(ਸਮਾਜ ਵੀਕਲੀ)
ਕਹਿੰਦੇ ਹਨ ਜਦੋਂ ਸੰਸਾਰ ਵਿਚ ਆਤਤਾਈਂਆ ਦੇ ਅੱਤਿਆਚਾਰ ਵਧ ਜਾਂਦੇ ਹਨ,ਲੋਕ ਵਹਿਮਾਂ ਭਰਮਾਂ ਵਿਚ ਪੈਕੇ ਕੁਰਾਹੇ ਪੈ ਜਾਂਦੇ ਹਨ, ਹੁਕਮਰਾਨ ਪਰਜਾ ਤੇ ਅਥਾਹ ਜ਼ੁਲਮ ਕਰਦੇ ਹਨ ਅਤੇ ਜਦੋਂ ਪਾਪ ਦਾ ਘੜਾ ਪੂਰੀ ਤਰ੍ਹਾਂ ਭਰ ਜਾਂਦਾ ਏ, ਤਾਂ ਪਰਮਾਤਮਾਂ ਧਰਮ ਦੀ ਰੱਖਿਆ ਕਰਨ ਅਤੇ ਭਟਕੀ ਹੋਈ ਦੁਨਿਆਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਆਪਣੇ ਕਿਸੇ ਭਗਤ ਨੂੰ ਮਾਤਲੋਕ ਵਿਚ ਭੇਜਦਾ ਏ।
ਇਹੋ ਜਿਹੇ ਹੀ ਇਕ ਸਮੇ ਮੁਮਬਈ ਪ੍ਰਾਂਤ ਦੇ ਜ਼ਿਲਾ ਸਿਤਾਰਾ ਦੇ ਪਿੰਡ ਨਰਸੀ ਬਾਮ੍ਹਣੀ ਵਿਖੇ ਕੱਤਕ ਸੁਦੀ ਇਕਾਦਸ਼ੀ ਦਿਨ ਐਂਤਵਾਰ ਸੂਰਜ ਉਦੇ ਸਮੇ ਸੀ੍ਰ ਦਾਮਾਸ਼ੇਟ (ਦਰਜੀ ) ਅਤੇ ਉਨ੍ਹਾਂ ਦੀ ਪਤਨੀ ਗੋਨਾਬਾਈ ਦੇ ਘਰ ਸ਼ੱਕ ਸੰਮਤ 1192 (ਬਿਕਰਮੀ ਸੰਮਤ 1327 ) ਜਾਂ ਸੰਨ 1270 ਈਸਵੀ ਨੂੰ ਸੰਤ ਸ਼ਿਰੋਮਣੀ ਭਗਤ ਸੀ੍ਰ ਨਾਮਦੇਵ ਜੀ ਦਾ ਪ੍ਰਕਾਸ਼ ਹੋਇਆ। ਕੁਝ ਵਿਦਵਾਨ ਉਨ੍ਹਾਂ ਦਾ ਜਨਮ ਪੰਡਰਪੁਰ ਹੋਇਆ ਦੱਸਦੇ ਹਨ।ਭਗਤ ਨਾਮਦੇਵ ਜੀ ਦੀ ਵੱਡੀ ਭੈਣ ਦਾ ਨਾਂ ਆਉਬਾਈ ਸੀ। ਇਹ ਸਾਰਾ ਪਰਿਵਾਰ ਭਗਵਾਨ ਵਿੱਠਲ ਜਾਂ ਬੀਠਲ ( ਵਿਸ਼ਨੂੰ ਦਾ ਇਕ ਰੂਪ ) ਦਾ ਬੜਾ ਹੀ ਭਗਤ ਸੀ। ਵਿੱਠਲ ਬਾਰੇ ਕਈ ਕਥਾਂਵਾਂ ਪ੍ਰਚਲਿਤ ਹਨ। ਵਿੱਠਲ ਜਾਂ ਵਿਠੋਬਾ ਦੀ ਕਥਾ ਇਕ ਅਪਰਾਧੀ ਦੀ ਕਥਾ ਹੈ, ਜਿਹੜਾ ਪਤਿਤ ਤੋਂ ਪੁਨੀਤ ਹੋਇਆ ਅਤੇ ਵਿਸ਼ਨੂੰ ਵਿਚ ਲੀਨ ਹੋ ਗਿਆ।
ਇਕ ਪੁੰਡਲੀਕ ਨਾਂ ਦਾ ਬ੍ਰਾਹਮਣ ਆਪਣੇ ਮਾਂ-ਪਿਉ ਨਾਲ ਬੜਾ ਬੁਰਾ ਵਰਤਾਵ ਕਰਦਾ ਸੀ, ਇਕ ਵਾਰੀ ਤੀਰਥ ਯਾਤਰਾ ਤੇ ਨਿਕਲਿਆ ਤਾਂ ਉਹ ਤੇ ਉਸਦੀ ਪਤਨੀ ਘੋੜਿਆਂ ਤੇ ਸਵਾਰ ਸਨ, ਪਰ ਉਸਦੇ ਮਾਂ-ਪਿਉ ਪੈਦਲ ਚੱਲ ਰਹੇ ਸਨ ਅਤੇ ਨਾਲ ਨਾਲ ਪੁੱਤ ਅਤੇ ਨੁੰਹ ਦੀ ਸੇਵਾ ਭੀ ਕਰੀ ਜਾ ਰਹੇ ਸਨ।ਚਲਦੇ ਚਲਦੇ ਜਦੋਂ ਉਹ ਕੁਕੂਤਾ ਸਵਾਮੀ ( ਸ੍ਰਵਣ ਦਾ ਅਵਤਾਰ) ( ਸ੍ਰਵਣ ਨੇ ਆਪਣੇ ਨੇਤਰਹੀਨ ਮਾੱਪਿਆਂ ਨੂੰ ਵਹਿੰਗੀ ਵਿਚ ਬਿਠਾ ਕੇ ਮੋਢਿਆਂ ਤੇ ਚੁੱਕਕੇ ਤੀਰਥ ਯਾਤਰਾ ਕਰਾਈ ਸੀ ਅਤੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ ਸੀ) ਦੇ ਆਸ਼ਰਮ ਪੁੱਜੇ ਤਾਂ ਕੁਕੂਤਾ ਸਵਾਮੀ ਨੇ ਪੁੰਡਲੀਕ ਦੇ ਮਾਂਪਿਆਂ ਦੀ ਬਹੁਤ ਸੇਵਾ ਕੀਤੀ, ਜਿਸਤੋਂ ਪੁੰਡਲੀਕ ਬਹੁਤ ਸ਼ਰਮਿੰਦਾ ਹੋਇਆ ਅਤੇ ਉਸਨੇ ਤੜਕੇ ਉਠਕੇ ਦੇਖਿਆ ਕਿ ਤਿੰਨ ਬੜੀਆਂ ਹੀ ਸਾਉ ਬੀਬੀਆਂ ਜਿਹੜੀਆਂ ਦੁਧ ਵਰਗੇ ਚਿੱਟੇ ਕੱਪੜੇ ਅਤੇ ਗਹਿਣਿਆਂ ਨਾਲ ਲੱਦੀਆਂ ਹੋਈਆ ਸਨ,ਉਸ ਬ੍ਰਾਹਮਣ ਦੇ ਘਰ ਸੇਵਾ ਕਰ ਰਹੀਆਂ ਸਨ।
ਪੁੰਡਲੀਕ ਦੇ ਪੁੱਛਣ ਉਪਰੰਤ ਕਿ ਇਹ ਕੌਣ ਹਨ, ਉਨ੍ਹਾਂ ਨੇ ਦੱਸਿਆ ਕਿ ਉਹ ਗੰਗਾ,ਜਮੁਨਾ,ਅਤੇ ਸਰਸਵਤੀ ਨਦੀਆਂ ਹਨ, ਜੋ ਇਸ ਬ੍ਰਾਹਮਣ ਦੀ ਪਿਤ੍ਰੀ ਭਗਤੀ ਤੋਂ ਪਰਭਾਵਿਤ ਹੋਕੇ ਉਸਦੇ ਘਰ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਪੁੰਡਲੀਕ ਨੂੰ ਕਿਹਾ ਕਿ ਉਹ ਚੰਡਾਲ ਹੈ,ਜਿਹੜਾ ਆਪਦੇ ਮਾਂ-ਪਿਉ ਨੂੰ ਤੰਗ ਕਰਦਾ ਹੈ, ਤੀਰਥ ਯਾਤਰਾ ਉਨ੍ਹਾਂ ਬੰਦਿਆਂ ਦੇ ਪਾਪਾਂ ਨੂੰ ਘਟਾ ਨਹੀਂ ਸਕਦੀ ਜਿਹੜੇ ਆਪਣੇ ਮਾਪਿਆਂ ਨਾਲ ਬਦਸਲੂਕੀ ਕਰਦੇ ਹਨ, ਪਸ਼ਚਾਤਾਪ ਦੇ ਮਾਰੇ ਪੁੰਡਲੀਕ ਨੇ ਯਾਤ੍ਰਾ ਤਿਆਗ ਕੇ ਪੰਡਰਪੁਰ ਰਹਿਣਾ ਆਰੰਭ ਦਿੱਤਾ ਅਤੇ ਆਪਣੇ ਬਾਕੀ ਜੀਵਨ ਵਿਚ ਆਪਣੇ ਮਾਂ-ਪਿਉ ਦੀ ਬੜੀ ਸੇਵਾ ਕੀਤੀ, ਵਿਸ਼ਨੂੰ ਨੇ ਉਸਦੀ ਸੇਵਾ ਤੋਂ ਖੁਸ਼ ਹੋਕੇ ਪੁੰਡਲੀਕ ਨੂੰ ਆਵਦੀ ਦਿੱਬਤਾ (ਰੁਹਾਨੀ ਤਾਕਤ ) ਨਾਲ ਜੋਤਿਤ ਕਰ ਦਿੱਤਾ। ਇਸ ਦੇਵਦਵ ਨੂੰ ਪ੍ਰਾਪਤ ਸੰਤ ਦਾ ਨਾ ਵਿੱਠਲ ਰੱਖਿਆ ਗਿਆ।
ਪੰਡਰਪੁਰ ਵਿਚ ਵਿੱਠਲ ਦੀ ਯਾਦ ਵਿਚ ਇਕ ਸ਼ਾਨਦਾਰ ਮੰਦਰ ਬਣਿਆ ਹੋਇਆ ਹੈ ਇਹ ਮੰਦਰ ਵਿਠੋਬਾ ਕਰਕੇ ਲੋਕਪ੍ਰਿਯ ਹੈ। ਵਿੱਠਲ ਬਾਰੇ ਇਸ ਤਰ੍ਹਾਂ ਦੀਆਂ ਹੋਰ ਭੀ ਦੰਦ ਕਥਾਵਾਂ ਪ੍ਰਸਿਧ ਹਨ। ਸੰਤ ਨਾਮਦੇਵ ਜੀ ਦੇ ਪਿਤਾ –ਪਿਤਾਮਾਹ ਕੱਪੜੇ ਦਾ ਕੰਮ ਕਰਦੇ ਸਨ ਅਤੇ ਜਾਤ ਦੇ ਛੀਪਾ ਸਨ । ਪੁਰਾਣੇ ਜ਼ਮਾਨੇ ‘ਚ ਲੋਕ ਕੱਪੜਿਆਂ ਤੇ ਛਾਪੇ ਪਾਉਣ ਦਾ ਕੰਮ ਕਰਦੇ ਸਨ (ਅੱਜਕਲ੍ਹ ਇਨ੍ਹਾਂ ਨੂੰ ਪ੍ਰਿੰਟ ਡਿਜ਼ਾਇਨਰ ਭੀ ਕਿਹਾ ਜਾਂਦਾ ਹੈ ) ਹੋਲੀ ਹੋਲੀ ਛੀਪਾ ਸ਼ਬਦ ਵਿਗੜ ਕੇ ਛੀਂਬਾ ਬਣ ਗਿਆ ਅਤੇ ਫੇਰ ਇਹ ਦਰਜੀ ਬਰਾਦਰੀ ਨਾਲ ਜੁੜ ਗਿਆ। ਇਨ੍ਹਾਂ ਨੂੰ ਟਾਂਕ ਕਸ਼ਤਰਿਆ ਭੀ ਕਿਹਾ ਜਾਂਦਾ ਹੈ। ਪੰਡਰਪੁਰ ਵਿਚ ਭਗਵਾਨ ਵਿੱਠਲ ਦਾ ਮੰਦਰ ਸੀ,ਜਿੱਥੇ ਸਾਰਾ ਪਰਿਵਾਰ ਸਨਾਨ ਆਦਿ ਕਰਨ ਤੋਂ ਬਾਅਦ ਮੰਦਰ ਵਿਚ ਜਾਕੇ ਭਗਵਾਨ ਵਿੱਠਲ ਨੂੰ ਭੋਜਨ ਅਤੇ ਦੁੱਧ ਦਾ ਭੋਗ ਲਗਾਉਂਦਾ ਅਤੇ ਪੂਜਾ ਕਰਨ ਤੋਂ ਬਾਅਦ ਸਾਰਾ ਪਰਿਵਾਰ ਭੋਜਨ ਖਾਂਦਾ ਸੀ।
ਬਚਪਨ ਤੋਂ ਹੀ ਸੰਤ ਨਾਮਦੇਵ ਜੀ ਆਪਣੇ ਪਿਤਾ ਜੀ ਨਾਲ ਭਗਵਾਨ ਵਿੱਠਲ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸਨ, ਇਸ ਕਰਕੇ ਉਦੋਂ ਤੋਂ ਹੀ ਉਨ੍ਹਾਂ ਦੀ ਲਿਵ ਭਗਵਾਨ ਵਿੱਠਲ ਨਾਲ ਲੱਗ ਗਈ ਸੀ। ਕਹਿੰਦੇ ਹਨ ਸੰਤ ਨਾਮਦੇਵ ਜੀ ਨੇ ਡੇਢ ਸਾਲ ਦੀ ਉਮਰ ਵਿਚ ਜਿਹੜਾ ਸ਼ਬਦ ਕਿਹਾ ਸੀ ਉਹ ਵਿੱਠਲ ਹੀ ਸੀ।ਸਕੂਲ ਵਿਚ ਵੀ ਉਹ ਵਿੱਠਲ ਦਾ ਹੀ ਜਾਪ ਕਰਦੇ ਰਹਿੰਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਤੋਂ ਭੀ ਪਤਾ ਲਗਦਾ ਹੈ ਕਿ, ਵਿੱਠਲ ਦੇ ਪ੍ਰਤੀ ਸੰਤ ਨਾਮਦੇਵ ਜੀ ਦਾ ਪ੍ਰੇਮ ਉਨ੍ਹਾਂ ਨੂੰ ਬਚਪਨ ਤੋਂ ਹੀ ਬਣ ਗਿਆ ਸੀ ਅਤੇ ਉਹ ਘੰਟੀਆਂ ਅਤੇ ਛੈਣਿਆਂ ਨਾਲ ਵਿੱਠਲ ਦੇ ਕੀਰਤਨ ਵਿਚ ਲੀਨ ਹੋਣ ਲੱਗ ਪਏ ਸਨ।ਮਹਾਕਵੀ ਵਿਆਸ ਦੇ ਗ੍ਰੰਥ ਜਿਵੇਂ ਭਾਗਵਤ ਪੁਰਾਣ, ਸ੍ਰੀਮਦ ਭਾਗਵਤਗੀਤਾ,ਮਹਾਭਾਰਤ,ਆਦਿ ਦਾ ਪਠਨ-ਪਾਠਨ ਉਨ੍ਹਾਂ ਦੇ ਘਰ ਵਿਚ ਹਮੇਸਾਂ ਹੁੰਦਾ ਰਹਿੰਦਾ ਸੀ।
ਜਦ ਸੰਤ ਜੀ ਅੱਠਾਂ ਕੁ ਵਰਿ੍ਹਆਂ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਕਿਤੇ ਬਾਹਰ ਜਾਣ ਲੱਗੇ ਸੰਤ ਨਾਮ ਦੇਵ ਜੀ ਨੂੰ ਆਪਣੇ ਪਿੰਡ ਦੇ ਬਾਹਰ ਬਣੇ ਮੰਦਰ ਵਿਚ ਸ੍ਰੀ ਕੇਸ਼ੀਰਾਜ (ਸ਼ਿਵ ) ਦੀ ਮੂਰਤੀ ਨੂੰ ਦੁੱਧ ਦਾ ਭੋਗ ਲਗਵਾਉਣ ਵਾਸਤੇ ਕਹਿ ਗਏ।ਵੈਸੇ ਤਾਂ ਸੰਤ ਨਾਮ ਦੇਵ ਜੀ ਆਪਣੇ ਪਿਤਾ ਜੀ ਨਾਲ ਰੋਜਾਨਾ ਮੰਦਰ ਵਿਚ ਜਾਇਆ ਕਰਦੇ ਸਨ, ਪਰ ਪਿਤਾ ਤੋਂ ਇਹ ਗੱਲ ਸੁਣਕੇ ਉਨ੍ਹਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਦੂਜੇ ਦਿਨ ਸਵੇਰੇ ਉੱਠਕੇ ਉਨ੍ਹਾਂ ਨੇ ਬੜੇ ਪਿਆਰ ਨਾਲ ਸਨਾਨ ਕੀਤਾ ਅਤੇ ਸੋਨੇ ਦੀ ਕਟੋਰੀ ਵਿਚ ਦੁੱਧ ਪਾਕੇ ਮੰਦਰ ਵਿਚ ਆਕੇ ਭਗਵਾਨ (ਸ਼ਿਵ ) ਦੀ ਮੂਰਤੀ ਦੇ ਅੱਗੇ ਰੱਖਕੇ ਦੋਨੋਂ ਹੱਥ ਜੋੜਕੇ ਸੱਚੇ ਹਿਰਦੇ ਨਾਲ ਬੇਨਤੀ ਕੀਤੀ ਕਿ,ਹੇ ਦੀਨ ਦਿਆਲ ਦੁੱਧ ਦਾ ਭੋਗ ਲਗਾਉ।
ਪੱਥਰ ਦੀ ਮੂਰਤੀ ਕਿਵੇਂ ਦੁੱਧ ਪੀਂਦੀ। ਇਹ ਦੇਖ ਕੇ ਸੰਤ ਨਾਮ ਦੇਵ ਜੀ ਨੇ ਹੱਥ ਜੋੜ ਕੇ ਫੇਰ ਪ੍ਰਾਰਥਨਾ ਕੀਤੀ ਕਿ ਹੇ ਭਗਵਾਨ ਤੁਸੀਂ ਮੇਰੇ ਪਿਤਾ ਜੀ ਤੋਂ ਤਾਂ ਦੁੱਧ ਪੀ ਲੈਨੇ ਹੋਂ, ਪਰ ਬੱਚਾ ਜਾਣ ਕੇ ਮੇਰੇ ਕੋਲੋਂ ਦੁੱਧ ਨਹੀਂ ਪੀ ਰਹੇ, ਤੁਸੀਂ ਦੁੱਧ ਨਾ ਪੀਤਾ ਤਾਂ ਮੇਰੇ ਪਿਤਾ ਜੀ ਮੈਨੂੰ ਗੁੱਸੇ ਹੋਣਗੇ।ਜੇ ਅੱਜ ਤੁਸੀਂ ਦੁੱਧ ਨੂੰ ਭੋਗ ਨਾ ਲਗਾਇਆ ਤਾਂ ਮੈਂ ਭੀ ਭੋਜਨ ਨੂੰ ਹੱਥ ਨਹੀਂ ਲਗਾਉਣਾ। ਭਗਵਾਨ ਨੇ ਸੰਤ ਨਾਮ ਦੇਵ ਜੀ ਦੀ ਨਿਸ਼ਕਪਟ ਅਤੇ ਨਿਰਛਲ ਹਿਰਦੇ ਨਾਲ ਕੀਤੀ ਬੇਨਤੀ ਪਰਵਾਨ ਕਰ ਲਈ ਅਤੇ ਉਨ੍ਹਾਂ ਨੇ ਸੰਤ ਨਾਮ ਦੇਵ ਜੀ ਨੂੰ ਦਰਸ਼ਨ ਦਿੱਤੇ ਅਤੇ ਦੁੱਧ ਪੀਤਾ । ਸੰਤ ਨਾਮ ਦੇਵ ਜੀ ਨੇ ਆਪਣੀ ਮਾਨਸਿਕ ਅਵਸਥਾ ਦਾ ਇਉਂ ਜ਼ਿਕਰ ਕੀਤਾ ਹੈ।
ਦੂਧੁ ਕਟੋਰੇ ਗਡਵੇ ਪਾਨੀ।। ਕਪਲ ਗਾਇ ਨਾਮੇ ਦੁਹਿ ਆਨੀ ।। 1।।
ਦੂਧੁ ਪੀਉ ਗੋਬਿੰਦੇ ਰਾਇ ।।ਦੂਧ ਪੀਉ ਮੇਰੋ ਮਨੁ ਪਤੀਆਇ ।।
ਨਾਹੀ ਤ ਘਰ ਕੋ ਬਾਪ ਰਿਸਾਇ ।।11।। ਰਹਾਉ ।। ਸੀ੍ਰ ਆਦਿ ਗ੍ਰੰਥ ਪੰਨਾ 1163
ਸੋਨੇ ਦੀ ਕਟੋਰੀ ਵਿਚ ਦੁੱਧ ਪਾਕੇ ਸੰਤ ਨਾਮ ਦੇਵ ਜੀ ਨੇ ਹਰੀ ਦੇ ਅਰਪਣ ਕੀਤਾ।
ਸੋਇਨ ਕਟੋਰੀ ਅੰਮ੍ਰਿਤ ਭਰੀ ।। ਲੈ ਨਾਮੈ ਹਰਿ ਆਗੈ ਧਰੀ।। ਸ੍ਰੀ ਆਦਿ ਗ੍ਰੰਥ ਪੰਨਾ 1163
ਭਗਵਾਨ ਹਮੇਸਾਂ ਭਗਤਾਂ ਦੇ ਹਿਰਦੇ ਵਿਚ ਵਸਦੇ ਹਨ ਇਸ ਲਈ ਸੰਤ ਨਾਮ ਦੇਵ ਜੀ ਨੂੰ ਭਗਵਾਨ ਨੇ ਉਨ੍ਹਾਂ ਦੀ ਨਿਰਛਲ ਭਾਵ ਭਗਤੀ ਦੇਖ ਕੇ ਉਨ੍ਹਾਂ ਨੂੰ ਦਰਸ਼ਨ ਦਿੱਤੇ ਅਤੇ ਸੰਤ ਜੀ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਭਗਵਾਨ ਉਸ ਦੀ ਸਰਲ ਭਾਵਨਾ ਤੇ ਹੱਸ ਰਹੇ ਹਨ ਕਿ, ਕਿੰਨਾ ਭੋਲਾ ਬੱਚਾ ਹੈ ਕਦੇ ਪੱਥਰ ਦੀ ਮੂਰਤੀ ਵੀ ਦੁੱਧ ਪੀਂਦੀ ਹੈ। ਸੰਤ ਨਾਮਦੇਵ ਜੀ ਨੇ ਭਗਵਾਨ ਦੇ ਦਰਸਨ ਕਰਨ ਤੋਂ ਬਾਅਦ ਇਹ ਸ਼ਬਦ ਉਚਾਰਿਆ।
ਏੇਕ ਭਗਤੁ ਮੇਰੇ ਹਿਰਦੇ ਬਸੈ ।। ਨਾਮੇ ਦੇਖਿ ਨਰਾਇਨੁ ਹਸੈ ।।
ਦੂਧ ਪਿਆਇ ਭਗਤੁ ਘਰਿ ਗਇਆ ।। ਨਾਮੇ ਹਰਿ ਕਾ ਦਰਸਨ ਭਇਆ ।। ਸੀ੍ਰ ਆਦਿ ਗੰ੍ਰਥ ਪੰਨਾ 1164
ਜੇ ਭਗਵਾਨ ਭਗਤਾਂ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ ਤਾਂ ਭਗਤ ਉਸਦੇ ਹਿਰਦੇ ਵਿਚ ਨਿਵਾਸ ਕਰਦੇ ਹਨ। ਇਹ ਦੁੱਧ ਪੀਣ ਵਾਲਾ ਹਰੀ, ਮੂਰਤੀ ਨਹੀਂ ਸੀ, ਮੂਰਤੀ ਦੇ ਦਰਸ਼ਨ ਤਾਂ ਹਰ ਰੋਜ ਉਹ ਪਿਤਾ ਦੇ ਨਾਲ ਮੰਦਰ ਵਿਚ ਜਾਕੇ ਕਰਦੇ ਸਨ।ਸੰਤ ਨਾਮ ਦੇਵ ਜੀ ਨੂੰ ਹਰੀ ਦੇ ਵਾਸਤਵ ਵਿਚ ਅਦੂਤੀ ਦਰਸ਼ਨ ਹੋਏ। ਇਸ ਕਰਕੇ ਉਨ੍ਹਾਂ ਨੇ ਸ਼ਬਦ ਉਚਾਰਿਆ ਕਿ “ ਨਾਮੇ ਹਰਿ ਕਾ ਦਰਸਨ ਭਇਆ ।”
ਉਨ੍ਹਾਂ ਦਿਨਾ ਵਿਚ ਮੁਹੱਮਦ ਤੁਗਲਕ ਦਾ ਰਾਜ ਸੀ, ਉਹ ਬਹੁਤ ਹੀ ਨਿਰਦਈ ਅਤੇ ਜ਼ਾਲਮ ਸ਼ਾਸਕ ਸੀ । ਉਹ ਕਿਸੇ ਵੀ ਵਿਦਵਾਨ,ਸੰਤ ਮਹਾਤਮਾ,ਅਤੇ ਭਲੇ ਮਾਣਸ ਦੀ ਜਾਨ ਨਹੀਂ ਸੀ ਬਕਸ਼ਦਾ।ਤੁਅੱਸਵੀ ਇੰਨਾ ਕਿ, ਉਹ ਵੱਡੀ ਗਿਣਤੀ ਵਿਚ ਹਿੰਦੂਆਂ ਨੂੰ ਮੁਸਲਮਾਨ ਬਣਾਉਂਣਾ ਆਪਣਾ ਇਕ ਪਵਿਤ੍ਰ ਕਰਤੱਵ ਮੰਨਦਾ ਸੀ ਅਤੇ ਆਪਣੇ ਆਪ ਨੂੰ ਮੁਰਸ਼ਦ ਜਾਂ ਪੈਗੰਬਰ ਨਾਲੋਂ ਘੱਟ ਨਹੀਂ ਸੀ ਸਮਝਦਾ। ਹਿੰਦੂ ਅਤੇ ਸ਼ੀਆ ਮੁਸਲਮਾਨ ਉਸਤੋਂ ਅਤਿ ਦੁਖੀ ਸਨ।
ਉਨ੍ਹਾਂ ਦਿਨਾ ਵਿਚ ਜਾਬਰ ਮੁਸਲਮਾਨ ਸ਼ਾਸਕ ਹਿੰਦੂਆਂ ਤੇ ਬੁਤ ਪ੍ਰਸਤੀ ਦਾ ਦੋਸ਼ ਲਗਾਕੇ ਉਨ੍ਹਾਂ ਦੀਆਂ ਕੁਆਰੀਆਂ ਕੁੜੀਆਂ ਜਬਰਦਸਤੀ ਚੁੱਕ ਕੇ ਲੈ ਜਾਂਦੇ ਸਨ, ਇਸ ਕਰਕੇ ਹਿੰਦੂ ਆਪਣੀਆਂ ਕੁੜੀਆਂ ਦੇ ਵਿਆਹ ਬਚਪਨ ਵਿਚ ਹੀ ਕਰ ਦਿੰਦੇ ਸਨ। ਸੰਤ ਨਾਮਦੇਵ ਜੀ ਦਾ ਵਿਆਹ ਭੀ ਅੱਠ ਸਾਲ ਦੀ ਉਮਰ ਵਿਚ ਗੋਬਿੰਦਸ਼ੇਟ ਦੀ ਪੁੱਤਰੀ ਰਾਜਾਬਾਈ ਨਾਲ ਹੋ ਗਿਆ ਸੀ। ਆਪ ਜੀ ਦੇ ਚਾਰ ਪੁੱਤਰ ਨਾਰਾਇਣ ਦਾਸ,ਮਹਾਂਦੇਵ,ਗੋਬਿੰਦ ਦਾਸ,ਬਿੱਠਲ ਦਾਸ,ਅਤੇ ਇਕ ਲੜਕੀ ਲਿੰਬਾ ਬਾਈ ਹੋਏ। ਪੁੱਤਰਾਂ ਦੀਆਂ ਪਤਨੀਆਂ ਦੇ ਨਾਂ ਕ੍ਰਮਵਾਰ ਲਾਡਾਈ,ਗੋਣਾਈ,ਯੇਸਾਈ,ਅਤੇ ਸਾਕ੍ਰਾਈ ਸਨ।ਸੰਤ ਨਾਂਮ ਦੇਵ ਜੀ ਦੀ ਭੈਣ ਦਾ ਨਾ ਆਊ ਬਾਈ ਅਤੇ ਇਕ ਸੇਵਿਕਾ ਦਾ ਨਾਂ ਜਾਨਾ ਬਾਈ ਸੀ।ਇਸ ਸਾਰੇ ਪਰਿਵਾਰ ਨੇ ਰਲਕੇ ਕੋਈ ਇਕ ਕਰੋੜ ਦੇ ਲਗਭਗ ਪਦੇ ਪਰਮਾਤਮਾ ਦੀ ਉਸਤਤਿ ਵਿਚ ਲਿਖੇ ਸਨ।
ਸੰਤ ਨਾਮਦੇਵ ਜੀ ਨੇ ਉਡਿਆ ਨਾਗਨਾਥ ਤੀਰਥ ਸਥਾਨ ਤੇ ਰਹਿ ਰਹੇ ਹਰੀ ਭਗਤ ਬਿਸੋਬਾ ਖੇਚਰ (ਨਾਥ ਸੰਪ੍ਰਦਾਏ ) ਨੂੰ ਆਪਣਾ ਗੁਰੂ ਧਾਰਨ ਕੀਤਾ ਅਤੇ ਉਨ੍ਹਾਂ ਨੇ ਸੰਤ ਨਾਮਦੇਵ ਜੀ ਨੂੰ ਆਤਮਾ-ਪਰਮਾਤਮਾ ਦਾ ਭੇਦ ਦੱਸਕੇ ਪ੍ਰਭੂ ਦੇ ਮਿਲਣ ਦਾ ਰਾਹ ਦੱੱਸਿਆ। ਸੰਤ ਜੀ ਨੇ ਅਥਾਹ ਭਗਤੀ ਕਰਕੇ ਪਰਮਾਤਮਾ ਨੂੰ ਪਾ ਲਿਆ ਉਨ੍ਹਾਂ ਨੇ ਆਪ ਇਸ ਬਾਰੇ ਉਚਾਰਿਆ।
ਨਾਮੇ ਨਰਾਇਣ ਨਾਹੀਂ ਭੇਦ।
ਸੰਤ ਨਾਮਦੇਵ ਜੀ ਨੇ 50-55 ਸਾਲ ਦੀ ਉਮਰ ਵਿਚ ਉੱਤਰ ਭਾਰਤ ਦਾ ਦੋਰਾ ਕੀਤਾ ਅਤੇ ਬਹੁਤ ਸਾਰੇ ਭਗਤਾਂ ਨਾਲ ਸੰਤ ਮੱਤ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਭਗਤਾਂ ਵਿੱਚੋਂ ਮੁਖ ਸੰਤ ਤ੍ਰਿਲੋਚਨ,ਅਤੇ ਗਿਆਨੇਸ਼ਵਰ ਜੀ ਸਨ। ਸੰਤ ਨਾਮਦੇਵ ਜੀ ਨੇ ਲੋਕਾਂ ਨੂੰ ਵਹਿਮਾਂ ਭਰਮਾਂ ‘ਚੋਂ ਕiੱਢਆ, ਜਾਤ-ਪਾਤ ਊਂਚ-ਨੀਚ, ਬੁੱਤ ਪੂਜਾ ਦਾ ਖੰਡਨ ਕੀਤਾ। ਜਦੋਂ ਸੰਤ ਨਾਮਦੇਵ ਜੀ ਉੱਤਰ ਭਾਰਤ ਦੇ ਦੋਰੇ ਤੇ ਸਨ ਤਾਂ ਉਨਾਂ੍ਹ ਨੇ ਉੱਥੋਂ ਦੀ ਭਿਆਨਕ ਸਥੀਤੀ ਅਤੇ ਜ਼ਾਲਮ ਮੁਸਲਮਾਨ ਸ਼ਾਸਕਾਂ ਵੱਲੋਂ ਮੂਰਤੀਆਂ ਦੀ ਭੰਨ-ਤੋੜ ਨੂੰ ਆਪਣੀ ਅੱਖੀਂ ਤੱਕਿਆ ਤਾਂ ਉਨ੍ਹਾਂ ਦੇ ਹਿਰਦੇ ਵਿਚ ਸਾਕਾਰ ਦੇ ਪਰਤੀ ਜਿਹੜੀ ਅਟੂਟ ਆਸਥਾ ਸੀ ਉਹ ਮੂਰਤੀਆਂ ਦੇ ਟੁੱਟਣ ਨਾਲ ਹੀ ਟੁੱਟ ਗਈ ਅਤੇ ਉਹ ਚੀਕ ਉੱਠੇ ਕਿ, ਮੁਸਲਮਾਨਾ ਨੇ ਪੱਥਰ ਦੇ ਦੇਵਤਿਆਂ ਨੂੰ ਤੋੜਕੇ ਪਾਣੀ ਵਿਚ ਸੁੱਟ ਦਿੱਤਾ, ਫੇਰ ਵੀ ਉਨ੍ਹਾਂ ਨੇ ਨਾ ਤਾਂ ਗੁੱਸਾ ਕੀਤਾ ਅਤੇ ਨਾ ਹੀ ਕੁਝ ਬੋਲੇ, ਮੈਨੂੰ ਇਹੋ ਜਿਹੇ ਦੇਵਤਿਆਂ ਦੀ ਲੋੜ ਨਹੀਂ। ਜਦੋਂ ਮੁਸਲਮਾਨਾ ਨੇ ਮੰਦਰ ਢਾਕੇ ਮੂਰਤੀਆਂ ਨੂੰ ਨੀਹਾਂ ਵਿਚ ਦੱਬ ਕੇ ਉਸ ਉੱਤੇ ਮਸੀਤਾਂ ਬਣਾਉਂਣੀਆਂ ਸ਼ੁਰੂ ਕੀਤੀਆਂ ਤਾ ਉਹ ਪੁਕਾਰ ਉੱਠੇ।
ਹਿੰਦੂ ਪੁਜੇ ਦੇਹੁਰਾ ਮੁਸਲਮਾਨ ਮਸੀਤਿ ।
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ । ਸ੍ਰੀ ਆਦਿ ਗ੍ਰੰਥ ਪੰਨਾ 875
ਸੰਤ ਨਾਮਦੇਵ ਜੀ ਨੇ ਸੰਸਾਰ ਤਿਆਗ ਕੇ ਕਦੇ ਵੀ ਭਗਤੀ ਨਹੀਂ ਸੀ ਕੀਤੀ। ਉਨ੍ਹਾਂ ਨੇ ਆਪਣੇ ਖਾਨਦਾਨੀ ਪੇਸ਼ੇ ਨੂੰ ਬੜੀ ਖੁਸ਼ੀ ਨਾਲ ਕਬੁਲਿਆ ਅਤੇ ਘਰੋਗੀ ਕੰਮਾਂ- ਕਾਰਾਂ ਵਿਚ ਬੜੀ ਦਿਲਚਸਪੀ ਲਈ।ਉਨ੍ਹਾਂ ਨੇ ਮਨ ਦੀ ਇਕਾਗਰਤਾ ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਉਪਦੇਸ਼ ਸਨ ਕਿ,ਸਭ ਨਾਲ ਪਿਆਰ ਕਰੋ,ਸਭ ਦਾ ਭਲਾ ਕਰੋ, ਗਰੀਬ ਦੀ ਮਦਦ ਕਰੋ, ਸਮੇਂ ਦਾ ਸਦਉਪਯੋਗ ਕਰੋ। ੳਨ੍ਹਾਂ ਨੇ ਮਨ ਦੀ ਸਵੱਛਤਾ ਤੇ ਜੋLਰ ਦਿੱਤਾ ਅਤੇ ਕਿਹਾ ਕਿ, ਸੱਚੇ ਮਨ ਨਾਲ ਪਰਮਾਤਮਾਂ ਦੀ ਭਗਤੀ ਕਰੋ।
ਸੰਤ ਨਾਮਦੇਵ ਜੀ ਸੰਤ ਗਿਆਨੇਸ਼ਵਰ ਜੀ ਦੇ ਵਾਰਕਰੀ (ਪ੍ਰਕਰਮਾ ਕਰਨ ਵਾਲਾ ) ਸੰਪ੍ਰਦਾਏ ਨਾਲ ਸੰਬਧਤ ਸਨ।ਵਾਰਕਰੀ ਸੰਪ੍ਰਦਾਏ ਦੇ ਸੰਤਾਂ ਦੇ ਅਦਵੈਤਵਾਦ ਦਾ ਸਮ੍ਰਥਨ ਕਰਦਿਆਂ ਭੀ ਨਿਰਗੁਣ ਭਗਤੀ ਨੂੰ ਸੇL੍ਰਸ਼ਠ ਮੰਨਿਆਂ। ਸੰਤ ਨਾਮਦੇਵ ਜੀ ਦੇ ਜੀਵਨ ਨਾਲ ਕੁਝ ਕਉਤਕ ਸੰਬਧਤ ਹਨ। ਜਿਵੇਂ ਦੇਹੁਰਾ ਫਿਰਨਾ ਅਤੇ ਗਉ ਨੁੰ ਜਿੰਦਾ ਕਰਨਾ ਆਦਿ। ਉਨ੍ਹਾਂ ਦਿਨਾ ਵਿਚ ਨੀਂਵੀਂਆਂ ਜਾਤੀਆਂ ਦੇ ਲੋਕ ਜਾਤੀ ਵਿਵਸਥਾ ਤੋਂ ਬਹੁਤ ਦੁਖੀ ਸਨ।
ਸੰਤ ਨਾਮਦੇਵ ਜੀ ਨੂੰ ਭੀ ਪੰਡਤਾਂ ਨੇ ਘੱਟ ਦੁਖੀ ਨਹੀਂ ਸੀ ਕੀਤਾ। ਸੰਤ ਨਾਮਦੇਵ ਜੀ ਅੋਂਧਿਆ ਨਾਗਨਥ ਦੇ ਮੰਦਰ ਵਿਚ ਬੜੀ ਲਗਨ ਦੇ ਨਾਲ ਭਜਨ ਕਰ ਰਹੇ ਸਨ,ਸਵਰਨ ਜਾਤੀ ਦੇ ਪੰਡਤ ਸੰਤ ਨਾਮਦੇਵ ਜੀ ਦੀ ਨੀਂਵੀਂ ਜਾਤ ਕਰਕੇ ਉਨ੍ਹਾਂ ਦੇ ਪਿੱਛੇ ਪੈ ਗਏ ਅਤੇ ਸੰਤ ਜੀ ਨੂੰ ਉਨ੍ਹਾਂ ਨੇ ਧੱਕੇ ਦੇਕੇ ਮੰਦਰ ‘ਚੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦਾ ਵਰਨਣ ਸੰਤ ਜੀ ਨੇ ਭੈਰਉ ਰਾਗ ਵਿਚ ਇਕ ਸ਼ਬਦ ਗਾਕੇ ਕੀਤਾ ਹੈ, ਜਿਹੜਾ ਕਿ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਸ ਤਰ੍ਹਾਂ ਹੈ।
ਹਸਤ ਖੇਲਤ ਤੇਰੇ ਦੇਹੁਰੇ ਆਇਆ । ਭਗਤਿ ਕਰਤ ਨਾਮਾ ਪਕਰਿ ਉਠਾਇਆ ।।
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ।ਛੀਪੇ ਕੇ ਜਨਮਿ ਕਾਹੇ ਕਉ ਆਇਆ ।। ਸ੍ਰੀ ਆਦਿ ਗ੍ਰੰਥ ਪੰਨਾਂ 1164
ਅਤੇ ਜਦੋਂ ਸੰਤ ਨਾਮਦੇਵ ਜੀ ਨੇ ਆਵਦੇ ਵਿੱਠਲ ਨੂੰ ਪੁਕਾਰਿਆ ਤਾਂ ਪ੍ਰਭੂ ਨੇ ਉਨ੍ਹਾਂ ਦੀ ਰੱਖ ਲਈ ਅਤੇ ਦੇਹੁਰਾ ਫਿਰ ਗਿਆ। ਉਨ੍ਹਾਂ ਦੇ ਇਸ ਸ਼ਬਦ ਤੋਂ ਪਤਾ ਚਲਦਾ ਹੈ।
ਜਿਉ ਜਿਉ ਨਾਮਾ ਹਰਿ ਗੁਣ ਉਚਰੈ। ਭਗਤ ਜਨਾਂ ਕਾ ਦੇਹੁਰਾ ਫਿਰੈ।।ਸ੍ਰੀ ਆਦਿ ਗ੍ਰੰਥ ਪੰਨਾ 1164
ਇਨ੍ਹਾਂ ਦੁੱਖਾ ਤੋਂ ਛਟਕਾਰਾ ਪਾਉਣ ਵਾਸਤੇ ਸੰਤ ਨਾਮਦੇਵ ਜੀ ਨੇ ਪਰੋਹਿਤਾਂ ਦੇ ਵਿਰੁਧ ਆਵਾਜ ਉਠਾਈ ਅਤੇ ਕਿਹਾ ਕਿ ਇਹ ਅੰਹਕਾਰੀ ਹਨ, ਜਾਤ ਪਾਤ ਦੇ ਬੰਧਨਾ ਵਿਚ ਬੱਝੇ ਹੋਏ ਹਨ ਇਨ੍ਹਾਂ ਕੋਲੋਂ ਰੱਬੀ ਗਿਆਨ ਦੀ ਕੀ ਆਸ ਕੀਤੀ ਜਾ ਸਕਦੀ ਹੈ। ਮਹਾਨ ਆਤਮਾਵਾਂ ਦਾ ਵਿਦਰੋਹ ਕੇਵਲ ਵਿਦਰੋਹ ਦੀ ਖਾਤਿਰ ਨਹੀਂ ਹੁੰਦਾ ਉਸ ਵਿਚ ਸਾਤਵਿਕ ਕਲਿਆਣਕਾਰੀ ਭਾਵਨਾ ਛੁਪੀ ਹੁੰਦੀ ਹੈ ਅਤੇ ਉਨ੍ਹਾਂ ਦਾ ਮੁਖ ਮੰਤਵ ਸਮਾਜ ਵਿਚ ਅਡਰਤਾ ਨੂੰ ਸਮਾਪਤ ਕਰਕੇ ਇਕ ਸੂਤ੍ਰ ਵਿਚ ਪਰੋਣਾ ਹੁੰਦਾ ਹੈ।
ਜਦੋਂ ਮੁਸਲਮਾਨ ਸ਼ਾਸਕ ਮੁਹੱਮਦ ਤੁਗਲਕ ਹਿੰਦੂਆਂ ਤੇ ਅਸਹਿ ਤੇ ਅਕਹਿ ਜ਼Lੁਲਮ ਢਾਅ ਰਿਹਾ ਸੀ, ੳਨ੍ਹਾਂ ਨੂੰ ਜਬਰਦਸਤੀ ਮੁਸਲਮਾਨ ਬਣਾ ਰਿਹਾ ਸੀ, ਬੁੱਤ ਪੁਜਾ ਦੇ ਸਖ਼ਤ ਖਿਂLਲਾਫ਼ ਹੋਣ ਕਰਕੇ ਮੰਦਰ ਢਾਅ ਕੇ ਮਸੀਤਾਂ ਉਸਾਰ ਰਿਹਾ ਸੀ,ਸੰਤ ਨਾਮ ਦੇਵ ਜੀ ਮੁਹੱਮਦ ਤੁਗਲਕ ਦੇ ਐਸੇ ਵਹਿਸ਼ੀਪੁਣੇ ਦਾ ਸ਼ਿਕਾਰ ਹੋਏ ਸਨ। ਕਿਉੋਂਕਿ ਸੰਤ ਨਾਮਦੇਵ ਜੀ ਅਧਿਆਤਮਕ ਉੱਨਤੀ ਦੇ ਨਾਲ ਨਾਲ ਲੋਕਾਂ ਵਿਚ ਅਤਿ ਪ੍ਰਸਿਧ ਹੋ ਗਏ ਸਨ ਅਤੇ ਉਨ੍ਹਾਂ ਦੀ ਨਿਤ ਪ੍ਰਤੀ ਸ਼ਰਧਾਲੂਆਂ ਦੀ ਵਧਦੀ ਗਿਨਤੀ ਨੂੰ ਤੱਕ ਕੇ ਮੁਹੱਮਦ ਤੁਗਲਕ ਨੇ ਸੰਤ ਨਾਮਦੇਵ ਜੀ ਨੂੰ ਪਕੜ ਲਿਆ ਅਤੇ ਉਨ੍ਹਾਂ ਦੇ ਪੈਰੀਂ ਬੇੜੀਆਂ ਪਾਕੇ ਦਿੱਲੀ ਕੌਂਸਲ ਹਾਲ ਵਿਚ ਲਿਆਂਦਾ ਗਿਆ।
ਉਨ੍ਹਾਂ ਦੇ ਸ਼ਰਧਾਲੂ ਸੰਤ ਨਾਮ ਦੇਵ ਜੀ ਨੂੰ ਛੜਾਉਣ ਵਾਸਤੇ ਉਨਾਂ੍ਹ ਦੇ ਭਾਰ ਦੇ ਬਰਾਬਰ ਦਾ ਸੋਨਾ ਦੇਣ ਵਾਸਤੇ ਤਿਆਰ ਹੋ ਗਏ, ਪਰ ਬਾਦਸ਼ਾਹ ਨੇ ਇਹ ਸੋਚਕੇ ਕਿ ਜੇ ਸੰਤ ਨਾਮਦੇਵ ਜੀ ਮੁਸਲਮਾਨ ਬਣ ਜਾਣ ਤਾਂ ਸੰਤ ਜੀ ਦੇ ਪੈਰੋਕਾਰ ਵੀ ਮੁਸਲਮਾਨ ਬਣ ਜਾਣਗੇ, ਇਹ ਕਿੰਨਾ ਪੁੱਨ ਦਾ ਕੰਮ ਹੋਵੇਗਾ ਉਸਨੇ ਸੋਨਾ ਲੈਣ ਤੋਂ ਇਨਕਾਰ ਕਰ ਦਿੱਤਾ ਤੇ ੳਨ੍ਹਾਂ ਨੂੰ ਕਰਾਮਾਤੀ ਹੋਣ ਦਾ ਦੋਸ਼ ਲਗਾਕੇ ਉਨ੍ਹਾਂ ਨੂੰ ਮਸਤ ਹਾਥੀ ਦੇ ਮੁਹਰੇ ਸੁੱਟਿਆ ਗਿਆ ਅਤੇ ਬਹੁਤ ਤਸੀਹੇ ਦਿੱਤੇ ਗਏ।
ਸੰਤ ਨਾਮਦੇਵ ਨੂੰ ਕਿਹਾ ਗਿਆ ਜਾਂ ਤਾਂ ਮੁਸਲਮਾਨ ਬਣ ਜਾਉ ਤੇ ਜਾਂ ਫੇਰ ਮਰੀ ਹੋਈ ਗਉ ਨੂੰ ਜਿੰਦਾ ਕਰੋ ਨਹੀਂ ਤਾਂ ਕਤਲ ਕਰ ਦਿੱਤੇ ਜਾਉਗੇ। ਗੁਰਮਤਿ ਸਾਧਨਾ ਦੇ ਜਾਨਕਾਰ ਇਸ ਗੱਲ ਨੂੰ ਜਾਣਦੇ ਹਨ ਕਿ ਕਰਮਾਤਾਂ ਦਾ ਗੁਰਮਤਿ ਵਿਚ ਕੋਈ ਸਥਾਨ ਨਹੀਂ ਇਸੇ ਕਰਕੇ ਸੰਤ ਨਾਮਦੇਵ ਜੀ ਨੇ ਕਿਹਾ ਕਿ, ਹੇ ਬਾਦਸ਼ਾਹ, ਇਉਂ ਹੋ ਨਹੀਂ ਸਕਦਾ, ਕੋਈ ਮਰਿਆ ਵੀ ਜਿੰਦਾ ਹੋ ਸਕਦਾ ਹੈ, ਮਰਨਾ,ਜੀਵਾਲਨਾ ਤਾਂ ਉਸ ਨਿਰੰਕਾਰ ਦੇ ਹੱਥ ਵਿਚ ਹੈ, ਜੇ ਉਸਦੀ ਕਿਰਪਾ ਹੋ ਜਾਵੇ ਤਾਂ ਸਭ ਕੁਝ ਹੋ ਸਕਦਾ ਹੈ।
ਉਨ੍ਹਾਂ ਨੇ ਇਸੇ ਸੰਧਰਬ ਵਿਚ ਸ਼ਬਦ ਉਚਾਰਿਆ।
ਬਾਦਿਸਾਹ ਐਸੀ ਕਿਉ ਹੋਇ ।। ਬਿਸਮਿਲਿ ਕੀਆ ਨ ਜੀਵੈ ਕੋਇ ।।
ਮੇਰਾ ਕੀਆ ਕਛੂ ਨ ਹੋਇ ।। ਕਰਿ ਹੈ ਰਾਮੁ ਹੋਇ ਹੈ ਸੋਇ ।। ਆਦਿ ਗ੍ਰੰਥ ਪੰਨਾ 1165
ਸੰਤ ਨਾਮਦੇਵ ਜੀ ਨੂੰ ਜਦੋਂ ਬਾਦਸ਼ਾਹ ਨੇ ਹਾਥੀ ਅੱਗੇ ਸੁੱਟਿਆ ਤਾਂ ਉਨ੍ਹਾਂ ਦੀ ਮਾਤਾ ਜੀ ਨੇ ਰੋਂਦੇ ਹੋਏ ਕਿਹਾ ਪੁੱਤ੍ਰ ਰਾਮ ਦਾ ਨਾਂ ਛੱਡ ਕੇ ਮੁਸਲਮਾਨ ਬਣਜਾ। ਮਾਤਾ ਜੀ ਦੀ ਇਹ ਗੱਲ ਸੁਣਕੇ ਸੰਤ ਨਾਮਦੇਵ ਜੀ ਆਪਣੀ ਮਾਤਾ ਜੀ ਤੋਂ ਰਿਸ਼ਤਾ ਤੋੜਣ ਵਾਸਤੇ ਤਿਆਰ ਹੋ ਗਏ ਅਤੇ ਕਹਿਣ ਲੱਗੇ ਮਾਤਾ ਤੂੰਂ ਮਂੈਨੂੰ ਰਾਮ ਦਾ ਨਾਂ ਛੱਡ ਕੇ ਕਲਮਾ ਪੜ੍ਹਣ ਨੂੰ ਕਹਿਨੀ ਹੈਂ ਇਸ ਲਈ ਨਾ ਤੂੰ ਮੇਰੀ ਮਾਂ ਹੈਂ ਤੇ ਨਾ ਮੈਂ ਤੇਰਾਂ ਪੁੱਤ, ਮੈਂ ਰਾਮ ਦਾ ਨਾਮ ਲੈਣਾ ਨਹੀਂ ਛੱਡਣਾ ਭਾਵੇਂ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ। ਇਸ ਗੱਲ ਦਾ ਉਨ੍ਹਾਂ ਦੀ ਬਾਣੀ ਤੋਂ ਪਤਾ ਚਲਦਾ ਹੈ।
ਰੁਦਨ ਕਰੈ ਨਾਮੈ ਕੀ ਮਾਇ । ਛੋਡਿ ਰਾਮੁ ਕੀ ਭਜਹਿ ਖੁਦਾਇ ।
ਨ ਹਉ ਤੇਰਾ ਪੂੰਗੜਾ ਨ ਤੂੰ ਮੇਰੀ ਮਾਇ ।ਪਿੰਡੁ ਪਰੇ ਤਉ ਹਰਿ ਗੁਨ ਗਾਇ । ਆਦਿ ਗ੍ਰੰਥ ਪੰਨਾ 1165
ਸੰਤ ਨਾਮ ਦੇਵ ਜੀ ਦੇ ਹਰਿ ਨੇ ਭਗਤ ਵਸ ਹੋਕੇ ਗਉ ਨੂੰ ਜਿੰਦਾ ਕਰ ਦਿੱਤਾ,ਇਹ ੳਨ੍ਹਾਂ ਤੇ ਵਿੱਠਲ ਦੀ ਕਿਰਪਾ ਦਾ ਹੀ ਫਲ ਸੀ। ਸੰਤ ਨਾਮਦੇਵ ਜੀ ਸਮਝਦੇ ਸਨ ਕਿ ਦ੍ਰਿੜ ਵਿਸ਼ਵਾਸ ਅਤੇ ਸਾਬਤ ਕਦਮੀ ਦੀ ਭਾਰਤੀ ਕੌਮ ਨੂੰ ਲੋੜ ਹੈ ਅਤੇ ਉਨ੍ਹਾਂ ਨੇ ਜ਼ੁਲਮ ਅਤੇ ਜਬਰ ਦਾ ਮੁਕਾਬਲਾ ਪੱਕੇ ਇਰਾਦੇ ਨਾਲ ਕੀਤਾ। ਸੰਤ ਨਾਮ ਦੇਵ ਜੀ ਵਿੱਠਲ ਦੀ ਭਗਤੀ ਵਿਚ ਇੰਨੇ ਲੀਨ ਹੋ ਗਏ ਸਨ ਉਨ੍ਹਾਂ ਨੂੰ ਹਰ ਪਾਸੇ ਰੱਬ ਨਜ਼ਰ ਆਉਣ ਲੱਗ ਗਿਆ ਸੀ। ਭਗਵਾਨ ਨੇ ਬੇਢੀ ਬਣਕੇ ਸੰਤ ਜੀ ਦੀ ਛੱਪਰੀ ਬਣਾਈ,ਪਠਾਣ ਜਾਂ ਮੰਗੋਲ ਦੇ ਰੂਪ ਵਿਚ ਦਵਾਰਕਾ ਵਿਚ ਵੰਗਾਰ ਲਈ ਅਤੇ ਕੁੱਤੇ ਦੇ ਰੂਪ ਵਿਚ ਸੰਤ ਨਾਮ ਦੇਵ ਜੀ ਦੀਆਂ ਰੋਟੀਆਂ ਚੁੱਕ ਖੜੀਆਂ। ਸੰਤ ਨਾਮਦੇਵ ਜੀ ਦੇ 61 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ।
ਇਨ੍ਹਾਂ 61 ਸ਼ਲੋਕਾਂ ਵਿਚ ਸੰਤ ਸਾਧਨਾ ਦੇ ਸਾਰੇ ਗੁਣ ਮੌਜੂਦ ਹਨ। ਉਨ੍ਹਾਂ ਨੇ ਸ਼ੈਵ ਅਤੇ ਵੈਸ਼ਨਵ ਦੇ ਝਗੜੇ ਨੂੰ ਹੀ ਨਹੀਂ ਸੀ ਖਤਮ ਕੀਤਾ ਬਲਕਿ ਉਸਨੂੰ ਮਿਟਾਉਣ ਵਾਸਤੇ ਅਵਾਜ ਵੀ ਬੁਲੰਦ ਕੀਤੀ। ਉਨ੍ਹਾਂ ਨੇ ਅਦਵੈਤਵਾਦ ਦਾ ਸਮ੍ਰਥਨ ਕਰਦਿਆਂ ਹੋਇਆਂ ਵੀ ਨਿਰਗੁਣ ਬ੍ਰਹਮ ਦੀ ਭਗਤੀ ਨੂੰ ਹੀ ਸਰਬੋਤਮ ਮੰਨਿਆਂ।ਸੰਤ ਗਿਆਨੇਸ਼ਵਰ ਜੀ ਨਾਲ ਉਨ੍ਹਾਂ ਨੇ ਪਵਿਤ੍ਰ ਤੀਰਥਾਂ ਦੀ ਯਾਤਰਾ ਕੀਤੀ। ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਸੰਤ ਗਿਆਨੇਸ਼ਵਰ ਜੀ ਜੋਤੀ ਜੋਤ ਸਮਾ ਗਏ,ਤਾਂ ਸੰਤ ਨਾਮ ਦੇਵ ਜੀ ਦਾ ਉਪਰਾਮ ਮਨ ਦੱਖਣ ਵੱਲੋਂ ਉਦਾਸੀਨ ਹੋ ਗਿਆ ਤੇ ਉਹ ਕੁਝ
ਵਾਰਕਰੀਆਂ ਨੂੰ ਨਾਲ ਲੈਕੇ ਮਥੁਰਾ –ਬਿੰਦ੍ਰਾਬਨ ਹੁੰਦੇ ਹੋਏ ਪੰਜਾਬ ਆ ਗਏ ਅਤੇ ਜਿਲਾ ਅਮ੍ਰਿਤਸਰ ਦੇ ਪਿੰਡ ਭੂਤਵਿੰਡ ਵਿਚ ਠਹਿਰੇ, ਇੱਥੇ ਹੀ ਅਲੋੜੀ ਨਾ ਦੀ ਇਕ ਔਰਤ ਅਤੇ ਉਸਦਾ ਲੜਕਾ ਬੋਹਰ ਦਾਸ ਸੰਤ ਜੀ ਦੇ ਸ਼ਿਸ਼ ਬਣ ਗਏ।ਸੰਤ ਨਾਮਦੇਵ ਜੀ 80 ਸਾਲ ਦੀ ਉਮਰ ਵਿਚ ਘੁਮਾਣ (ਜਿਲਾ ਗੁਦਾਸਪੁਰ ) ਵਿਖੇ ਈਸਵੀ ਸੰਨ 1350 (ਮਾਂਘ ਸੰਮਤ 1407 ) ਵਿਚ ਜੋਤੀ ਜੋਤ ਸਮਾ ਗਏ। ਕੁਝ ਵਿਦਵਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਣੇ ਪਰਿਵਾਰ ਪੰਡਰਪੁਰ ਵਿੱਠਲ ਦੇ ਮੰਦਰ ਦੀਆਂ ਪੌੜੀਆਂ ਵਿਚ ਸਮਾਧੀ ਲਈ।ਸੰਤ ਜੀ ਤੋਂ ਬਾਅਦ ਉਨ੍ਹਾਂ ਦਾ ਚੇਲਾ ਬੋਹਰ ਦਾਸ ਗੱਦੀ ਤੇ ਬੇਠਾਂ,ਘੁਮਾਣ ਦੇ ਬਾਵੇ ਬੋਹਰ ਦਾਸ ਦੀ ਸੰਤਾਨ ਦੱਸੀ ਜਾਂਦੀ ਹੈ।
ਘੁਮਾਣ ਵਿਚ ਸੰਤ ਜੀ ਯਾਦ ਵਜੋਂ ਇਕ ਸ਼ਾਨਦਾਰ ਦੇਹੁਰਾ (ਗੁਰਦਵਾਰਾ ) ਬਣਿਆ ਹੋਇਆ ਹੈ। ਅੱਜਕਲ੍ਹ ਇਹ ਦੁਹੁਰਾ ਦਰਬਾਰ ਕਮੇਟੀ ਘਮਾਣ ਦੀ ਦੇਖ ਰੇਖ ਵਿਚ ਹੈ।ਸੰਤ ਨਾਮਦੇਵ ਜੀ ਦਾ ਪਰਕਾਸ਼ ਉਤਸਵ ਨਵੰਬਰ ਦੇ ਮਹੀਨੇ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ।ਸੰਤ ਜੀ ਨੇ ਸਾਰਾ ਜੀਵਨ ਦਲਿਤ ਜਾਤੀਆਂ ਦੇ ਕਲਿਆਣ ਹਿਤ ਅਰਪਣ ਕੀਤਾ, ਉਨ੍ਹਾਂ ਦਾ ਸਨਮਾਨਿਤ ਸਥਾਨ ਭਾਰਤੀ ਲੋਕਾਂ ਦੇ ਸਤਿਕਾਰੇ ਸੰਤ ਕਵੀਆਂ ਵਿਚ ਹੈ।
ਮੈਂ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ।ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ।।
ਇਹ ਅਤਿ ਪਰਸਿਧ ਸ਼ਬਦ ਭੀ ਸੰਤ ਨਾਮਦੇਵ ਜੀ ਦੀ ਰਚਨਾ ਹੈ। ਸੰਤ ਨਾਮਦੇਵ ਜੀ ਭਾਰਤੀ ਭਗਤੀ ਅੰਦੋਲਨ ਦੇ ਇਕ ਮਹਾਨ ਕਰਾਂਤੀਕਾਰੀ ਅਤੇ ਸੰਤ ਮਤ ਵਿਚਾਰਕਾਂ ਦੇ ਪਹਿਲੇ ਮਾਰਗ ਦਰਸ਼ਕ ਸਨ।
ਭਗਵਾਨ ਸਿੰਘ ਤੱਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly