(ਸਮਾਜ ਵੀਕਲੀ)
ਪੁੱਟ ਕੇ ਜਹਾਨ ਵਿੱਚੋਂ ਰੁੱਖ ਬੰਦਿਆ।
ਭਾਲਦੈਂ ਤੂੰ ਆਪਣੇ ਲਈ ਸੁੱਖ ਬੰਦਿਆ।
ਜਿੰਨੇ ਪੱਟੇਂ ਓਨੇ ਨਹੀਂਓਂ ਰੁੱਖ ਲਾਉਂਦਾ ਏਂ,
ਉਂਝ ਫੜ ਟਾਹਣੀ ਫੋਟੋਆਂ ਖਿਚਾਉਂਦਾ ਏਂ ,
ਫੋਕੀ ਪ੍ਰਸਿੱਧੀ ਦੀ ਐ ਭੁੱਖ ਬੰਦਿਆ,
ਭਾਲਦੈਂ ਤੂੰ ਆਪਣੇ ਲਈ ਸੁੱਖ ਬੰਦਿਆ,
ਹਵਾ-ਪਾਣੀ ਰੁੱਖ ਈ ਨੇ ਸ਼ੁੱਧ ਰੱਖਦੇ,
ਤੈਨੂੰ ਦੇਣ ਛਾਂਵਾਂ ਆਪ ਰਹਿਣ ਭੱਖਦੇ,
ਜਾਣ-ਬੁੱਝ ਕਰੀ ਜਾਵੇਂ ਉੱਕ ਬੰਦਿਆ ,
ਭਾਲਦੈਂ ਤੂੰ ਆਪਣੇ ਲਈ ਸੁੱਖ ਬੰਦਿਆਂ …
ਪਾਣੀ ਤਕ ਬੰਦੇ ਨੇ ਵਿਕਣ ਲਾ ਦਿੱਤਾ,
ਹਵਾ ਨੂੰ ਸਿਲੰਡਰਾਂ ਦੇ ਵਿੱਚ ਪਾ ਦਿੱਤਾ,
ਰੋਗਾਂ ਵਿੱਚ ਰਿਹੈਂ ਤਾਂ ਹੀ ਧੁੱਖ ਬੰਦਿਆ,
ਭਾਲਦੈਂ ਤੂੰ ਆਪਣੇ ਲਈ ਸੁੱਖ ਬੰਦਿਆ …
ਆਪਣੇ ਫ਼ਾਇਦੇ ਲਈ ਰੁੱਖ ਵੱਢੀ ਜਾਨਾਂ ਏਂ ,
ਆਉਣ ਵਾਲ਼ਿਆਂ ਨੂੰ ਮੇਖਾਂ ਗੱਡੀ ਜਾਨਾਂ ਏਂ
ਬਾਂਝ ਕਰੀ ਧਰਤੀ ਦੀ ਕੁੱਖ ਬੰਦਿਆ,
ਭਾਲਦੈਂ ਤੂੰ ਆਪਣੇ ਲਈ ਸੁੱਖ ਬੰਦਿਆ …
ਤਾਰਿਆਂ ‘ਤੇ ਪਹੁੰਚਣ ਦੀ ਗੱਲ ਕਰਦੈਂ,
ਏਥੇ ਵਾਲ਼ੇ ਮਸਲੇ ਨਾ ਹੱਲ ਕਰਦੈਂ ,
ਸੋਗੀ ਕੀਤਾ ਧਰਤੀ ਦਾ ਮੁੱਖ ਬੰਦਿਆ,
ਭਾਲਦੈਂ ਤੂੰ ਆਪਣੇ ਲਈ ਸੁੱਖ ਬੰਦਿਆ…
ਗ਼ਲਤੀ ਏ ਤੇਰੀ ਤੇ ਸਜ਼ਾਵਾਂ ਸਭ ਭਰਦੇ,
ਜੀਵ-ਜੰਤੂ ਤੜਫ-ਤੜਫ ਪਏ ਮਰਦੇ,
ਦੇਖ ਆਉਂਦਾ ‘ਭੁੱਲਰ’ ਨੂੰ ਦੁੱਖ ਬੰਦਿਆ ..
ਭਾਲਦੈਂ ਏਂ ਤੂੰ ਆਪਣੇ ਲਈ ਸੁੱਖ ਬੰਦਿਆ …
ਸਰਬਜੀਤ ਕੌਰ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly