ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਹੈ। ਵਰਮਾ ’ਤੇ ਅਹੁਦੇ ਦੀ ਦੁਰਵਰਤੋਂ ਅਤੇ ਸਬੰਧਤ ਸੇਵਾ ਨੇਮਾਂ ਦੀ ਉਲੰਘਣਾ ਦਾ ਕਥਿਤ ਦੋਸ਼ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਸੀਬੀਆਈ ਦੇ ਨੋਡਲ ਮੰਤਰਾਲੇ ਪਰਸੋਨਲ ਅਤੇ ਟਰੇਨਿੰਗ ਵਿਭਾਗ (ਡੀਓਪੀਟੀ) ਨੂੰ ਪੱਤਰ ਲਿਖ ਕੇ ਵਰਮਾ ਖ਼ਿਲਾਫ਼ ਜ਼ਰੂਰੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਵਰਮਾ ਖ਼ਿਲਾਫ਼ ਕਾਰਵਾਈ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਨ੍ਹਾਂ ਦੀ ਪੈਨਸ਼ਨ ਅਤੇ ਸੇਵਾਮੁਕਤੀ ਲਾਭਾਂ ’ਤੇ ਆਰਜ਼ੀ ਜਾਂ ਪੱਕੀ ਰੋਕ ਲੱਗ ਸਕਦੀ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ’ਚ ਆਪਣੇ ਕਾਰਜਕਾਲ ਦੌਰਾਨ 1979 ਬੈਚ ਦੇ ਭਾਰਤੀ ਸਿਵਲ ਸੇਵਾ (ਸੇਵਾਮੁਕਤ) ਅਧਿਕਾਰੀ ਵਰਮਾ ਦਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਆਪਣੇ ਗ੍ਰਹਿ ਗੁਜਰਾਤ ਕਾਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨਾਲ ਵਿਵਾਦ ਹੋਇਆ ਸੀ। ਵਰਮਾ ਤੇ ਅਸਥਾਨਾ ਦੋਵਾਂ ਨੇ ਹੀ ਇੱਕ ਦੂਜੇ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਹਨ। ਅਸਥਾਨਾ ਹੁਣ ਦਿੱਲੀ ਪੁਲੀਸ ਦੇ ਕਮਿਸ਼ਨਰ ਹਨ।
ਇੱਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘ਵਰਮਾ ’ਤੇ ਅਹੁਦੇ ਦੀ ਦੁਰਵਰਤੋਂ ਅਤੇ ਸਬੰਧਤ ਸੇਵਾਂ ਨੇਮਾਂ ਦੀ ਉਲੰਘਣਾ ਦਾ ਦੋਸ਼ ਹੈ। ਗ੍ਰਹਿ ਮੰਤਰਾਲੇ ਵੱਲੋਂ ਉਨ੍ਹਾਂ ਖ਼ਿਲਾਫ਼ ਜ਼ਰੂਰੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਸ਼ਿਫਾਰਸ਼ ਕੀਤੀ ਗਈ ਹੈ।’
ਗ੍ਰਹਿ ਮੰਤਰਾਲਾ ਆਈਪੀਐੱਸ ਅਧਿਕਾਰੀਆਂ ਦੇ ਕਾਡਰ ਸਬੰਧੀ ਕੰਟਰੋਲ ਕਰਨ ਵਾਲੀ ਅਥਾਰਿਟੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਡੀਓਟੀਪੀ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਸ਼ ਆਈਪੀਐੱਸ ਅਧਿਕਾਰੀਆਂ ਦੀ ਨਿਯੁਕਤੀ ਕਰਨ ਵਾਲੀ ਸੰਸਥਾ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਨੂੰ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਈਪੀਐੱਸ ਅਧਿਕਾਰੀਆਂ ’ਤੇ ਕੋਈ ਜੁਰਮਾਨਾ ਲਾਉਣ ਤੋਂ ਪਹਿਲਾਂ ਯੂਪੀਐੱਸਸੀ ਨਾਲ ਸਲਾਹ ਕਰਨੀ ਜ਼ਰੂਰੀ ਹੁੰਦੀ ਹੈ।
ਅਲੋਕ ਵਰਮਾ ਨੇ ਪਹਿਲੀ ਫਰਵਰੀ 2017 ਨੂੰ ਦੋ ਸਾਲਾਂ ਵਾਸਤੇ ਸੀਬੀਆਈ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਜਦਕਿ 10 ਜਨਵਰੀ 2019 ਨੂੰ ਵਰਮਾ ਨੂੰ ਇਸ ਅਹੁਦੇ ਤੋਂ ਹਟਾ ਕੇ ਇਸ ਤੋਂ ਘੱਟ ਅਹਿਮ ਵਿਭਾਗ ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਅਤੇ ਹੋਮ ਗਾਰਡਜ਼ ਦਾ ਡਾਇਰੈਕਟਰ ਜਨਰਲ ਲਗਾ ਦਿੱਤਾ ਗਿਆ ਸੀ। ਹਾਲਾਂਕਿ ਵਰਮਾ ਨੇ ਇਹ ਪੇਸ਼ਕਸ਼ ਮਨਜ਼ੂਰ ਨਹੀਂ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਲਿਖਿਆ ਸੀ ਕਿ ਉਹ 31 ਜੁਲਾਈ 2017 ਨੂੰ 60 ਸਾਲ ਦੀ ਉਮਰ ਪੂਰੀ ਚੁੱਕੇ ਹਨ ਅਤੇ ਉਨ੍ਹਾਂ ਨੂੰ ਸੇਵਾਮੁਕਤ ਮੰਨ ਲਿਆ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly