ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)

ਜਿਉਂਦੇ ਜੀਅ ਕੋਈ ਜਾ ਨਹੀਂ ਸਕਦਾ, ਮਰਿਆ ਕੋਈ ਆ ਕੇ ਦੱਸ ਨਹੀਂ ਸਕਦਾ! ਫਿਰ ਸਵਰਗ-ਨਰਕ ਦੀ ਖੋਜ ਕਿਸ ਨੇ ਕੀਤੀ? ਇਹ ਸਵਾਲ ਮੈਨੂੰ ਬਹੁਤ ਤੰਗ ਕਰਦੇ!

ਦਾਸ ਦੀ ਤੁਛ ਬੁੱਧ ਅਨੁਸਾਰ ਤਾਂ…’ਅਣਡਿੱਠੇ ਸਵਰਗ ਦੀ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਲਈ, ਅੱਖੀਡਿੱਠੇ ਲੋਕ ਵਿੱਚ ਨੇਕੀ ਤੇ ਸ਼ਰਾਫਤ ਭਰਿਆ ਜੀਵਨ ਜਿਉਂਣਾ ਪੈਂਦਾ ਹੈ’!

ਸਾਡਾ ਇਹੋ ਜੀਵਨ ਸਵਰਗ ਬਣ ਸਕਦੇ। ਮੰਨਿਆ ਇਹ ਵੀ ਸੱਚ ਹੈ ਕਿ ਝੂਠ, ਭਰਿਸ਼ਟਾਚਾਰ ਤੇ ਬੇਈਮਾਨੀ ਨਦੀਨਾਂ ਵਾਂਗ ਭਾਰੀ ਮਾਤਰਾ ਵਿਚ ਸਮਾਜ ‘ਚ ਖੁਦ ਬਾਖੁਦ ਉਗ ਪੈਂਦੀ ਹੈ ਤੇ ਇਹ ਬਹੁਤ ਜ਼ਿਆਦਾ ਫੈਲੀ ਹੋਈ ਵੀ ਹੈ। ਇਸ ਤਰ੍ਹਾਂ ਦੇ ਭ੍ਰਿਸ਼ਟ ਸਿਸਟਮ ਵਿਚ ਈਮਾਨਦਾਰ ਵਿਅਕਤੀ ਨੂੰ ਪੈਰ-ਪੈਰ ਤੇ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂ ਨਾ ਆਪਾਂ ਫਿਰ ਵੀ ਉਹ ਵਿਰਲੇ ਵਿਅਕਤੀ ਬਣੀਏ ਜੋ ਬੁਰੇ ਸਮੇਂ ਨਾਲ ਹੱਸਕੇ ਟੱਕਰ ਲੈਣ ਲਈ ਛਾਤੀ ਤਾਣ ਕੇ ਖਲੋ ਜਾਣ ਅਤੇ ਚਿਕੜ ‘ਚ ਕਮਲ ਦੇ ਫੁੱਲ ਤੇ ਲੱਸੀ ਤੋਂ ਮੱਖਣ ਦੀ ਤਰ੍ਹਾਂ ਉਪਰ ਉਠਕੇ ਪ੍ਰੇਰਨਾਦਾਇਕ ਉਦਾਹਰਣ ਬਣੀਏ। ਤੇ ਸਮਾਜ ਨੂੰ ਜਾਣੂ ਕਰਵਾਈਏ ਕਿ…ਸਚਾਈ, ਈਮਾਨਦਾਰੀ ਤੇ ਨੇਕੀ ਦਾ ਹਾਲੇ ਇਸ ਧਰਤੀ ਤੋਂ ਬੀਜ ਨਾਸ਼ ਨਹੀਂ ਹੋਇਆ।

ਜੀਵਨ ਦਾ ਸਫ਼ਰ ਸਾਡੇ ਹੱਥ ਹੈ, ਕਿਸ ਤਰ੍ਹਾਂ ਕੱਢਣਾ। ਅੱਜ ਲੋਕ ਜ਼ਿੰਦਗੀ ਨੂੰ ੲਿੱਕ ਮੁਕਾਬਲੇ ਦੀ ਤਰ੍ਹਾਂ ਜਿਓਦੇ ਨੇ, ਜਿਨ੍ਹਾਂ ਦੀ ਤੁਲਨਾਂ ਨਵੇਂ-ਨਵੇ ਗੱਡੀ ਚਲਾਓਣ ਸਿੱਖ਼ੇ ਡਰਾਈਵਰ ਨਾਲ ਕੀਤੀ ਜਾ ਸਕਦੀ ਹੈ, ਜੋ ਕਿਸੇ ਨਾਲ ਜਾ ਰਹੀ ਕਾਰ ਨੂੰ ਮੁਹਰੇ ਨਹੀਂ ਨਿੱਕਲਣ ਦਿੰਦਾ ਜੇ ਨਿੱਕਲ ਵੀ ਜਾਵੇ ਤਾਂ ਜੋਖ਼ਮ ੳੁਠਾਕੇ ਦੁਬਾਰਾ ਓਸ ਤੋਂ ਅੱਗੇ ਨਿੱਕਲਣ ਦੀਅਾਂ ਕੋਸ਼ਿਸ਼ਾਂ ਕਰਦਾ-ਕਰਦਾ ਕਿਸੇ ਭਲੇ ਪੁਰਸ ਦੀ ਗੱਡੀ ਵਿਚ ਠੋਕ ਦਿੰਦਾ ਹੈ। ਇਹੋ ਜਿਹੇ ਮਾਨਸਿਕ ਰੋਗੀ ਆਪ ਤਾਂ ਪ੍ਰੇਸ਼ਾਨ ਹੁੰਦੇ ਹੀ ਨੇ ਦੂਜਿਆਂ ਦਾ ਜਿਉਂਣਾ ਵੀ ਦੁੱਬਰ ਕਰੀ ਰੱਖਦੇ ਹਨ’!

ਆਓ ਜਿਨਾਂ ਕੁ ਹੋ ਸਕੇ ਜੀਵਨ ਦਾ ਰਸ ਮਾਣੀਏ, ਬਜੁਰਗਾਂ ਨੇ ਜੀਵਨ ਪੰਧ ਮੁਕਾਕੇ ਹੀ ਕਿਹਾ ਹੋਣਾ ਕਿ… *’ਮੇਲਾ ਮੇਲੀ ਦਾ, ਨਾਂ ਪੈਸੇ ਦਾ ਨਾਂ ਧੇਲੀ ਦਾ’!* ਜਦੋਂ ਸਾਡੇ ਚੇਤਿਆਂ ‘ਚ ਉਮੀਦ ਦੀ ਫ਼ਸਲ ਉੱਗ ਪਵੇ, ਤਾਂ ਸਾਨੂੰ ਮਿਹਨਤ ਦੀ ਸਿੰਜਾਈ ਕਰਦੇ ਰਹਿਣਾ ਚਾਹੀਦਾ ਹੈ, ਯਕੀਨਨ ਝਾੜ ਸੰਤੋਸ਼ਜਨਕ ਹੀ ਨਿਕਲਦਾ ਹੈ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਖਤਾਰਨਾਮਾ
Next articleਸੁੱਚੇ ਲਫ਼ਜ਼