ਬਰਲਿਨ, (ਸਮਾਜ ਵੀਕਲੀ): ਪੱਛਮੀ ਯੂਰੋਪ ’ਚ ਤਬਾਹਕੁਨ ਹੜ੍ਹਾਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਅੱਜ 180 ਤੋਂ ਟੱਪ ਗਈ ਹੈ। ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ ਬਚਾਅ ਕਰਮੀ ਮਲਬੇ ’ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ।
ਪੁਲੀਸ ਨੇ ਪੱਛਮੀ ਜਰਮਨੀ ਦੇ ਰਾਈਨਲੈਂਡ-ਪੈਲੇਟਿਨੇਟ ਰਾਜ ’ਚ ਹੜ੍ਹਾਂ ਕਾਰਨ ਵਧੇਰੇ ਪ੍ਰਭਾਵਿਤ ਅਹਿਰਵਾਈਲਰ ਇਲਾਕੇ ’ਚ ਮ੍ਰਿਤਕਾਂ ਦੀ ਗਿਣਤੀ 110 ਦੱਸੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਰਮਨੀ ਦੇ ਸਭ ਤੋਂ ਵੱਧ ਆਬਾਦੀ ਵਾਲੇ ਉੱਤਰੀ ਰਾਈਨ-ਵੈਸਟਫਲੀਆ ਰਾਜ ’ਚ 45 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ’ਚ ਚਾਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਸ਼ਾਮਲ ਹਨ। ਬੈਲਜੀਅਮ ’ਚ 27 ਵਿਅਕਤੀਆਂ ਦੀ ਮੌਤ ਹੋਈ ਹੈ। ਬੀਤੇ ਦਿਨ ਜਰਮਨੀ ਦੇ ਰਾਸ਼ਟਰਪਤੀ ਇੱਥੇ ਆਏ ਸਨ ਤੇ ਉਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ।
ਜਰਮਨੀ, ਬੈਲਜੀਅਮ ਤੇ ਨੈਦਰਲੈਂਡ ਦੇ ਬਹੁਤ ਹੀ ਪ੍ਰਭਾਵਿਤ ਇਲਾਕਿਆਂ ’ਚ ਮੀਂਹ ਰੁਕ ਗਿਆ ਹੈ ਪਰ ਪੱਛਮੀ ਤੇ ਮੱਧ ਯੂਰੋਪ ਦੇ ਹਿੱਸਿਆਂ ’ਚ ਤੂਫ਼ਾਨ ਤੇ ਮੀਂਹ ਜਾਰੀ ਹੈ। ਜਰਮਨੀ-ਚੈੱਕ ਸਰਹੱਦੀ ਇਲਾਕੇ ਤੇ ਜਰਮਨੀ ਦੇ ਦੱਖਣੀ-ਪੂਰਬੀ ਇਲਾਕੇ ਅਤੇ ਆਸਟਰੀਆ ਦੇ ਸਰਹੱਦੀ ਇਲਾਕਿਆਂ ’ਚ ਲੰਘੀ ਰਾਤ ਹੜ੍ਹ ਆ ਗਿਆ। ਜਰਮਨੀ ਦੀ ਐਚੇ ਨਦੀ ਦੇ ਪਾਣੀ ਪੱਧਰ ਵਧਣ ਤੋਂ ਬਾਅਦ ਬੈਰਚਟੇਸਗਾਡੇਨ ਇਲਾਕੇ ’ਚ 65 ਲੋਕਾਂ ਨੂੰ ਬਚਾਇਆ ਗਿਆ ਹੈ। ਵਾਤਾਵਰਨ ਵਿਗਿਆਨੀਆਂ ਦਾ ਕਹਿਣਾ ਹੈ ਕਿ ਖਤਰਨਾਕ ਮੌਸਮੀ ਹਾਲਾਤ ਤੇ ਤਾਪਮਾਨ ’ਚ ਵਾਧੇ ਦਾ ਸਬੰਧ ਗਲਤ ਨਹੀਂ ਹੈ ਅਤੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਜਲਦੀ ਤੋਂ ਜਲਦੀ ਕਦਮ ਚੁੱਕਣ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly