ਨਵੀਂ ਦਿੱਲੀ (ਸਮਾਜ ਵੀਕਲੀ): ਵਿਰੋਧੀ ਪਾਰਟੀਆਂ ਨੇ ਕੋਵਿਡ ’ਤੇ ਸੰਸਦੀ ਉੱਪ ਭਵਨ ’ਚ ਸਾਰੇ ਸੰਸਦ ਮੈਂਬਰਾਂ ਲਈ ਪ੍ਰਧਾਨ ਮੰਤਰੀ ਦੇ ਸਾਂਝੇ ਸੰਬੋਧਨ ਦੀ ਪੇਸ਼ਕਸ਼ ਨੂੰ ਲੈ ਕੇ ਅੱਜ ਇਤਰਾਜ਼ ਜ਼ਾਹਿਰ ਕੀਤਾ ਅਤੇ ਕਿਹਾ ਕਿ ਸੰਸਦ ਦਾ ਸੈਸ਼ਨ ਜਾਰੀ ਰਹਿਣ ਦੌਰਾਨ ਅਜਿਹਾ ਕਰਨਾ ਗ਼ੈਰਕਾਨੂੰਨੀ ਹੋਵੇਗਾ ਤੇ ਇਸ ਕਦਮ ਦਾ ਮਕਸਦ ਨਿਯਮਾਂ ਨੂੰ ਦਰਕਿਨਾਰ ਕਰਨਾ ਹੈ। ਤ੍ਰਿਣਮੂਲ ਕਾਂਗਰਸ ਤੇ ਸੀਪੀਆਈ (ਐੱਮ) ਸਮੇਤ ਹੋਰਨਾਂ ਪਾਟੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜਦੋਂ ਕੋਵਿਡ ਮਹਾਮਾਰੀ ਤੇ ਇਸ ਨਾਲ ਸਬੰਧਤ ਮੁੱਦਿਆਂ ’ਤੇ ਸੰਸਦ ’ਚ ਚਰਚਾ ਕੀਤੀ ਜਾ ਸਕਦੀ ਹੈ ਤਾਂ ਇਸ ਲਈ ਬਾਹਰ ਜਾਣ ਦੀ ਕੀ ਜ਼ਰੂਰਤ ਹੈ?
ਉਪ ਭਵਨ ਸੰਸਦ ਭਵਨ ਦੇ ਗਲਿਆਰੇ ’ਚ ਸਥਿਤ ਇੱਕ ਵੱਖਰਾ ਭਵਨ ਹੈ। ਸਰਬ ਪਾਰਟੀ ਮੀਟਿੰਗ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 20 ਜੁਲਾਈ ਨੂੰ ਦੋਵਾਂ ਸਦਨਾਂ ਦੇ ਮੈਂਬਰਾਂ ਨੂੰ ਕੋਵਿਡ ਮਹਾਮਾਰੀ ਬਾਰੇ ਸੰਬੋਧਨ ਕਰਨਗੇ। ਮੀਟਿੰਗ ਦੌਰਾਨ ਹਾਜ਼ਰ ਟੀਐੱਮਸੀ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ, ‘ਸੰਸਦ ਤੋਂ ਬਾਹਰ ਜਾਣ ਦੀ ਕੀ ਜ਼ਰੂਰਤ ਹੈ। ਜੋ ਵੀ ਸੰਬੋਧਨ ਕੀਤਾ ਜਾਣਾ ਹੈ, ਉਹ ਸਦਨ ’ਚ ਹੀ ਕੀਤਾ ਜਾਵੇ। ਇਹ ਸੰਸਦ ਦੇ ਨਿਯਮਾਂ ਨੂੰ ਦਰਕਿਨਾਰ ਕਰਨ ਦਾ ਇੱਕ ਹੋਰ ਢੰਗ ਹੈ। ਸੰਸਦ ਦਾ ਮਜ਼ਾਕ ਬਣਾਉਣਾ ਬੰਦ ਕਰੋ। ਮੋਦੀ ਤੇ ਕੇਂਦਰੀ ਗ੍ਰਹਿ ਮਤਰੀ ਅਮਿਤ ਸ਼ਾਹ ਹੋਰ ਕਿੰਨਾ ਅੱਗੇ ਜਾਣਗੇ?’
ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਪਾਰਟੀ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਜੇਕਰ ਸੰਸਦ ਦਾ ਸੈਸ਼ਨ ਜਾਰੀ ਹੈ ਤਾਂ ਸਰਕਾਰ ਨੇ ਜੋ ਕੁਝ ਵੀ ਕਹਿਣਾ ਹੈ ਕਿ ਉਹ ਸਦਨ ’ਚ ਕਿਹਾ ਜਾ ਸਕਦਾ ਹੈ। ਓ’ਬ੍ਰਾਇਨ ਨੇ ਦਾਅਵਾ ਕੀਤਾ ਕਿ ਮੀਟਿੰਗ ’ਚ ਹਾਜ਼ਰ ਸਾਰੇ ਵਿਰੋਧੀ ਧਿਰ ਦੇ ਆਗੂਆਂ ਨੇ ਸਦਨ ਦੇ ਬਾਹਰ ਸੰਬੋਧਨ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly