ਵਿਸ਼ੇਸ਼ ਸਿੱਖਲਾਈ ਦੇ ਜ਼ਰੀਏ ਹਥਿਆਰਬੰਦ ਸੈਨਾ ਵਿਚ ਅਧਿਕਾਰੀ ਬਣਨ ਦੇ ਸੁਪਨੇ ਹੋ ਸਕਣਗੇ ਸਾਕਾਰ – ਕਰਨਲ ਅਜੀਤ ਸਿੰਘ ਢਿੱਲੋਂ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਸੋਢੀ ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸਬੰਧਿਤ ਪਾਵਨ ਨਗਰੀ ਦੇ ਤਲਵੰਡੀ ਰੋਡ, ਸੁਲਤਾਨਪੁਰ ਲੋਧੀ ਵਿਖੇ ਫੌਜ ਦੇ ਸੀਨੀਅਰ ਅਧਿਕਾਰੀ ਕਰਨਲ ਅਜੀਤ ਸਿੰਘ ਢਿੱਲੋਂ ਤੇ ਐਮ.ਡੀ. ਮੈਡਮ ਨਵਦੀਪ ਕੌਰ ਢਿੱਲੋ ਦੀ ਅਗਵਾਈ ‘ਚ ਚੱਲ ਰਹੇ ਸ਼ਾਨਦਾਰ ਪ੍ਰਾਈਵੇਟ ਵਿਦਿਅਕ ਅਦਾਰੇ ਫਾਲਕਨ ਇੰਟਰਨੈਸ਼ਨਲ ਸਕੂਲ ਨੂੰ ਭਾਰਤੀ ਫੌਜ ਵੱਲੋਂ ਐਨ.ਸੀ.ਸੀ. ਲਈ ਪ੍ਰਵਾਨਗੀ ਦੇਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਰਨਲ ਅਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਫਾਲਕਨ ਇੰਟਰਨੈਸ਼ਨਲ ਸਕੂਲ ਐਨ.ਸੀ.ਸੀ. ਲਈ ਪ੍ਰਵਾਨਗੀ ਪ੍ਰਾਪਤ ਕਰਨ ਵਾਲਾ ਇਸ ਖੇਤਰ ਦਾ ਪਹਿਲਾ ਪ੍ਰਾਈਵੇਟ ਸਕੂਲ ਹੈ , ਜਿਸਦਾ ਗੁਰੂ ਨਗਰੀ ਸੁਲਤਾਨਪੁਰ ਲੋਧੀ ਅਤੇ ਇਸ ਸਮੁੱਚੇ ਇਲਾਕੇ ਦੇ ਸਮੂਹ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ ।ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਵਿਸ਼ਾਲ ਵਿਕਾਸ ਲਈ ਇਹ ਵੱਡੀ ਪ੍ਰਾਪਤੀ ਹੈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਹੁਣ ਐਨ.ਸੀ.ਸੀ. ਨੂੰ ਇੱਕ ਵਿਸ਼ੇ ਵਜੋਂ ਲੈ ਸਕਦੇ ਹਨ ।
ਐਨ.ਸੀ.ਸੀ ਦੇ ਲਾਭ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੰਦੇ ਹੋਏ ਕਰਨਲ ਢਿੱਲੋਂ ਨੇ ਦੱਸਿਆ ਕਿ ਐਨ.ਸੀ.ਸੀ. ਦੇ ਵਿਸ਼ੇ ‘ਚ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਨੂੰ ਰਾਜ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿਚ ਰਾਖਵਾਂਕਰਨ ਮਿਲਦਾ ਹੈ । ਇਸਤੋਂ ਇਲਾਵਾ ਫੌਜ,ਜਲ ਸੈਨਾ, ਹਵਾਈ ਸੈਨਾ, ਬੀ.ਐਸ.ਐਫ, ਸੀ.ਆਈ.ਐਸ.ਐਫ,ਆਈ.ਟੀ.ਬੀ.ਪੀ, ਸੀ.ਆਰ.ਪੀ.ਐਫ ਅਤੇ ਵੱਖ ਵੱਖ ਵਿਭਾਗਾਂ ਤੇ ਮੰਤਰਾਲਿਆਂ ਵਿਚ ਰਾਖਵਾਂਕਰਨ ਦਾ ਲਾਭ ਮਿਲਦਾ ਹੈ ।ਉਨ੍ਹਾਂ ਹੋਰ ਦੱਸਿਆ ਕਿ ਸਰਕਾਰੀ ਨੌਕਰੀਆਂ ਲਈ ਅੰਕਾਂ ਵਿਚ ਵਾਧਾ ਮਿਲਦਾ ਹੈ ।ਕਾਰਪੋਰੇਟ ਸੈਕਟਰ ਵਿੱਚ ਨੌਕਰੀਆਂ ਵਿੱਚ ਤਰਜੀਹ ਤੇ ਪੇਸ਼ੇਵਰ ਕੋਰਸਾਂ ਦੇ ਵਿੱਚ ਅੰਕਾਂ ਵਿੱਚ ਵਾਧਾ ਮਿਲਦਾ ਹੈ ।
ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਲਈ ਵੀ ਐਨ.ਸੀ.ਸੀ. ਵਿਸ਼ੇ ਨਾਲ ਪਾਸ ਵਿਦਿਆਰਥੀਆਂ ਦੀ ਸਮਾਜ ਸੇਵਾ ਨੂੰ ਮੰਨਿਆ ਜਾਂਦਾ ਹੈ ਤੇ ਯੂਥ ਐਕਸਚੇਂਜ ਪ੍ਰੋਗਰਾਮ ਰਾਹੀਂ ਵੀ ਬੱਚੇ ਵਿਦੇਸ਼ ਜਾ ਸਕਦੇ ਹਨ । ਕਰਨਲ ਢਿੱਲੋਂ ਨੇ ਦੇਸ਼ ਵਿੱਚ ਐਨ.ਸੀ.ਸੀ. ਦੇ ਫਾਇਦੇ ਗਿਣਾਉਂਦੇ ਦੱਸਿਆ ਕਿ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਗੁਣਾਂ ਦਾ ਵਿਕਾਸ ਹੁੰਦਾ ਹੈ । ਇਸਤੋਂ ਇਲਾਵਾ ਮਾਉਂਟੇਨਿੰਗ ਦੀਆਂ ਗਤੀਵਿਧੀਆਂ ਦਾ ਜਿਕਰ ਕਰਦੇ ਉਨ੍ਹਾਂ ਦੱਸਿਆ ਕਿ ਐਨ .ਸੀ.ਸੀ ਨੌਜਵਾਨਾਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਸਵੈ ਇੱਛੁਕ ਸੰਸਥਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਸਕੂਲ ਵਿੱਚ ਐਨ.ਸੀ.ਸੀ. ਨਾਂ ਹੋਣ ਕਾਰਨ ਇਸ ਖੇਤਰ ਦੇ ਨੌਜਵਾਨ ਕਈ ਸਾਲਾਂ ਤੋਂ ਐਨ.ਸੀ.ਸੀ ਤੋਂ ਵਾਂਝੇ ਰਹੇ ਹਨ । ਕਰਨਲ ਅਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਐਨ.ਸੀ.ਸੀ ਕੋਡਰ ਵਿੱਚ ਰਹਿ ਚੁੱਕੇ ਕਈ ਨੇਤਾ ਸ੍ਰੀ ਸੁਭਾਸ਼ ਚੰਦਰ ਬੋਸ, ਸ਼੍ਰੀ ਨਰਿੰਦਰ ਮੋਦੀ ,ਸ਼੍ਰੀ ਮੋਰਾਰਜੀ ਦੇਸਾਈ, ਸ਼੍ਰੀ ਰਾਜਨਾਥ ਸਿੰਘ, ਸ਼੍ਰੀਮਤੀ ਸੁਸ਼ਮਾ ਸਵਰਾਜ, ਸ਼੍ਰੀ ਹਾਮਿਦ ਅੰਸਾਰੀ, ਸ਼੍ਰੀਮਤੀ ਜਯਾ ਬਚਨ, ਸ਼੍ਰੀ ਗੁਲਾਮ ਨਬੀ, ਸਰਦਾਰ ਬੂਟਾ ਸਿੰਘ ਲੈਫਟੀਨੈਂਟ ਜਨਰਲ ਰੈਨਾ, ਲੈਫਟੀਨੈਂਟ ਜਨਰਲ. ਐਸ.ਕੇ ਸਿਨਹਾ, ਜਨਰਲ ਦੀਪਕ ਕਪੂਰ, ਜਨਰਲ ਵੀ.ਕੇ ਸਿੰਘ, ਮਾਰਸ਼ਲ ਅਰਜੁਨ ਸਿੰਘ ਏਅਰ ਚੀਫ ਮਾਰਸ਼ਲ ਐਸ.ਕੇ ਅਰੇਨ, ਏਅਰ ਚੀਫ ਮਾਰਸ਼ਲ ਪੀ.ਯੂ ਨਾਇਕ, ਐਡਮਿਰਲ ਨਿਰਮਲ ਕੁਮਾਰ ਵਰਮਾ, ਸ੍ਰੀਮਤੀ ਕਿਰਨ ਬੇਦੀ, ਕਰਨਲ ਰਾਜਵਰਧਨ ਰਾਠੌਰ ਅਤੇ ਹੋਰ ਬਹੁਤ ਸਾਰੇ ਵੱਡੇ ਰੁਤਬੇ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਨ , ਜੋ ਸਾਡੇ ਲਈ ਮਿਸਾਲ ਹਨ ਕਿ ਐਨ.ਸੀ.ਸੀ. ਵਿਸ਼ੇ ਤੋਂ ਕਿੱਥੇ ਤੱਕ ਪੁੱਜਿਆ ਜਾ ਸਕਦਾ ਹੈ ।
ਉਨ੍ਹਾਂ ਦੱਸਿਆ ਕਿ ਐਨ.ਸੀ.ਸੀ ਵਿਦਿਆਰਥੀਆਂ ਨੂੰ ਕੈਂਪਾਂ ਵਿੱਚ ਫਾਇਰਿੰਗ ਦੀਆਂ ਗਤੀਵਿਧੀਆਂ,ਵੱਖ ਵੱਖ ਪ੍ਰਤੀਯੋਗਤਾਵਾਂ, ਰਿਪਬਲਿਕਨ ਡੇ ਪਰੇਡ ਵਿੱਚ ਸ਼ਮੂਲੀਅਤ ਕਰਨ ਅਤੇ ਵਿਸ਼ੇਸ਼ ਸਿਖਲਾਈ ਦੇ ਜ਼ਰੀਏ ਹਥਿਆਰਬੰਦ ਸੈਨਾ ਵਿਚ ਅਧਿਕਾਰੀ ਬਣਨ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਧੀਆ ਮੌਕਾ ਪ੍ਰਦਾਨ ਕਰੇਗਾ । ਇਹ ਵੀ ਦੱਸਿਆ ਕਿ ਫਾਲਕਨ ਸਕੂਲ ਵੱਲੋਂ ਪਹਿਲਾਂ ਹੀ ਈ.ਐਸ.ਐਮ. ਐਨ.ਕੇ ਗੁਰਬਚਨ ਸਿੰਘ ਨੂੰ ਇੰਸਟ੍ਰਕਟਰ ਡਰਿੱਲ ਅਤੇ ਐਨ.ਸੀ.ਸੀ ਕੋਡਰਾਂ ਦੀ ਸਿਖਲਾਈ ਲਈ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਫੌਜ ਵੱਲੋਂ ਪ੍ਰਾਈਵੇਟ ਸਕੂਲਾਂ ਵਿੱਚ ਐਨ.ਸੀ.ਸੀ. ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਪਰ ਕਰਨਲ ਅਜੀਤ ਸਿੰਘ ਢਿੱਲੋਂ ਦੀ ਮਿਹਨਤ ਤੇ ਯਤਨਾਂ ਸਦਕਾ ਹਲਕਾ ਸੁਲਤਾਨਪੁਰ ਲੋਧੀ ਦੇ ਪਹਿਲੇ ਪ੍ਰਾਈਵੇਟ ਸਕੂਲ ਫਾਲਕਨ ਇੰਟਰਨੈਸ਼ਨਲ ਨੂੰ ਐਨ.ਸੀ.ਸੀ. ਵੱਜੋਂ ਮਾਨਤਾ ਦਿੱਤੀ ਗਈ ਹੈ , ਜਿਸਦਾ ਆਲੇ ਦੁਆਲੇ ਦੇ ਸਮੁੱਚੇ ਇਲਾਕੇ ਨੂੰ ਲਾਭ ਮਿਲ ਸਕੇਗਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly