ਸੰਗਰੂਰ, (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 8 ਅਗਸਤ ਦਿਨ ਐਤਵਾਰ ਨੂੰ 10:00 ਵਜੇ ਹੋਟਲ ਈਟਿੰਗ ਮਾਲ, ਬਰਾਨਾਲਾ ਕੈਂਚੀਆਂ ਸੰਗਰੂਰ ਵਿਖੇ ‘ਬਿਨਾਂ ਦਵਾਈਆਂ ਤੋਂ ਤੰਦਰੁਸਤ ਰਹਿਣ ਦੀ ਕੁਦਰਤੀ ਪ੍ਰਣਾਲੀ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਡਾ. ਅਮਰ ਸਿੰਘ ਆਜ਼ਾਦ ਐੱਮ. ਬੀ. ਬੀ. ਐੱਸ. ਐੱਮਡੀ. (ਬਾਲ ਰੋਗ ਅਤੇ ਕਮਿਊਨਿਟੀ ਮੈਡੀਸਨ) ਕਰਨਗੇ ਅਤੇ ਵਿਚਾਰ ਚਰਚਾ ਵਿੱਚ ਡਾ. ਭਗਵਾਨ ਸਿੰਘ ਐੱਮ. ਬੀ. ਬੀ. ਐੱਸ., ਡਾ. ਏ. ਐੱਸ. ਮਾਨ ਡੀ. ਐੱਚ. ਐੱਮ. ਐੱਸ. (ਉੱਘੇ ਸਮਾਜ ਸੇਵਕ) ਅਤੇ ਡਾ. ਹਰਪ੍ਰੀਤ ਸਿੰਘ ਭੰਡਾਰੀ ਬੀ. ਐੱਨ. ਵਾਈ. ਐੱਸ. (ਸਟੇਟ ਐਵਾਰਡੀ) ਹਿੱਸਾ ਲੈਣਗੇ।
ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਡਾ. ਬਿਸਵਰੂਪ ਰਾਏ ਚੌਧਰੀ ਦੀ ਵਿਸ਼ਵ ਪ੍ਰਸਿੱਧ ਪੁਸਤਕ ਦਾ ਕਰਮ ਸਿੰਘ ਜ਼ਖ਼ਮੀ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ ‘ਹਸਪਤਾਲ ’ਚੋਂ ਜਿਊਂਦੇ ਕਿਵੇਂ ਮੁੜੀਏ’ ਲੋਕ ਅਰਪਣ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਰਮ ਸਿੰਘ ਜ਼ਖ਼ਮੀ ਦੇ ਛੇ ਗ਼ਜ਼ਲ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਗੀਤ-ਸੰਗ੍ਰਹਿ, ਇੱਕ ਆਲੋਚਨਾ ਦੀ ਪੁਸਤਕ, ਤਿੰਨ ਸੰਪਾਦਿਤ ਕਾਵਿ-ਸੰਗ੍ਰਹਿ, ਇੱਕ ਸੰਪਾਦਿਤ ਕਹਾਣੀ-ਸੰਗ੍ਰਹਿ, ਇੱਕ ਅਨੁਵਾਦਿਤ ਕਹਾਣੀ-ਸੰਗ੍ਰਹਿ, ਤਿੰਨ ਅਨੁਵਾਦਿਤ ਲੇਖ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਗ਼ਜ਼ਲਕਾਰੀ ਬਾਰੇ ਪੰਜਾਬੀ ਦੇ ਉੱਘੇ ਆਲੋਚਕਾਂ ਵੱਲੋਂ ਆਲੋਚਨਾ ਦੀਆਂ ਦੋ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।