ਵਜ਼ੀਫ਼ਾ ਘੁਟਾਲਾ: ਯੂਥ ਅਕਾਲੀ ਦਲ ਨੇ ਧਰਮਸੋਤ ਦੀ ਰਿਹਾਇਸ਼ ਘੇਰੀ

ਚੰਡੀਗੜ੍ਹ (ਸਮਾਜ ਵੀਕਲੀ): ਯੂਥ ਅਕਾਲੀ ਦਲ ਅਤੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐੱਸਓਆਈ) ਦੇ ਕਾਰਕੁਨਾਂ ਨੇ ਅੱਜ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਸਰਕਾਰੀ ਰਿਹਾਇਸ਼ ਅੱਗੇ ਰੋਸ ਮੁਜ਼ਾਹਰਾ ਕਰਦਿਆਂ ਵਜ਼ੀਫ਼ਾ ਘੁਟਾਲੇ ਵਿੱਚ ਮੰਤਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਯੂਥ ਅਕਾਲੀ ਦਲ ਦੇ ਸਰਬਜੀਤ ਸਿੰਘ ਝਿੰਜਰ ਤੇ ਐੱਸਓਆਈ ਪ੍ਰਧਾਨ ਰੌਬਿਨ ਬਰਾੜ ਦੀ ਅਗਵਾਈ ਹੇਠ ਕਾਰਕੁਨਾਂ ਨੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗ੍ਰਿਫ਼ਤਾਰੀਆਂ ਵੀ ਦਿੱਤੀਆਂ ਗਈਆਂ। ਰੌਬਿਨ ਬਰਾੜ ਨੇ ਕਿਹਾ ਕਿ ਧਰਮਸੋਤ ਨੇ ਐੱਸਸੀ ਸਕਾਲਰਸ਼ਿਪ ਘੁਟਾਲੇ ਤੋਂ ਨਾ ਸਿਰਫ 69 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ, ਬਲਕਿ ਲੱਖਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਰਮਸੋਤ ਨੂੰ ਬਰਖ਼ਾਸਤ ਕਰ ਕੇ ਉਸ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਨਾ ਕਰਵਾਇਆ ਤਾਂ ਐੱਸਓਆਈ ਮੁੱਖ ਮੰਤਰੀ ਦਾ ਵੀ ਘਿਰਾਓ ਕਰੇਗੀ।

ਯੂਥ ਅਕਾਲੀ ਦਲ ਦੇ ਆਗੂ ਭੀਮ ਵੜੈਚ, ਵਿੱਕੀ ਮਿੱਡੂਖੇੜਾ ਤੇ ਪਰਮਿੰਦਰ ਬਾਹਰਾ ਨੇ ਵੀ ਧਰਮਸੋਤ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਦੇ ਸਮਾਜ ਭਲਾਈ ਤੇ ਸਸ਼ਕਤੀਕਰਨ ਮੰਤਰਾਲੇ ਨੂੰ ਧਰਮਸੋਤ ਖ਼ਿਲਾਫ਼ ਠੋਸ ਸਬੂਤ ਮਿਲ ਗਏ ਹਨ, ਜਿਸ ਕਾਰਨ ਮੰਤਰੀ ਖ਼ਿਲਾਫ਼ ਸੀਬੀਆਈ ਜਾਂਚ ਦੇ ਹੁਕਮ ਜਾਰੀ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੀਬੀਆਈ ਜਾਂਚ ਵਿੱਚ ਅੜਿੱਕਾ ਨਹੀਂ ਬਣਨਾ ਚਾਹੀਦਾ ਤੇ ਮੰਤਰੀ ਧਰਮਸੋਤ ਨੁੰ ਤੁਰੰਤ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਤਾਂ ਜੋ ਕੇਸ ਦੀ ਨਿਰਪੱਖ ਜਾਂਚ ਹੋ ਸਕੇ। ਦੋਵਾਂ ਜਥੇਬੰਦੀਆਂ ਨੇ ਧਰਮਸੋਤ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਨਿਤਿਨ ਗਡਕਰੀ ਦੇ ਦਫ਼ਤਰ ਪੁੱਜਾ ਹਾਦਸਿਆਂ ਦਾ ਮੁੱਦਾ
Next articleਹੜਤਾਲ ਜਲਦੀ ਖਤਮ ਹੋਵੇਗੀ: ਬਾਜਵਾ