ਮਲੇਰੀਆ ਦੇ ਲੱਛਣ ਅਤੇ ਬਚਾਅ

ਵੈਦ ਅਮਨਦੀਪ ਸਿੰਘ ਬਾਪਲਾ

(ਸਮਾਜ ਵੀਕਲੀ)

ਮਲੇਰੀਆ ਕੀ ਹੈ?
ਮਲੇਰੀਆ ਸੂਖਮ ਜੀਵਾਂ ਤੋਂ ਫੈਲਣ ਵਾਲੀ ਬੀਮਾਰੀ ਹੈ। ਇਸ ਦੇ ਲੱਛਣ ਹਨ: ਬੁਖ਼ਾਰ, ਕਾਂਬਾ ਛਿੜਨਾ, ਪਸੀਨਾ ਆਉਣਾ, ਸਿਰਦਰਦ, ਸਰੀਰ ਟੁੱਟਣਾ, ਦਿਲ ਕੱਚਾ ਹੋਣਾ ਤੇ ਉਲਟੀ ਆਉਣੀ। ਕਦੇ-ਕਦੇ ਇਹ ਲੱਛਣ 48 ਤੋਂ 72 ਘੰਟਿਆਂ ਦੇ ਅੰਦਰ-ਅੰਦਰ ਦੁਬਾਰਾ ਦਿਖਾਈ ਦਿੰਦੇ ਹਨ ਜੋ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਸੂਖਮ ਜੀਵਾਂ ਦੇ ਰਾਹੀਂ ਮਲੇਰੀਆ ਹੋਇਆ ਹੈ ਤੇ ਵਿਅਕਤੀ ਨੂੰ ਕਿੰਨੀ ਦੇਰ ਤੋਂ ਇਹ ਬੀਮਾਰੀ ਹੈ।

ਮਲੇਰੀਏ ਬਾਰੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ
ਵਿਸ਼ਵ ਸਿਹਤ ਸੰਗਠਨ ਨੇ ਅੰਦਾਜ਼ਾ ਲਾਇਆ ਹੈ ਕਿ 2013 ਵਿਚ 19,80,00,000 ਤੋਂ ਜ਼ਿਆਦਾ ਲੋਕ ਮਲੇਰੀਏ ਤੋਂ ਪੀੜਿਤ ਸਨ ਅਤੇ ਇਸ ਦੇ ਕਾਰਨ 5,84,000 ਜਾਨਾਂ ਚਲੀਆਂ ਗਈਆਂ। ਮਰਨ ਵਾਲਿਆਂ ਵਿਚ ਲਗਭਗ 83% ਬੱਚੇ ਸ਼ਾਮਲ ਸਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਸੀ। ਇਸ ਬੀਮਾਰੀ ਨੇ ਦੁਨੀਆਂ ਭਰ ਵਿਚ ਤਕਰੀਬਨ 100 ਦੇਸ਼ਾਂ ਅਤੇ ਇਲਾਕਿਆਂ ਵਿਚ ਕਹਿਰ ਢਾਹਿਆ ਜਿਸ ਕਾਰਨ ਲਗਭਗ 3 ਅਰਬ 20 ਕਰੋੜ ਲੋਕਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ।

ਮਲੇਰੀਆ ਕਿਵੇਂ ਫੈਲਦਾ ਹੈ?
ਮਲੇਰੀਆ ਪ੍ਰੋਟੋਜੋਆ ਸੂਖਮ ਜੀਵਾਂ ਤੋਂ ਫੈਲਦਾ ਹੈ ਜਿਨ੍ਹਾਂ ਨੂੰ ਪਲਾਜ਼ਮੋਡੀਆ ਕਿਹਾ ਜਾਂਦਾ ਹੈ। ਇਹ ਜੀਵ ਐਨੋਫਲੀਜ਼ ਨਾਂ ਦੀ ਮਾਦਾ ਮੱਛਰ ਦੇ ਕੱਟਣ ਨਾਲ ਮਨੁੱਖ ਦੇ ਸਰੀਰ ਅੰਦਰ ਦਾਖ਼ਲ ਹੋ ਜਾਂਦੇ ਹਨ।

ਇਹ ਜੀਵ ਵਿਅਕਤੀ ਦੇ ਜਿਗਰ ਦੇ ਸੈੱਲਾਂ ਵਿਚ ਚਲਾ ਜਾਂਦਾ ਹੈ ਜਿੱਥੇ ਇਹ ਜੀਵ ਵਧਦੇ-ਫੁੱਲਦੇ ਹਨ। ਜਦੋਂ ਜਿਗਰ ਦਾ ਸੈੱਲ ਟੁੱਟਦਾ ਹੈ, ਤਾਂ ਇਹ ਜੀਵ ਸੈੱਲ ਵਿੱਚੋਂ ਨਿਕਲਦੇ ਹਨ ਅਤੇ ਫਿਰ ਵਿਅਕਤੀ ਦੇ ਲਾਲ ਸੈੱਲਾਂ ਵਿਚ ਚਲੇ ਜਾਂਦੇ ਹਨ। ਉੱਥੇ ਵੀ ਇਹ ਜੀਵ ਵਧਦੇ-ਫੁੱਲਦੇ ਰਹਿੰਦੇ ਹਨ।

ਜਦੋਂ ਲਾਲ ਸੈੱਲ ਟੁੱਟਦਾ ਹੈ, ਤਾਂ ਇਸ ਵਿੱਚੋਂ ਸੂਖਮ ਜੀਵ ਨਿਕਲ ਆਉਂਦੇ ਹਨ ਅਤੇ ਇਹ ਹੋਰ ਲਾਲ ਸੈੱਲਾਂ ’ਤੇ ਹਮਲਾ ਕਰਦੇ ਹਨ।
ਲਾਲ ਸੈੱਲਾਂ ’ਤੇ ਹਮਲਾ ਅਤੇ ਇਨ੍ਹਾਂ ਦਾ ਟੁੱਟਣਾ ਚੱਲਦਾ ਰਹਿੰਦਾ ਹੈ। ਹਰ ਵਾਰ ਲਾਲ ਸੈੱਲ ਟੁੱਟਣ ਤੇ ਪੀੜਿਤ ਵਿਅਕਤੀ ਮਲੇਰੀਏ ਦੇ ਲੱਛਣ ਦਿਖਾਉਂਦਾ ਹੈ।

ਮਲੇਰੀਆ ਦੀ ਰੋਕਥਾਮ ਦੇ ਉਪਾਅ:

  1. ਮਲੇਰੀਆਂ ਦਾ ਸੰਕ੍ਰਮਣ ਮੱਛਰਾਂ ਤੋਂ ਹੁੰਦਾ ਹੈ ਜਿਹੜੇ ਖੜੇ ਪਾਣੀ ’ਤੇ ਪਣਪਦੇ ਹਨ। ਖੜ੍ਹੇ ਪਾਣੀ ਨੂੰ ਕੱਢ ਦੇਣਾ ਚਾਹੀਦਾ ਹੈ।
  2. ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜਿਹੜੇ ਸਰੀਰ ਦੇ ਵੱਧ ਤੋਂ ਵੱਧ ਭਾਗ ਨੂੰ ਢੱਕ ਸਕਣ। ਜੁਰਾਬਾਂ, ਪੂਰੀਆਂ ਬਾਹਾਂ ਵਾਲੀਆਂ ਕਮੀਜ਼ਾਂ ਅਤੇ ਪੈਂਟਾਂ ਪਾਉਣੀਆਂ ਚਾਹੀਦੀਆਂ ਹਨ। ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪਹੁਫਟੀ ਤੋਂ ਲੈ ਕੇ ਸ਼ਾਮ ਦੇ ਸਮੇਂ ਤੱਕ ਵਧੇਰੇ ਚੌਕਸੀ ਦੀ ਲੋੜ ਹੁੰਦੀ ਹੈ ਜਦੋਂ ਮੱਛਰ ਹੱਲਾ ਕਰ ਸਕਦੇ ਹਨ।
  3.  ਮੱਛਰਦਾਨੀਆਂ ਦੀ ਵਰਤੋਂ ਵੀ ਹੋ ਸਕਦੀ ਹੈ। ਇਨ੍ਹਾਂ ਮੱਛਰਦਾਨੀਆਂ ਨੂੰ ਵਿਸ਼ੇਸ਼ ਕੀਟਨਾਸ਼ਕ ਘੋਲ ਵਿੱਚ ਛੇ ਮਹੀਨੇ ਬਾਅਦ ਡੁਬੋਣਾ ਚਾਹੀਦਾ ਹੈ। ਵਿਸ਼ੇਸ਼ ਖੇਤਰਾਂ ਵਿੱਚ ਕੀਟਨਾਸ਼ਕ ਮੱਛਰਦਾਨੀਆਂ ਦੀ ਵਰਤੋਂ ਆਮ ਕੀਤੀ ਜਾਂਦੀ ਹੈ। ਇਲੈਕਟ੍ਰਾਨਿਕ ਮੱਛਰ ਭਜਾਊ ਮਸ਼ੀਨਾਂ ਦੀ ਵਰਤੋਂ ਵੀ ਹੋ ਸਕਦੀ ਹੈ।
  4.  ਜੇ ਸੰਭਵ ਹੋਵੇ ਤਾਂ ਮਲੇਰੀਆ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
  5.  ਲੋਕਾਂ ਨੂੰ ਮਲੇਰੀਆ ’ਤੇ ਕਾਬੂ ਪਾਉਣ, ਬਿਮਾਰੀ ਦੇ ਆਰੰਭਿਕ ਲੱਛਣ ਦੀ ਪਛਾਣ, ਪਾਣੀ ਦੇ ਟੈਂਕਾਂ ਨੂੰ ਢੱਕ ਕੇ ਰੱਖਣ, ਪੀਣ ਅਤੇ ਨਹਾਉਣ ਵਾਲੇ ਬਰਤਨਾਂ ਨੂੰ ਢੱਕ ਕੇ ਰੱਖਣ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।
  6.  ਪੈਰੀਫ਼ਰਲ ਰਕਤ-ਫ਼ਿਲਮ ਜਾਂਚ ਰਾਹੀਂ ਗੈਰ-ਪਛਾਤੇ ਖੇਤਰਾਂ ਦਾ ਸੰਪੂਰਨ ਦੌਰਾ ਅਤੇ ਨਿਰੀਖਣ ਕਰਨਾ ਚਾਹੀਦਾ ਹੈ। ਫੈਲਸੀਪੈਰਮ ਮਲੇਰੀਆ ਦੀ ਜਾਚ ਹੋਣ ’ਤੇ ਇਸ ਦਾ ਇਲਾਜ ਤੁਰੰਤ ਸ਼ੁਰੂ ਕਰਨਾ ਚਾਹੀਦਾ ਹੈ।
  7.  ਨਗਰ ਨਿਗਮਾਂ ਨੂੰ ਚਾਹੀਦਾ ਹੈ ਕਿ ਉਹ ਫਾਲਤੂ ਘਾਸ ਫੂਸ ਅਤੇ ਕੂੜਾ ਸਾਫ਼ ਕਰਨ ਤੇ ਖੱਡੇ ਵੀ ਭਰਨ। ਖੁੱਲੇ ਖੇਤਰ ਦੀ ਸਫ਼ਾਈ ਰੱਖਣ ਅਤੇ ਲਾਰਵਾ-ਵਿਰੋਧੀ ਕੀਟਨਾਸ਼ਕਾਂ ਦਾ ਛਿੜਕਾਓ ਕਰਨ। ਕੂੜੇ ਕਰਕਟ ਨੂੰ ਛੇਤੀ ਹਟਾਉਣ ਅਤੇ ਵਾਧੂ ਕੂੜਾ ਕਰਕਟ ਜਮਾਂ ਹੋਣ ਦੀਆ ਥਾਵਾਂ ਦੀ ਯੋਜਨਾਬੰਦੀ ਹੋਣੀ ਚਾਹੀਦੀ ਹੈ।
  8.  ਛੋਟੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ।

ਵੈਦ ਅਮਨਦੀਪ ਸਿੰਘ ਬਾਪਲਾ

9914611496

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਹਨ ਸਿੰਘ ਰਾਗੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ
Next articleਪੰਦਰਾਂ ਅਗਸਤ