ਆਮਦਨ ਤੋਂ ਵੱਧ ਜਾਇਦਾਦ: ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਮੁਹਾਲੀ ਅਦਾਲਤ ਨੇ ਸ਼ਾਮ 4 ਵਜੇ ਤੱਕ ਫ਼ੈਸਲਾ ਰਾਖਵਾਂ ਰੱਖਿਆ

Former DGP Sumedh Singh Saini.

ਮੁਹਾਲੀ, (ਸਮਾਜ ਵੀਕਲੀ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਦਰਜ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦੇ ਅਪਰਾਧਿਕ ਮਾਮਲੇ ਵਿੱਚ ਅੱਜ ਇਥੋਂ ਦੀ ਅਦਾਲਤ ਵਿੱਚ ਸੁਮੇਧ ਸੈਣੀ ਦੀ ਜ਼ਮਾਨਤ ਅਰਜ਼ੀ ’ਤੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਬਹਿਸ ਹੋਈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸ਼ਾਮ 4 ਵਜੇ ਤੱਕ ਰਾਖਵਾਂ ਰੱਖ ਲਿਆ ਹੈ।

ਬੀਤੇ ਦਿਨੀਂ ਸੈਣੀ ਨੇ ਆਪਣੇ ਵਕੀਲਾਂ ਐਡਵੋਕੇਟ ਏਪੀਐੱਸ ਦਿਓਲ ਅਤੇ ਐੱਚਐੱਸ ਧਨੋਆ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਉਸ ਨੂੰ ਅਗਾਊਂ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਬਚਾਅ ਪੱਖ ਦੇ ਵਕੀਲਾਂ ਨੇ ਬਹਿਸ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਇਸ ਕੇਸ ਨਾਲ ਸੁਮੇਧ ਸੈਣੀ ਦਾ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਵਿਜੀਲੈਂਸ ਜਾਣਬੁੱਝ ਕੇ ਝੂਠੇ ਕੇਸ ਵਿੱਚ ਫਸਾ ਰਹੀ ਹੈ। ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਵਿਜੀਲੈਂਸ ਵੱਲੋਂ ਦਰਜ ਕੀਤੀ ਐੱਫ਼ਆਈਆਰ ਦੇ ਹਵਾਲੇ ਨਾਲ ਅਦਾਲਤ ਵਿੱਚ ਇਸ ਬਹੁਚਰਚਿਤ ਮਾਮਲੇ ਵਿੱਚ ਨਾਮਜ਼ਦ ਬਾਕੀ ਮੁਲਜ਼ਮਾਂ ਦੀਆਂ ਚੱਲ ਅਤੇ ਅਚੱਲ ਸੰਪਤੀਆਂ ਅਤੇ ਪੈਸਿਆਂ ਦੇ ਲੈਣ ਦੇਣ ਬਾਰੇ ਵਿਸਥਾਰ ਨਾਲ ਤੱਥ ਪੇਸ਼ ਕੀਤੇ।

ਉਨ੍ਹਾਂ ਨੇ ਚੰਡੀਗੜ੍ਹ ਵਾਲੀ ਕੋਠੀ ਦੀ ਰੈਂਟ ਡੀਡ ਅਤੇ ਬਿਨਾਂ ਰਸੀਦਾਂ ਤੋਂ ਕਰੋੜਾਂ ਰੁਪਏ ਇਕ ਦੂਜੇ ਦੇ ਖਾਤਿਆਂ ਵਿੱਚ ਟਰਾਂਸਫਰ ਕਰਨ ਦੀ ਗੱਲ ਕਹੀ। ਉਨ੍ਹਾਂ ਮੰਗ ਕੀਤੀ ਕਿ ਸਾਰੇ ਪਹਿਲੂਆਂ ਦੀ ਡੂੰਘਾਈ ਜਾਂਚ ਕਰਨ ਲਈ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਹੁਤ ਜ਼ਰੂਰੀ ਹੈ। ਲਿਹਾਜ਼ਾ ਸੁਮੇਧ ਸੈਣੀ ਦੀ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਜਾਵੇ ਤਾਂ ਜੋ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ 91000 ਕਰੋੜ ਰੁਪਏ ਦਾ ਨਿਵੇਸ਼ ਹੋਇਆ: ਮੁੱਖ ਸਕੱਤਰ
Next articleਪ੍ਰਸ਼ਾਂਤ ਕਿਸ਼ੋਰ ਵੱਲੋਂ ਅਮਰਿੰਦਰ ਦੇ ਪ੍ਰਮੁੱਖ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ