ਮੁੰਬਈ, (ਸਮਾਜ ਵੀਕਲੀ): ਮੁੰਬਈ ’ਚ ਰਾਤ ਭਰ ਪੈਂਦੇ ਰਹੇ ਮੀਂਹ ਕਾਰਨ ਕਈ ਥਾਈਂ ਮਕਾਨ ਡਿੱਗਣ ਦੀਆਂ ਵਾਪਰੀਆਂ ਘਟਨਾਵਾਂ ’ਚ 30 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਵਿੱਤੀ ਰਾਜਧਾਨੀ ’ਚ ਮੋਹਲੇਧਾਰ ਮੀਂਹ ਕਾਰਨ ਕਈ ਥਾਵਾਂ ’ਚ ਪਾਣੀ ਭਰ ਗਿਆ ਜਿਸ ਕਾਰਨ ਲੋਕਲ ਰੇਲ ਸੇਵਾ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਰੇਲਵੇ ਤੇ ਮੱਧ ਰੇਲਵੇ ਨੇ ਭਾਰੀ ਮੀਂਹ ਕਾਰਨ ਮੁੰਬਈ ’ਚ ਉੱਪ ਨਗਰੀ ਰੇਲ ਸੇਵਾਵਾਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਹਨ ਤੇ ਲੰਮੀ ਦੂਰੀ ਦੀਆਂ ਰੇਲ ਗੱਡੀਆਂ ਦਾ ਜਾਂ ਤਾਂ ਰਾਹ ਤਬਦੀਲ ਕਰ ਦਿੱਤਾ ਗਿਆ ਹੈ ਜਾਂ ਉਨ੍ਹਾਂ ਨੂੰ ਹੋਰਨਾਂ ਰੇਲਵੇ ਸਟੇਸ਼ਨਾਂ ਤੋਂ ਚਲਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਥੋਂ ਦੇ ਇੱਕ ਪਰਬਤੀ ਇਲਾਕੇ ’ਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਇੱਕ ਕੰਧ ਢਹਿ ਗਈ ਤੇ ਉਸ ਹੇਠ ਦੱਬ ਕੇ 19 ਵਿਅਕਤੀ ਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਮੁੰਬਈ ’ਚ ਮਾਹੁਲ ਇਲਾਕੇ ਦੇ ਵਾਸ਼ੀ ਨਾਕਾ ’ਚ ਦੇਰ ਰਾਤ ਕਰੀਬ ਇੱਕ ਵਜੇ ਦਰੱਖਤ ਡਿਗਣ ਕਾਰਨ ਇੱਕ ਮਕਾਨ ਦੀ ਕੰਧ ਢਹਿ ਗਈ। ਇਸ ਘਟਨਾ ’ਚ ਸੱਤ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੰਬਈ ਦੇ ਵਿਖਰੋਲੀ ਉੱਪ ਨਗਰ ’ਚ ਦੇਰ ਰਾਤ ਕਰੀਬ ਢਾਈ ਵਜੇ ਛੇ ਕੱਚੇ ਮਕਾਨ ਢਹਿ ਗਏ ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉੱਧਰ ਉੱਪ ਨਗਰ ਭਾਂਡੁਪ ’ਚ ਜੰਗਲਾਤ ਵਿਭਾਗ ਕੰਪਾਊਂਡ ਦੀ ਕੰਧ ਢਹਿ ਗਈ ਜਿਸ ਹੇਠਾਂ ਆਉਣ ਕਾਰਨ 16 ਸਾਲਾ ਲੜਕੇ ਦੀ ਮੌਤ ਹੋ ਗਈ।
ਬੀਐੱਮਸੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਮੁੰਬਈ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਨੇ ਕਿਹਾ ਕਿ ਮੁੰਬਈ ’ਚ ਲੰਘੇ ਛੇ ਘੰਟਿਆਂ ਦਰਮਿਆਨ 100 ਐੱਮਐੱਮ ਮੀਂਹ ਪਿਆ ਹੈ। ਬੀਐੱਮਸੀ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਵਿਹਾਰ ਝੀਲ ’ਚ ਸਮਰੱਥਾ ਤੋਂ ਵੱਧ ਪਾਣੀ ਇਕੱਠਾ ਹੋ ਗਿਆ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਮੁੰਬਈ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਮਕਾਨ ਢਹਿਣ ਦੀਆਂ ਘਟਨਾਵਾਂ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਜ਼ਾਹਿਰ ਕਰਦਿਆਂ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਜ਼ਖਮੀਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly