*ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਉਤਸ਼ਾਹਿਤ ਕੀਤਾ ਗਿਆ: ਸੀ.ਡੀ.ਪੀ.ਓ. ਸੁਮਨ ਬਾਲਾ
*ਘੱਟ ਖਰਚ ਤੇ ਤਿਆਰ ਪੌਸ਼ਟਿਕ ਵਿਅੰਜਨਾਂ ਦੀ ਪ੍ਰਦਰਸ਼ਨੀ ਲਗਾਈ
ਡੇਰਾਬਸੀ (ਸਮਾਜ ਵੀਕਲੀ)(ਸੰਜੀਵ ਸਿੰਘ ਸੈਣੀ, ਮੋਹਾਲੀ )- ਬਾਲ ਵਿਕਾਸ ਤੇ ਪ੍ਰੋਜੈਕਟ ਅਫਸਰ ਡੇਰਾਬੱਸੀ ਸ੍ਰੀਮਤੀ ਸੁਮਨ ਬਾਲਾ ਦੀ ਅਗਵਾਈ ਵਿੱਚ ਸਰਕਲ ਭਗਵਾਨਪੁਰ ਅਧੀਨ ਪੈਂਦੇ ਪਿੰਡ ਮੀਰਪੁਰ ਦੇ ਆਂਗਨਵਾੜੀ ਸੈਂਟਰ ਵਿਖੇ “ਪੋਸ਼ਣ ਮਾਹ” ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਬਾਲ ਵਿਕਾਸ ਪ੍ਰੋਜੈਕਟ ਅਫਸਰ ਸੁਮਨ ਬਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਪੋਸ਼ਣ ਮਾਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸ਼ਣ ਮਾਹ 01 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਗਿਆ ਹੈ ਜਿਸ ਅਧੀਨ ਸਾਰੇ ਪਿੰਡਾਂ ਦੇ ਆਂਗਨਵਾੜੀ ਸੈਂਟਰਾਂ ਵਿੱਚ ਵਰਕਰਾਂ ਵੱਲੋਂ ਲੋਕਾਂ ਨੂੰ ਪੌਸ਼ਟਿਕ ਭੋਜਨ ਖਾਣ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਪੋਸ਼ਣ ਮਾਹ ਦਾ ਕੇਂਦਰ ਬਿੰਦੂ ਗਰਭਵਤੀ ਔਰਤਾਂ, ਦੁੱਧ ਪਿਲਾਊ ਮਾਵਾਂ ਅਤੇ 0 ਤੋਂ 6 ਸਾਲ ਤੱਕ ਦੇ ਬੱਚੇ ਹਨ। ਇਹ ਚਾਰ ਸ਼੍ਰੇਣੀਆਂ ਸਾਡੀ ਸਮਾਜ ਰੂਪੀ ਇਮਾਰਤ ਦੇ ਚਾਰ ਥੰਮ ਹਨ ਜੋ ਕਿ ਮਜ਼ਬੂਤ ਹੋਣੇ ਲਾਜ਼ਮੀ ਹਨ ਤਾਂ ਕਿ ਸਮਾਜ ਰੂਪੀ ਇਮਾਰਤ ਵੀ ਮਜ਼ਬੂਤ ਹੋਵੇ।
ਸਰਕਲ ਸੁਪਰਵਾਈਜ਼ਰ ਹਰਸਿਮਰਨਪ੍ਰੀਤ ਕੌਰ ਨੇ ਜਾਦਕਾਰੀ ਦਿੰਦਿਆਂ ਦੱਸਿਆ ਕਿ ਪੋਸ਼ਣ ਮਾਹ ਦੌਰਾਨ ਸਮੂਹ ਆਂਗਨਵਾੜੀ ਵਰਕਰਾਂ ਵੱਲੋਂ ਆਂਗਨਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਨੂੰ ਘੱਟ ਲਾਗਤ ਨਾਲ ਪ੍ਰੰਤੂ ਪੌਸ਼ਟਿਕ ਭੋਜਨ ਬਣਾਉਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਆਲੇ-ਦੁਆਲੇ ਦੀ ਸਾਫ਼-ਸਫ਼ਾਈ, ਕਿਚਨ ਗਾਰਡਨ, ਵਿਆਹ ਦੀ ਸਹੀ ਉਮਰ ਆਦਿ ਦੇ ਬਾਰੇ ਵੀ ਜਾਗਰੂਕ ਕੀਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਹਰਦੀਪਸ ਕੌਰ ਨੇ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਪ੍ਰਧਾਨ ਮੰਤਰੀ ਮਾਤਰੂ ਵੰਧਨਾ ਯੋਜਨਾ ਬਾਰੇ ਜਾਣਕਾਰੀ ਦਿੱਤੀ।
ਇਸਦੇ ਨਾਲ ਹੀ ਡਾਕ ਵਿਭਾਗ ਦੇ ਨੁਮਾਇੰਦਿਆਂ ਨੇ ਸੁਕੰਨਿਆ ਸਮਰਿਧੀ ਯੋਜਨਾ ਬਾਰੇ ਚਾਨਣਾ ਪਾਇਆ। ਸਮਾਰੋਹ ਵਿਚ ਆਂਗਨਵਾੜੀ ਵਰਕਰਾਂ ਵੱਲੋਂ ਘੱਟ ਖਰਚ ਨਾਲ ਤਿਆਰ ਹੋਣ ਵਾਲੇ ਪੌਸ਼ਟਿਕ ਵਿਅੰਜਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮਾਰੋਹ ਦੌਰਾਨ ਸਰਕਲ ਪ੍ਰਧਾਨ ਲਾਜਵੰਤੀ ਤੇ ਬਲਜੀਤ ਕੌਰ ਸਮੇਤ ਸਮੂਹ ਆਂਗਨਵਾੜੀ ਵਰਕਰਾਂ, ਹੈਲਪਰਾਂ ਅਤੇ ਲਾਭਪਾਤਰੀਆਂ ਨੇ ਹਿੱਸਾ ਲਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly