ਨਵੀਂ ਦਿੱਲੀ (ਸਮਾਜ ਵੀਕਲੀ) : ਪੈਗਾਸਸ ਜਾਸੂਸੀ ਕਾਂਡ, ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ ਲਗਾਤਾਰ ਜਾਰੀ ਹੈ। ਸਰਕਾਰ ਨੇ ਰੌਲੇ-ਰੱਪੇ ਦੌਰਾਨ ਲੋਕ ਸਭਾ ’ਚ ਦੋ ਅਤੇ ਰਾਜ ਸਭਾ ’ਚ ਤਿੰਨ ਬਿੱਲ ਪਾਸ ਕਰਵਾ ਲਏ। ਕਾਰਵਾਈ ’ਚ ਵਾਰ ਵਾਰ ਵਿਘਨ ਪਏ ਜਾਣ ਕਰਕੇ ਦੋਵੇਂ ਸਦਨਾਂ ਨੂੰ ਭਲਕੇ ਲਈ ਮੁਲਤਵੀ ਕਰ ਦਿੱਤਾ ਗਿਆ। ਉਂਜ ਲੋਕ ਸਭਾ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਨੂੰ ਹੰਗਾਮਾ ਕਰਨ ਤੋਂ ਰੋਕਣ ਲਈ ਚਿਤਾਵਨੀ ਦਿੱਤੀ ਗਈ ਹੈ। ਲੋਕ ਸਭਾ ’ਚ ਹੰਗਾਮੇ ਦੌਰਾਨ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਨਾਰੀਅਲ ਵਿਕਾਸ ਬੋਰਡ (ਸੋਧ) ਬਿੱਲ, 2021 ਪੇਸ਼ ਕੀਤਾ।
ਤੋਮਰ ਨੇ ਕਿਹਾ ਕਿ ਇਸ ਬਿੱਲ ਨਾਲ ਵੱਖ ਵੱਖ ਸੂਬਿਆਂ ਦੇ ਨਾਰੀਅਲ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਲਾਭ ਮਿਲੇਗਾ। ਵਿਰੋਧੀ ਧਿਰ ਵੱਲੋਂ ਇਤਰਾਜ਼ ਜਤਾਏ ਦੌਰਾਨ ਬਿੱਲ ਬਿਨਾਂ ਬਹਿਸ ਤੋਂ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਲੋਕ ਸਭਾ ਨੇ ਕੌਮੀ ਰਾਜਧਾਨੀ ਖੇਤਰ ਅਤੇ ਨਾਲ ਲਗਦੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਬਾਰੇ ਬਿੱਲ, 2021 ਨੂੰ ਪਾਸ ਕਰ ਦਿੱਤਾ ਸੀ। ਇਕ ਵਾਰ ਤਾਂ ਸਪੀਕਰ ਦੇ ਆਸਣ ’ਤੇ ਬੈਠੇ ਰਾਜੇਂਦਰ ਅਗਰਵਾਲ ਵੀ ਵਿਰੋਧੀ ਮੈਂਬਰਾਂ ਦੇ ਰਵੱਈਏ ਤੋਂ ਨਾਰਾਜ਼ ਹੋ ਗਏ ਸਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ,‘‘ਅਜਿਹਾ ਕੁਝ ਨਾ ਕਰੋ ਕਿ ਚੇਅਰ ਨੂੰ ਕੋਈ ਕਾਰਵਾਈ ਕਰਨੀ ਪਏ। ਜੇਕਰ ਸਪੀਕਰ ਖੜ੍ਹਾ ਹੈ ਤਾਂ ਤੁਹਾਨੂੰ ਬੈਠ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਸਾਰੇ ਜਣੇ ਆਪਣੀਆਂ ਸੀਟਾਂ ’ਤੇ ਚਲੇ ਜਾਣ। ਇਹ ਵਤੀਰਾ ਮਨਜ਼ੂਰ ਨਹੀਂ ਹੈ।’’
ਸਦਨ ਦੇ 8 ਸਾਬਕਾ ਮੈਂਬਰਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਵੀ ਦਿੱਤੀ ਗਈ। ਉਧਰ ਰਾਜ ਸਭਾ ’ਚ ਵਿਰੋਧੀ ਮੈਂਬਰਾਂ ਦੇ ਪ੍ਰਦਰਸ਼ਨ ਦੌਰਾਨ ਸਰਕਾਰ ਨੇ ਹਵਾਈ ਅੱਡਾ ਆਰਥਿਕ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਸੋਧ) ਬਿੱਲ, 2021, ਸੀਮਤ ਜ਼ਿੰਮੇਵਾਰੀ ਭਾਈਵਾਲੀ (ਸੋਧ) ਬਿੱਲ, 2021 ਅਤੇ ਜਮ੍ਹਾਂ ਬੀਮਾ ਤੇ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (ਸੋਧ) ਬਿੱਲ ਪਾਸ ਕਰਵਾ ਲਏ। ਹਵਾਈ ਅੱਡਾ ਆਰਥਿਕ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਸੋਧ) ਬਿੱਲ, 2021 ਲੋਕ ਸਭਾ ’ਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਬਿੱਲ ’ਤੇ ਸੰਖੇਪ ਬਹਿਸ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਵੱਲੋਂ ਦਿੱਤੇ ਸੰਖੇਪ ਜਵਾਬ ਮਗਰੋਂ ਇਸ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਉਪ ਚੇਅਰਮੈਨ ਹਰਿਵੰਸ਼ ਨਾਰਾਇਣ ਸਿੰਘ ਨੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਮੋਬਾਈਲ ਫੋਨਾਂ ’ਤੇ ਸਦਨ ਦੀ ਕਾਰਵਾਈ ਰਿਕਾਰਡ ਨਾ ਕਰਨ ਕਿਉਂਕਿ ਇਹ ਰਾਜ ਸਭਾ ਦੇ ਨੇਮਾਂ ਖ਼ਿਲਾਫ਼ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly