ਟੋਕੀਓ (ਸਮਾਜ ਵੀਕਲੀ) : ਭਾਰਤੀ ਪੁਰਸ਼ ਹਾਕੀ ਟੀਮ ਨੇ ਆਸਟਰੇਲੀਆ ਤੋਂ ਮਿਲੀ ਨਮੋਸ਼ੀਜਨਕ ਹਾਰ ਤੋਂ ਉਭਰਦਿਆਂ ਓਲੰਪਿਕ ਖੇਡਾਂ ਦੇ ਪੂਲ ‘ਏ’ ਮੈਚ ਵਿੱਚ ਅੱਜ ਸਪੇਨ ਨੂੰ 3-0 ਗੋਲਾਂ ਨਾਲ ਹਰਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ ਹੈ। ਜਿੱਤ ਵਿੱਚ ਡਰੈਗਫਲਿੱਕਰ ਰੁਪਿੰਦਰਪਾਲ ਸਿੰਘ ਦਾ ਅਹਿਮ ਯੋਗਦਾਨ ਰਿਹਾ, ਜਿਸ ਨੇ ਦੋ ਸ਼ਾਨਦਾਰ ਗੋਲ ਦਾਗ਼ੇ। ਭਾਰਤ ਪਿਛਲੇ ਮੈਚ ਵਿੱਚ ਵਿਸ਼ਵ ਦੀ ਅੱਵਲ ਨੰਬਰ ਟੀਮ ਆਸਟਰੇਲੀਆ ਤੋਂ 1-7 ਨਾਲ ਹਾਰ ਗਿਆ ਸੀ।
ਭਾਰਤ ਨੇ ਇੱਥੇ ਓਈ ਹਾਕੀ ਸਟੇਡੀਅਮ ਵਿੱਚ ਖੇਡੇ ਆਪਣੇ ਤੀਜੇ ਮੈਚ ਵਿੱਚ ਵਿਸ਼ਵ ਦੀ 9ਵੇਂ ਨੰਬਰ ਦੀ ਟੀਮ ਸਪੇਨ ਖ਼ਿਲਾਫ਼ ਸ਼ਾਨਦਾਰ ਵਾਪਸੀ ਕੀਤੀ। ਸਿਮਰਜੀਤ ਸਿੰਘ (14ਵੇਂ ਮਿੰਟ) ਨੇ ਇੱਕ ਅਤੇ ਰੁਪਿੰਦਰਪਾਲ ਸਿੰਘ (15ਵੇਂ ਅਤੇ 51ਵੇਂ ਮਿੰਟ) ਨੇ ਦੋ ਗੋਲ ਕੀਤੇ। ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਓਲੰਪਿਕ ਵਿੱਚ ਜਿੱਤ ਨਾਲ ਆਗਾਜ਼ ਕੀਤਾ ਸੀ। ਆਸਟਰੇਲੀਆ ਤੋਂ ਹਾਰਨ ਮਗਰੋਂ ਸਪੇਨ ਖ਼ਿਲਾਫ਼ ਮਿਲੀ ਜਿੱਤ ਨੇ ਭਾਰਤੀ ਟੀਮ ਦੇ ਹੌਸਲੇ ਬੁਲੰਦ ਕੀਤੇ ਹਨ। ਉਧਰ, ਸਪੇਨ ਨੂੰ ਹਾਲੇ ਵੀ ਜਿੱਤ ਦੀ ਦਰਕਾਰ ਹੈ। ਉਸ ਨੇ ਪਹਿਲੇ ਮੈਚ ਵਿੱਚ ਅਰਜਨਟੀਨਾ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ ਸੀ ਅਤੇ ਦੂਜਾ ਮੈਚ ਨਿਊਜ਼ੀਲੈਂਡ ਤੋਂ 3-4 ਨਾਲ ਹਾਰ ਗਿਆ ਸੀ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਹੈ। ਕਿਸੇ ਵੀ ਟੀਮ ਲਈ ਨਮੋਸ਼ੀਜਨਕ ਹਾਰ ਤੋਂ ਇੱਕ ਦਿਨ ਵਿੱਚ ਉਭਰਨਾ ਮੁਸ਼ਕਲ ਹੁੰਦਾ ਹੈ। ਹਾਲਾਂਕਿ, ਸਪੇਨ ਖਿਲਾਫ਼ ਅੱਜ ਭਾਰਤੀ ਟੀਮ ਵੱਧ ਮਜ਼ਬੂਤ ਨਜ਼ਰ ਆਈ।
ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਟੀਮ ਨੂੰ ਬਾਕੀ ਬਚੇ ਮੈਚਾਂ ਤੋਂ ਪਹਿਲਾਂ ਕਮਜ਼ੋਰ ਪੱਖਾਂ ’ਤੇ ਕੰਮ ਕਰਨ ਦੀ ਲੋੜ ਹੈ, ਜਿਸ ਵਿੱਚ ਵਿਰੋਧੀ ਟੀਮ ਨੂੰ ਪੈਨਲਟੀ ਕਾਰਨਰ ਦੇਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਅੱਜ ਦਾ ਨਤੀਜਾ ਬਿਹਤਰ ਰਿਹਾ, ਪਰ ਸੁਧਾਰ ਦੇ ਮਾਮਲੇ ਵਿੱਚ ਹਾਲੇ ਵੀ ਕਈ ਪੱਖਾਂ ’ਤੇ ਕੰਮ ਕਰਨ ਦੀ ਲੋੜ ਹੈ। ਅਸੀਂ ਕਈ ਕਾਰਨਰ ਦਿੱਤੇ, ਜਦੋਂ ਅਜਿਹਾ ਹੁੰਦਾ ਹੈ ਤਾਂ ਇਹ ਹਮੇਸ਼ਾ ਚਿੰਤਾ ਦੀ ਗੱਲ ਹੁੰਦੀ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly