ਨੌਂ ਉੱਚ ਪੁਲੀਸ ਅਫ਼ਸਰਾਂ ਕੋਲੋਂ ਪੁੱਛ-ਪੜਤਾਲ

ਫ਼ਰੀਦਕੋਟ (ਸਮਾਜ ਵੀਕਲੀ): ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਜ ਇੱਥੇ ਟੀਮ ਦੇ ਦਫ਼ਤਰ ਵਿੱਚ ਪੰਜਾਬ ਪੁਲੀਸ ਦੇ 9 ਉੱਚ ਅਫ਼ਸਰਾਂ ਕੋਲੋਂ ਪੁੱਛ-ਪੜਤਾਲ ਕੀਤੀ, ਜਿਨ੍ਹਾਂ ਜੇਲ੍ਹ ਵਿਭਾਗ ਦੇ ਡੀਆਈਜੀ ਸੁਖਮਿੰਦਰ ਸਿੰਘ ਮਾਨ ਵੀ ਸ਼ਾਮਲ ਹਨ, ਜੋ ਕੋਟਕਪੂਰਾ ਗੋਲ਼ੀਕਾਂਡ ਸਮੇਂ ਫ਼ਰੀਦਕੋਟ ਦੇ ਐੱਸਐੱਸਪੀ ਸਨ। ਜਾਂਚ ਟੀਮ ਨੇ ਇਸ ਤੋਂ ਇਲਾਵਾ ਡੀਐੱਸਪੀ ਹਰਜਿੰਦਰ ਸਿੰਘ, ਡੀਐੱਸਪੀ ਅਮਰਜੀਤ ਸਿੰਘ, ਇੰਸਪੈਕਟਰ ਕੁਲਦੀਪ ਚੰਦ, ਇੰਸਪੈਕਟਰ ਬਚਨ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਤੋਂ ਵੀ ਪੁੱਛ-ਪੜਤਾਲ ਕੀਤੀ। ਇਹ ਸਾਰੇ ਪੁਲੀਸ ਅਧਿਕਾਰੀ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਸਮੇਂ ਕੋਟਕਪੂਰਾ ਵਿੱਚ ਹਾਜ਼ਰ ਸਨ। ਫ਼ਰੀਦਕੋਟ ਦੇ ਡੀਆਈਜੀ ਸੁਰਜੀਤ ਸਿੰਘ ਨੇ ਪੁਲੀਸ ਅਧਿਕਾਰੀਆਂ ਤੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਪੁੱਛ-ਪੜਤਾਲ ਕੀਤੀ ਅਤੇ ਬਕਾਇਦਾ ਤੌਰ ’ਤੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ।

ਜਾਂਚ ਟੀਮ ਇਸ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਬਕਾ, ਡੀਜੀਪੀ ਸੁਮੇਧ ਸੈਣੀ ਸਮੇਤ 200 ਵਿਅਕਤੀਆਂ ਦੇ ਬਿਆਨ ਕਲਮਬੰਦ ਕਰ ਚੁੱਕੀ ਹੈ। ਜਾਂਚ ਟੀਮ ਨੇ ਇਸ ਮਾਮਲੇ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਨਾਰਕੋ ਟੈਸਟ ਦੀਆਂ ਵੀ ਤਿਆਰੀਆਂ ਕਰ ਲਈਆਂ ਹਨ। ਇਸ ਟੈਸਟ ਲਈ ਇਲਾਕਾ ਮੈਜਿਸਟ੍ਰੇਟ ਨੇ ਦੋ ਹਫਤੇ ਪਹਿਲਾਂ ਹੀ ਮਨਜ਼ੂਰੀ ਦਿੱਤੀ ਹੈ। ਜਦੋਂ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੇ ਕੋਟਕਪੂਰਾ ਗੋਲ਼ੀਕਾਂਡ ਵਿੱਚ ਆਪਣਾ ਨਾਰਕੋ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਕੋਟਕਪੂਰਾ ਗੋਲੀ ਕਾਂਡ ਦੀ ਪਹਿਲੀ ਜਾਂਚ ਪੜਤਾਲ ਰੱਦ ਹੋਣ ਤੋਂ ਬਾਅਦ ਜਾਂਚ ਟੀਮ ਨੇ ਦੂਸਰੀ ਚਾਰਜਸ਼ੀਟ ਤਿਆਰ ਕਰਨ ਲਈ ਸਾਰੇ ਗਵਾਹਾਂ ਨੂੰ ਦੁਬਾਰਾ ਹੜਤਾਲ ਵਿੱਚ ਸ਼ਾਮਲ ਕੀਤਾ ਹੈ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ਵਿੱਚ ਰਾਹਤ ਬਣ ਵਰ੍ਹਿਆ ਮੀਂਹ
Next articleਗੁਰਦੁਆਰਾ ਨਾਨਕ ਮਤਾ ਦੀ ਪ੍ਰਬੰਧਕ ਕਮੇਟੀ ਵੱਲੋਂ ਅਸਤੀਫ਼ਾ