ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਵਿਧਾਨ ਸਭਾ ਨੇ ਕੇਂਦਰ ਵੱਲੋਂ ਪਾਸ ਤਿੰਨੋਂ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ। ਵਿਧਾਨ ਸਭਾ ਨੇ ਮਤਾ ਪਾਸ ਕਰਕੇ ਸਿਫਾਰਿਸ਼ ਕੀਤੀ ਕਿ ਕੇਂਦਰ ਸਰਕਾਰ ਪਿਛਲੇ ਸਾਲ ਸੰਸਦ ਵਿੱਚ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰੇ। ਮਤੇ ਵਿੱਚ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਿਰੋਧ ਕਰ ਰਹੇ ਕਿਸਾਨਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਗੱਲਬਾਤ ਦਾ ਸੱਦਾ ਦੇਵੇ। ਇਸ ਤੋਂ ਪਹਿਲਾਂ ਪੰਜਾਬ, ਪੱਛਮੀ ਬੰਗਾਲ, ਰਾਜਸਥਾਨ, ਛੱਤੀਸਗੜ੍ਹ, ਦਿੱਲੀ ਅਤੇ ਕੇਰਲ ਵਿਧਾਨ ਸਭਾਵਾਂ ਸਮੇਤ ਹੋਰ ਕਈਆਂ ਨੇ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਵਾਲੇ ਮਤੇ ਪਾਸ ਕੀਤੇ ਹਨ। ਵਿਧਾਨ ਸਭਾ ਨੇ ‘ਦਿੱਲੀ ਵਸਤਾਂ ਤੇ ਸੇਵਾ ਕਰ (ਸੋਧ) ਬਿੱਲ 2021’ ਵੀ ਪਾਸ ਕਰ ਦਿੱਤਾ ਹੈ। ਉਂਜ ਵਿਰੋਧੀ ਧਿਰ ਭਾਜਪਾ ਵੱਲੋਂ ਇਸ ਸੋਧ ਬਿੱਲ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸ ਬਿੱਲ ’ਚ 15 ਸੋਧਾਂ ਕਰਕੇ ਕਰਾਂ ਦੀਆਂ ਚੋਰ ਮੋਰੀਆਂ ਬੰਦ ਕਰਨ ਦਾ ਦਿੱਲੀ ਸਰਕਾਰ ਨੇ ਦਾਅਵਾ ਕੀਤਾ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਵਿੱਤ ਮਹਿਕਮਾ ਵੀ ਦੇਖਦੇ ਹਨ, ਨੇ ਇਹ ਸੋਧ ਬਿੱਲ ਪੇਸ਼ ਕਰਦਿਆਂ ਕਿਹਾ ਕਿ ਸੋਧਾਂ ਦਾ ਮਕਸਦ ਕਰ ਚੋਰੀ ਰੋਕਣਾ ਅਤੇ ਵਧੇਰੇ ਟੈਕਸ ਇਕੱਠਾ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਤਬਦੀਲੀਆਂ ਵਪਾਰੀਆਂ ਦੇ ਕੰਮਕਾਜ ਵਿੱਚ ਤੇਜ਼ੀ ਲਿਆਉਣ ਲਈ ਮਦਦਗਾਰ ਸਾਬਤ ਹੋਣਗੀਆਂ। ਸ੍ਰੀ ਸਿਸੋਦੀਆ ਨੇ ਕਿਹਾ ਕਿ ਇੱਕ ਸੋਧ ਉਨ੍ਹਾਂ ਪੰਜੀਕ੍ਰਿਤ ਵਪਾਰੀਆਂ ਲਈ ਲਾਜ਼ਮੀ ਆਡਿਟ ਕਰਨ ਦੀ ਲੋੜ ਨੂੰ ਦੂਰ ਕਰੇਗੀ ਜਿਨ੍ਹਾਂ ਦਾ ਕਾਰੋਬਾਰ ਡੇਢ ਕਰੋੜ ਜਾਂ ਉਸ ਤੋਂ ਜ਼ਿਆਦਾ ਹੈ। ਉਧਰ ਭਾਜਪਾ ਵਿਧਾਇਕ ਵਜਿੰਦਰ ਗੁਪਤਾ ਨੇ ਦਿੱਲੀ ਸਰਕਾਰ ’ਤੇ ਦੋਸ਼ ਲਾਇਆ ਕਿ ਇਹ ਬਿੱਲ ਕਾਹਲੀ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਇਸ ਨੂੰ ਪੇਸ਼ ਅਤੇ ਪਾਸ ਕਰਨ ਦੇ ਸਮੇਂ ’ਤੇ ਵੀ ਇਤਰਾਜ਼ ਜਤਾਇਆ।
ਬ੍ਰੈਡ ਐਂਡ ਬ੍ਰੇਕਫਾਸਟ ਯੋਜਨਾ ’ਚ ਸੋਧ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਸੈਸ਼ਨ ਦੇ ਆਖ਼ਰੀ ਦਿਨ ਦਿੱਲੀ ਅੰਦਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ‘ਬ੍ਰੈਡ ਐਂਡ ਬ੍ਰੇਕਫਾਸਟ ਯੋਜਨਾ’ ਵਿੱਚ ਸੋਧ ਕਰਨ ਦਾ ਮਤਾ ਪੇਸ਼ ਕੀਤਾ ਜਿਸ ਨੂੰ ਪਾਸ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਇਸ ਯੋਜਨਾ ਤਹਿਤ ਪੰਜੀਕਰਨ ਪ੍ਰਕਿਰਿਆ 90 ਤੋਂ ਘਟਾ ਕੇ 60 ਦਿਨ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਉਹ ਮਕਾਨ ਮਾਲਕ ਅਰਜ਼ੀ ਦੇ ਸਕਦੇ ਹਨ ਜਿਨ੍ਹਾਂ ਦੇ ਘਰਾਂ ’ਚ ਇੱਕ ਤੋਂ 6 ਕਮਰੇ ਖਾਲੀ ਹਨ ਅਤੇ ਸੈਲਾਨੀਆਂ ਲਈ ਲੋੜੀਂਦੀਆਂ ਸਹੂਲਤਾਂ ਹਨ।
ਭਾਜਪਾ ਵਿਧਾਇਕ ਮੋਹਨ ਸਿੰਘ ਬਿਸ਼ਟ ਮੁਅੱਤਲ
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਭਾਜਪਾ ਵਿਧਾਇਕ ਮੋਹਨ ਸਿੰਘ ਬਿਸ਼ਟ ਨੂੰ ‘ਆਪ’ ਵਿਧਾਇਕ ਸੋਮਨਾਥ ਭਾਰਤੀ ਬਾਰੇ ਗ਼ਲਤ ਟਿੱਪਣੀ ਕਰਨ ’ਤੇ ਸਦਨ ’ਚੋਂ ਮੁਅੱਤਲ ਕਰ ਦਿੱਤਾ ਹੈ। ‘ਆਪ’ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਕੋਲ ਆ ਕੇ ਰੌਲਾ ਪਾਇਆ ਅਤੇ ਉਨ੍ਹਾਂ ਬਿਸ਼ਟ ਤੋਂ ਮੁਆਫ਼ੀ ਦੀ ਮੰਗ ਕੀਤੀ। ਸਪੀਕਰ ਦੇ ਫ਼ੈਸਲੇ ਮਗਰੋਂ ਭਾਜਪਾ ਦੇ ਵਿਧਾਇਕ ਬਾਈਕਾਟ ਕਰਦੇ ਹੋਏ ਸਦਨ ਤੋਂ ਬਾਹਰ ਚਲੇ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly