ਪੰਜਾਬੀ ਵਿਰਸੇ ਨੂੰ ਸ਼ਬਦਾਂ ਵਿੱਚ ਚਿਤਰਨ ਵਾਲੀ ਲੇਖਿਕਾ ਰਾਜਿੰਦਰ ਰਾਣੀ

ਰਾਜਿੰਦਰ ਰਾਣੀ

(ਸਮਾਜ ਵੀਕਲੀ)

ਰਾਜਿੰਦਰ ਰਾਣੀ ਜਿਸ ਨੂੰ ਆਪਣੇ ਸੱਭਿਆਚਾਰ ਵੱਡਮੁੱਲੇ ਵਿਰਸੇ ਦੀ ਸਾਂਭ-ਸੰਭਾਲ ਤੇ ਅਲੋਪ ਹੋਈਆਂ ਚੀਜ਼ਾਂ ਤੇ ਵਸਤਾਂ ਨੂੰ ਜਾਣਨ ਦਾ ਸ਼ੌਂਕ ਹਰ ਪਲ ਰਹਿੰਦਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ ਲੇਖ ਤੇ ਕਵਿਤਾਵਾਂ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਇਸ ਮੁਟਿਆਰ ਲੇਖਿਕਾ ਨੇ ਆਪਣੀ ਤੇ ਕਲਮ ਦੀ ਸੂਝ ਬੂਝ ਨਾਲ ਪੰਜਾਬੀ ਸਾਹਿਤ ਅੰਦਰ ਆਪਣੀ ਇੱਕ ਸ਼ਾਨਦਾਰ ਪਹਿਚਾਣ ਬਣਾ ਲਈ ਹੈ ਤੇ ਹੋਰ ਵੀ ਬਣਾ ਰਹੀ ਹੈ।

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ ਦੀ ਲੇਖਿਕਾ ਤੇ ਕਵਿੱਤਰੀ ਰਾਜਿੰਦਰ ਰਾਣੀ ਦਾ ਜਨਮ 12ਅਪ੍ਰੈਲ,1996 ਨੂੰ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ ਵਿਖੇ ਦਾਦਾ ਬਲਦੇਵ ਕ੍ਰਿਸ਼ਨ ਪਿਤਾ ਸ੍ਰੀ ਮੁਲਖ ਰਾਜ ਦੇ ਘਰ ਹੋਇਆ।ਇਸ ਦਾ ਪਰਿਵਾਰ ਬਹੁਤ ਮਿਹਨਤੀ ਹੈ ਤੇ ਰਾਜਿੰਦਰ ਦੇ ਪਿਤਾ ਨੇ ਮਿਹਨਤ ਕਰਕੇ ਮੁਸ਼ਕਿਲ ਨਾਲ ਤਿੰਨਾਂ ਭੈਣ ਭਰਾਵਾਂ ਨੂੰ ਪਾਲਿਆ। ਰਾਜਿੰਦਰ ਰਾਣੀ ਤੋਂ ਛੋਟੀ ਇੱਕ ਭੈਣ ਤੇ ਉਸ ਤੋਂ ਛੋਟਾ ਇੱਕ ਭਰਾ ਹੈ। ਕਹਿੰਦੇ ਹਨ ਗ਼ਰੀਬੀ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੀ ਹੈ, ਐਂਵੇ ਹੀ ਰਾਜਿੰਦਰ ਰਾਣੀ ਨੇ ਵੀ ਆਰਥਿਕ ਹਾਲਾਤਾਂ ਤੋਂ ਬਹੁਤ ਕੁਝ ਸਿੱਖਿਆ।

ਰਾਜਿੰਦਰ ਰਾਣੀ ਵੀ ਮਿਹਨਤ ਕਰਕੇ ਕੁਝ ਬਣਨ ਦੀ ਇਛੁੱਕ ਹੈ ਜਿਸ ਨਾਲ ਭਵਿੱਖ ਦੇ ਲੋਕਾਂ ਲਈ ਉਦਾਹਰਣ ਬਣੇ। ਰਾਜਿੰਦਰ ਪੜ੍ਹਾਈ ਦੇ ਨਾਲ-ਨਾਲ ਹਿੰਦੂ ਸਭਾ ਸਕੂਲ ਸੁਨਾਮ ਵਿੱਚ ਪ੍ਰਾਈਵੇਟ ਤੌਰ ਤੇ ਪੜ੍ਹਾਉਂਦੀ ਹੈ,ਲਗਾਤਾਰ ਮਿਹਨਤ ਕਰ ਰਹੀ ਹੈ।ਆਪਣੀ ਕਵਿਤਾ ਫਿਰ “ਮੈਂ ਚੁੱਪ ਕਿਉਂ ਹਾਂ?” ਨਾਲ ਲੋਕ ਮਨਾਂ ਤੱਕ ਪਹੁੰਚਣ ਵਾਲੀ ਕਵਿੱਤਰੀ ਹੈ ਰਾਜਿੰਦਰ ਰਾਣੀ ਦੀ ਉਸਦੀ ਇਸ ਰਚਨਾ ਦੇ ਕੁਝ ਬੋਲ ਇਸ ਤਰ੍ਹਾਂ ਹਨ:-
ਵੇਖ ਕੇ ਹਰ ਪਾਸੇ ਭ੍ਰਿਸ਼ਟਾਚਾਰ,
ਬੋਲਣ ਦਾ ਤਾਂ ਮੈਨੂੰ ਵੀ ਅਧਿਕਾਰ,
ਫਿਰ ਮੈਂ ਚੁੱਪ ਕਿਉਂ ਹਾਂ?
ਹੁੰਦੈ ਜਦ ਔਰਤ ਤੇ ਅੱਤਿਆਚਾਰ,
ਇੱਜ਼ਤ ਹੁੰਦੀ ਵੇਖੀ ਵੀ ਤਾਰ ਤਾਰ।
ਕੋਈ ਕਿਸੇ ਤੇ ਤੇਜ਼ਾਬ ਪਾਵੇ,
ਕੋਈ ਔਰਤ ਨੂੰ ਬੇਇੱਜ਼ਤ ਕਰਕੇ।
ਅਮੀਰ ਤਾਂ ਹੋਰ ਅਮੀਰ ਹੋਵੇ,
ਗਰੀਬ ਸੌਂਵੇ ਭੁੱਖਾ ਤੇ ਹੋਵੇ ਬਿਮਾਰ।
ਬੋਲਣ ਦਾ ਤਾਂ ਮੈਨੂੰ ਵੀ ਅਧਿਕਾਰ,
ਫਿਰ ਮੈਂ ਚੁੱਪ ਕਿਉਂ ਹਾਂ?

ਰਾਜਿੰਦਰ ਰਾਣੀ ਨੇ ਪਿੰਡ ਦੇ ਸ.ਸ.ਸ.ਸ. ਗੰਢੂਆਂ ਵਿੱਚ ਬਾਰ੍ਹਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ, ਸ਼ਹੀਦ ਊਧਮ ਸਿੰਘ ਕਾਲਜ ਆਫ ਐਜੂਕੇਸ਼ਨ ਮਹਿਲਾਂ ਚੌਕ ਵਿਖੇ ਈ.ਟੀ.ਟੀ.ਕੀਤੀ ਤੇ ਇਸ ਤੋਂ ਬਾਅਦ ਗੰਢੂਆਂ ਨੇੜੇ ਪੈਂਦੇ ਵਿੱਦਿਆ ਰਤਨ ਕਾਲਜ ਆਫ ਵੂਮੈਨ ਖੋਖਰ ਕਲਾਂ ਵਿਖੇ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ (ਐੱਮ ਏ ਪੰਜਾਬੀ) ਕੀਤੀ, ਅੱਜ ਕੱਲ੍ਹ ਵੀ ਪੜ੍ਹਾਈ ਅੱਗੇ ਜਾਰੀ ਹੈ। ਸਕੂਲ ਤੇ ਕਾਲਜ ਵਿੱਚ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਰਾਜਿੰਦਰ ਰਾਣੀ ਨੇ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਪਿਆ।

ਰਾਜਿੰਦਰ ਰਾਣੀ ਨੇ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਸਾਹਿਤਕ ਖੇਤਰ ਵਿਚ ਪੂਰਾ ਸਹਿਯੋਗ ਤੇ ਯੋਗਦਾਨ ਦੇਣ ਵਾਲੇ, ਮੇਰੀ ਜ਼ਿੰਦਗੀ ਦੀ ਪਹਿਲੀ ਪ੍ਰੇਰਨਾ ਮੇਰੇ ਮਾਸਟਰ ਪ੍ਰੇਮ ਸਰੂਪ ਛਾਜਲੀ ਜੀ ਤੇ ਮੇਰੇ ਪਿਤਾ ਮੁਲਖ ਰਾਜ ਜੀ ਹਨ ਜਿਨ੍ਹਾਂ ਤੋਂ ਉਸਨੇ ਸੰਘਰਸ਼ਮਈ ਜੀਵਨ ਜਿਊਣਾ ਸਿੱਖਿਆ।

ਕਿਤਾਬਾਂ ਨਾਲ ਜੋੜਨ ਤੇ ਕੁਝ ਨਵਾਂ ਲਿਖਣ ਲਈ ਪ੍ਰੇਰਿਤ ਕਰਨ ਵਿੱਚ ਮਾਸਟਰ ਪ੍ਰੇਮ ਸਰੂਪ ਛਾਜਲੀ ਜੀ ਦਾ ਬਹੁਤ ਅਹਿਮ ਯੋਗਦਾਨ ਰਿਹਾ ਹੈ ਤੇ ਸਕੂਲ ਵਿੱਚ ਮਾਸਟਰ ਪ੍ਰੇਮ ਸਰੂਪ ਵੱਲੋਂ ਕੰਧ ਪੱਤ੍ਰਿਕਾ “ਮੇਰੀ ਉਡਾਣ”2010 ਤੋਂ ਮੈਗਜ਼ੀਨ ਸ਼ੁਰੂ ਕੀਤਾ ਹੋਇਆ ਸੀ ਉਸ ਵਿੱਚ ਰਾਜਿੰਦਰ ਰਾਣੀ ਦੇ ਕਵਿਤਾਵਾਂ ਤੇ ਛੋਟੇ ਛੋਟੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ ਸੀ। ਮਾਸਟਰ ਪ੍ਰੇਮ ਸਰੂਪ ਬੱਚਿਆਂ ਨੂੰ ਰਚਨਾਵਾਂ ਲਿਖਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ, ਮਾਸਟਰ ਪ੍ਰੇਮ ਸਰੂਪ ਸਦਕੇ ਤੇ ਜਸਪ੍ਰੀਤ ਜਗਰਾਉਂ ਜੀ ਦੇ ਯੋਗਦਾਨ ਤੇ ਉਪਰਾਲੇ ਨਾਲ ਇਸ ਦੀ ਬਾਲ ਪੁਸਤਕ “ਆਓ ਸਿੱਖੀਏ ਕਿਤਾਬਾਂ ਚੋਂ” ਛਪੀ, ਜਿਸ ਵਿਚ 23 ਬਾਲ ਕਵਿਤਾਵਾਂ ਹਨ।ਇਹ ਉਨ੍ਹਾਂ ਵੱਲੋਂ ਇੱਕ ਸ਼ਲਾਘਾਯੋਗ ਕੰਮ ਹੈ। ਮਾਸਟਰ ਪ੍ਰੇਮ ਸਰੂਪ ਜੀ ਇੱਕ ਪੰਜਾਬੀ ਅਧਿਆਪਕ, ਚਿੱਤਰਕਾਰ, ਸਾਹਿਤਕਾਰ ਤੇ ਆੜੀ ਮੈਗਜ਼ੀਨ ਦੇ ਮੁੱਖ ਸੰਪਾਦਕ ਤੇ ਚੰਗੇ ਇਨਸਾਨ ਹਨ।

ਰਾਜਿੰਦਰ ਰਾਣੀ ਰਚਨਾਵਾਂ ਵਿਚ ਘਰ ਦੀਆਂ ਮਜ਼ਬੂਰੀਆਂ ਦਾ ਦਰਦ, ਟੁੱਟਦੇ ਰਿਸ਼ਤਿਆਂ ਪ੍ਰਤੀ ਚਿੰਤਾ ਤੇ ਵਿਰਸੇ ਨਾਲ ਸੰਬੰਧਤ ਅਲੋਪ ਹੋਈ ਨਵੀਂ ਨਵੀਂ ਜਾਣਕਾਰੀ ਮਿਲਦੀ ਹੈ, ਕੁਦਰਤ ਪ੍ਰਤੀ ਚੇਤਨਾ ਝਲਕਦੀ ਹੈ, ਦੂਜਿਆਂ ਪ੍ਰਤੀ ਪਿਆਰ, ਸਨੇਹ ਦਿੱਸਦਾ ਹੈ,ਇਹ ਪਾਠਕ ਵੀ ਹੈ ਤੇ ਲੇਖਿਕਾ ਵੀ ਹੈ। ਰਾਜਿੰਦਰ ਰਾਣੀ ਦਾ ਕਹਿਣਾ ਹੈ ਕਿ ਲਿਖਣਾ ਕੋਈ ਔਖੀ ਗੱਲ ਨਹੀਂ ਪਰ ਸਮਝਣਾ ਔਖਾ ਹੈ। ਲਿਖਣ ਦਾ ਮਤਲਬ ਲਿਖਣਾ ਨਹੀਂ ਹੁੰਦਾ, ਲਿਖਣ ਲਈ ਆਪਣੇ ਵਿਚਾਰਾਂ, ਭਾਵਨਾਵਾਂ ਤੇ ਹਾਲਾਤਾਂ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈ।

ਰਾਜਿੰਦਰ ਰਾਣੀ ਦੀਆਂ ਰਚਨਾਵਾਂ ਆਰਟੀਕਲ ਤੇ ਕਵਿਤਾਵਾਂ ਵੱਖ-ਵੱਖ ਅਖ਼ਬਾਰਾਂ ਤੇ ਮੈਗਜ਼ੀਨ ਵਿੱਚ ਲਗਦੇ ਰਹਿੰਦੇ ਹਨ ਜਿਵੇਂ ਸਪੋਕਸਮੈਨ, ਸੱਚ ਕਹੁੰ, ਨਵਾਂ ਜ਼ਮਾਨਾ, ਪੰਜਾਬ ਟੂਡੇ ਕੈਨੇਡਾ, ਪੰਜਾਬੀ ਜਾਗਰਣ, ਪੰਜਾਬ ਟਾਈਮਜ਼, ਵਰਲਡ ਪੰਜਾਬ ਟਾਈਮਜ਼, ਕੋਮਲ ਕਲੀਆਂ, ਅੱਜ ਦੀ ਆਵਾਜ਼, ਦੋਆਬਾ ਐਕਸਪ੍ਰੈਸ, ਮਾਲਵਾ ਬਾਣੀ, ਸਟਿੰਗ ਆਪ੍ਰੇਸ਼ਨ, ਵਿਰਸਾ ਆਇਰਲੈਂਡ, ਸਾਡੇ ਲੋਕ,ਗੋਲਡ ਸਟਾਰ ਆਦਿ ਹੋਰ ਵੀ ਬਹੁਤ ਅਖ਼ਬਾਰ ਹਨ। ਰਾਜਿੰਦਰ ਰਾਣੀ ਇਸ ਤਰ੍ਹਾਂ ਹੀ ਆਪਣੀ ਕਲਮ ਰਾਹੀਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਰਹੇ।
ਜ਼ਿੰਦਗੀ ਵਿੱਚ ਆਪਣੇ ਮੁਕਾਮ ਨੂੰ ਹਾਸਲ ਕਰਨ ਲਈ ਰਾਜਿੰਦਰ ਰਾਣੀ ਦੀ ਕਵਿਤਾ ਕਾਮਯਾਬੀ ਦੇ ਬੋਲ ਕੁਝ ਇਸ ਤਰਾਂ ਹਨ:-
ਇੱਕ ਦਿਨ ਪੱਕਾ ਜ਼ਿੰਦਗੀ ਵਿੱਚ,
ਮੈਨੂੰ ਮਿਲੂਗੀ ਜ਼ਰੂਰ ਕਾਮਯਾਬੀ।
ਕੀ ਹੋਇਆ ਅਜੇ ਜੇਕਰ ਹਾਲੇ ਵੀ,
ਅੱਗੇ ਆਉਣ ਏ ਬਹੁਤੀਆਂ ਠੋਕਰਾਂ,
ਕਦਮ ਅੱਗੇ ਵਧਾਉਣੇ ਹੱਸ ਹੱਸ ਕੇ,
ਕੋਸ਼ਿਸ਼ ਕਰੂੰਗੀ ਮੈਂ ਵੀ ਰੱਜ ਰੱਜ ਕੇ।
ਕਿਉਂਕਿ ਕੁਝ ਵੀ ਪਾਉਂਣ ਲਈ,
ਕਰਨੀ ਪੈਂਦੀ ਮਿਹਨਤ ਬੇਹਿਸਾਬੀ।
ਇੱਕ ਦਿਨ ਹਾਂ ਪੱਕਾ ਜ਼ਿੰਦਗੀ ਵਿੱਚ,
ਮਿਲੂਗੀ ਮੈਨੂੰ ਵੀ ਜ਼ਰੂਰ ਕਾਮਯਾਬੀ।
ਇੱਕ ਦਿਨ ਮੈਂ ਵੀ ਮੰਜ਼ਿਲ ਨੂੰ ਪਾਉਂਗੀ,
ਤੁਰੀ ਚੱਲੂੰਗੀ ਮੈਂ ਵੀ ਆਪਣੇ ਰਾਸਤੇ।
ਜ਼ਿੰਦਗੀ ਦੇ ਇਸ ਬੰਦ ਪਏ ਤਾਲੇ ਨੂੰ,
ਖੋਲ੍ਹ ਦਿਉ ਮੇਰੀ ਮਿਹਨਤਾਂ ਦੀ ਚਾਬੀ।
ਚਮਕੂ ਫਿਰ ਨਾਂ ਮੇਰਾ ਵੀ ਦੁਨੀਆਂ ਤੇ,
ਰੱਖੂੰਗੀ ਮੈਂ ਕਾਇਮ ਟੌਅਰ ਨਵਾਬੀ।
ਇੱਕ ਦਿਨ ਪੱਕਾ ਜ਼ਿੰਦਗੀ ਵਿੱਚ,
ਮੈਨੂੰ ਮਿਲੂਗੀ ਜ਼ਰੂਰ ਕਾਮਯਾਬੀ।

ਪੰਜਾਬ ਦੇ ਰੀਤੀ ਰਿਵਾਜ ਜੋ ਸਾਡੀ ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਭੁੱਲਦੀ ਜਾ ਰਹੀ ਹੈ, ਉਨ੍ਹਾਂ ਨੂੰ ਆਪਣੀ ਕਲਮ ਰਾਹੀਂ ਰਾਜਿੰਦਰ ਰਾਣੀ ਜਿਉਂਦਾ ਰੱਖਣ ਦੇ ਉਪਰਾਲੇ ਕਰਦੀ ਹੈ ਤੇ ਕਹਿੰਦੀ ਹੈ ਜੇ ਪਾਠਕ ਚੰਗਾ ਸਾਹਿਤ ਪੜ੍ਹਨ,ਲੇਖਕ ਮਿਆਰੀ ਰਚਨਾਵਾਂ ਲਿਖਣ ਅਤੇ ਗਾਇਕ ਸਾਫ਼ ਸੁਥਰਾ ਗਾਉਣ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਬਚਾਇਆ ਜਾ ਸਕਦਾ ਹੈ।
ਰਾਜਿੰਦਰ ਰਾਣੀ ਬਹੁਤ ਵਧੀਆ ਲਿਖ ਰਹੀ ਹੈ ,ਆਉਣ ਵਾਲੇ ਸਮੇਂ ਵਿੱਚ ਇਸ ਤੋਂ ਹੋਰ ਵੀ ਬਹੁਤ ਉਮੀਦਾਂ ਹਨ। ਆਸ ਹੈ ਕਿ ਰਾਜਿੰਦਰ ਰਾਣੀ ਆਪਣੀ ਜ਼ਿੰਦਗੀ ਤੇ ਸਾਹਿਤਕ ਖੇਤਰ ਵਿਚ ਮਿਹਨਤ ਕਰਕੇ ਆਪਣਾ ਮੁਕਾਮ ਹਾਸਲ ਕਰੇਗੀ।

ਰਮੇਸ਼ਵਰ ਸਿੰਘ

 

 

 

 

 

 

 

 

ਸੰਪਰਕ-9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਗ਼ਜ਼ਲ
Next articleਹੱਥਾਂ ਦੀ ਛੋਹ ਨਾਲ ਇਲਾਜ