ਨਵੀਂ ਦਿੱਲੀ, (ਸਮਾਜ ਵੀਕਲੀ): ਸੂਚਨਾ ਤਕਨਾਲੋਜੀ ਬਾਰੇ ਕਾਂਗਰਸੀ ਆਗੂ ਦੀ ਅਗਵਾਈ ਵਾਲਾ ਇਕ ਸੰਸਦੀ ਪੈਨਲ ਪੈਗਾਸਸ ਸਪਾਈਵੇਅਰ ਦਾ ਇਸਤੇਮਾਲ ਕਰ ਕੇ ਕਈਆਂ ਦੇ ਫੋਨ ਟੈਪ ਕਰਨ ਦੇ ਦੋਸ਼ਾਂ ਦੇ ਸਬੰਧ ਵਿਚ ਅਗਲੇ ਹਫ਼ਤੇ ਗ੍ਰਹਿ ਮੰਤਰਾਲੇ ਸਮੇਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿਛ ਕਰ ਸਕਦਾ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਇਕ ਕੌਮਾਂਤਰੀ ਮੀਡੀਆ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਰਾਹੁਲ ਗਾਂਧੀ ਸਣੇ ਕਈ ਕਾਂਗਰਸੀ ਆਗੂ, ਦੋ ਕੇਂਦਰੀ ਮੰਤਰੀ, ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਅਤੇ 40 ਦੇ ਕਰੀਬ ਪੱਤਰਕਾਰ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਦੇ ਫੋਨ ਨੰਬਰ ਉਸ ਸੂਚੀ ਵਿਚ ਸਨ ਜਿਨ੍ਹਾਂ ਨੂੰ ਇਜ਼ਰਾਈੇਲ ਦੇ ਸਪਾਈਵੇਅਰ ਰਾਹੀਂ ਹੈਕ ਕੀਤੇ ਜਾਣ ਲਈ ਨਿਸ਼ਾਨੇ ’ਤੇ ਸਨ। ਇਹ ਸਪਾਈਵੇਅਰ ਆਮ ਤੌਰ ’ਤੇ ਸਰਕਾਰੀ ਏਜੰਸੀਆਂ ਨੂੰ ਦਿੱਤਾ ਜਾਂਦਾ ਹੈ। ਹਾਲਾਂਕਿ, ਭਾਰਤ ਸਰਕਾਰ ਤੇ ਇਜ਼ਰਾਇਲੀ ਨਿਗਰਾਨੀ ਕੰਪਨੀ ਐੱਨਐੱਸਓ ਜੋ ਕਿ ਦੁਨੀਆ ਭਰ ਵਿਚ ਪੈਗਾਸਸ ਸਪਾਈਵੇਅਰ ਵੇਚਦੀ ਹੈ, ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ।
ਲੋਕ ਸਭਾ ਸਕੱਤਰੇਤ ਤੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੂਚਨਾ ਤਕਨਾਲੋਜੀ ਬਾਰੇ ਸ਼ਸ਼ੀ ਥਰੂਰ ਦੀ ਅਗਵਾਈ ਵਾਲੀ 32 ਮੈਂਬਰੀ ਸੰਸਦੀ ਸਥਾਈ ਕਮੇਟੀ ਨੇ 28 ਜੁਲਾਈ ਨੂੰ ਮਿਲਣਾ ਹੈ। ਮੀਟਿੰਗ ਦਾ ਏਜੰਡਾ ‘ਨਾਗਰਿਕਾਂ ਦੇ ਡੇਟਾ ਦੀ ਸੁਰੱਖਿਆ ਤੇ ਨਿੱਜਤਾ’ ਹੈ।
ਇਹ ਪੈਨਲ ਜਿਸ ਵਿਚ ਜ਼ਿਆਦਾਤਰ ਮੈਂਬਰ ਕਾਬਜ਼ ਧਿਰ ਭਾਜਪਾ ਤੋਂ ਹਨ, ਨੇ ਇਲੈਕਟ੍ਰੌਨਿਕਸ ਮੰਤਰਾਲੇ, ਸੂਚਨਾ ਤੇ ਤਕਨਾਲੋਜੀ ਅਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਇਸ ਪੈਨਲ ਵਿਚ ਸ਼ਾਮਲ ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿਚ ਪੈਗਾਸਸ ਫੋਨ ਟੇਪਿੰਗ ਦਾ ਮੁੱਦਾ ਜ਼ਰੂਰ ਉੱਠੇਗਾ ਅਤੇ ਸਰਕਾਰੀ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly