ ਵਾਸਤੇ, ਉਹੋ ਪੁਰਾਣੇ ਤਰੀਕੇ ਲੈ ਕੇ ਸਾਹਮਣੇ ਆਏ ਹਨ। ਮੁਲਕ ਦੇ ਮਹਾਨ ਕਿਰਤੀ ਲੋਕ ਲਾਜ਼ਮੀ ਹੀ ਹਾਕਮਾਂ ਦੀਆਂ ਇਨ੍ਹਾਂ ਲੋਕ ਵਿਰੋਧੀ ਚਾਲਾਂ ਨੂੰ ਸਮਝਕੇ, ਵਿਸ਼ਾਲ ਏਕਤਾ ਕਾਇਮ ਕਰਦੇ ਹੋਏ ਅੱਗੇ ਆਉਣਗੇ। ਕਿਰਤ ਅਤੇ ਸਰਮਾਏ ਦੇ ਇਸ ਮਹਾਂਸੰਗ੍ਰਾਮ ਵਿਚ ਲਾਜ਼ਮੀ ਹੀ ਕਿਰਤੀ ਲੋਕ ਜਿੱਤ ਹਾਸਲ ਕਰਨਗੇ।
ਸੁਖਦੇਵ ਲਲਕਾਰ
ਪੰਜਾਬੀ ਲਹਿਰ ਮੀਡੀਆ ਇੰਕ.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly