ਮਾਂ ਬੋਲੀ ਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਵੀਰ ਰਮੇਸ਼ਵਰ ਸਿੰਘ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪੰਜਾਬੀ ਮਾਂ ਬੋਲੀ ਪ੍ਰਤੀ ਦ੍ਰਿੜ੍ਹਤਾ ਇਨਸਾਨ ਨੂੰ ਇਕ ਸੱਚਾ ਪੰਜਾਬੀ ਬਣਾਉਂਦੀ ਹੈ ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। ਆਪਣੀਆਂ ਗੱਲਾਂ, ਲੇਖਾਂ,ਰਚਨਾਵਾਂ ਅਤੇ ਕਵਿਤਾਵਾਂ ਵਿੱਚ ਤਾਂ ਲੋਕ ਮਾਂ ਬੋਲੀ ਪ੍ਰਤੀ ਪਿਆਰ ਬੜੇ ਸੁਚੱਜੇ ਤਰੀਕੇ ਨਾਲ ਵਿਖਾਉਂਦੇ ਹਨ ਪਰ ਕੀ ਉਹ ਲੋਕ ਦਿਲ ਤੋਂ ਪੰਜਾਬੀ ਮਾਂ ਬੋਲੀ ਪ੍ਰਤੀ ਦ੍ਰਿੜ੍ਹ ਤੇ ਸੁੁਚੇਤ ਹਨ ,ਇਹ ਕਹਿਣਾ ਬਹੁਤ ਔਖਾ ਹੈ।ਆਪਣੀ ਮਾਂ ਬੋਲੀ ਪ੍ਰਤੀ ਦ੍ਰਿੜ੍ਹਤਾ ਇਨਸਾਨ ਨੂੰ ਇੱਕ ਸੱਚਾ ਪੰਜਾਬੀ ਬਣਾਉਂਦੀ ਹੈ।ਸਾਹਿਤ ਜਗਤ ਦੀ ਅਜਿਹੀ ਹੀ ਮਹਾਨ ,ਇਨਕਲਾਬੀ ਸ਼ਖ਼ਸੀਅਤ ਤੇ ਉੱਘੇ ਲੇਖਕ ਹਨ ਰਮੇਸ਼ਵਰ ਸਿੰਘ ਜੀ।ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਇੱਕ ਇੰਟਰਵਿਊ ਸੁਣਨ ਦਾ ਮੌਕਾ ਮਿਲਿਆ।

ਆਪਣੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਅਜਿਹਾ ਇਨਸਾਨ ਜਿਹੜਾ ਆਪਣੀ ਮਾਂ ਬੋਲੀ ਦੇ ਖ਼ਿਲਾਫ਼ ਕਿਸੇ ਤੋਂ ਕੁਝ ਵੀ ਨਹੀਂ ਸੁੁਣ ਸਕਦਾ ਤੇ ਉਸੇ ਸਮੇਂ ਉਨ੍ਹਾਂ ਦੇ ਇਨਕਲਾਬੀ ਵਲਵਲੇ ਲੇਖਾਂ ਦੇ ਰੂਪ ਵਿੱਚ ਇਸ ਤਰ੍ਹਾਂ ਫੁੱਟਦੇ ਹਨ ਕਿ ਵੱਡਿਆਂ ਵੱਡਿਆਂ ਦੀ ਬੋਲਤੀ ਬੰਦ ਕਰ ਦਿੰਦੇ ਹਨ।ਉਨ੍ਹਾਂ ਦੀ ਜ਼ਿੰਦਗੀ ਦਾ ਬਹੁਤ ਸਮਾਂ ਮਰਚੈਂਟ ਨੇਵੀ ਦੀ ਸੇਵਾ ਕਰਦਿਆਂ ਦੇਸ਼ਾਂ ਵਿਦੇਸ਼ਾਂ ਵਿੱਚ ਗੁਜ਼ਰਿਆ।ਆਮ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਇਨਸਾਨ ਇਕ ਦੋ ਸਾਲ ਲਈ ਵੀ ਵਿਦੇਸ਼ ਵਿੱਚ ਚਲਾ ਜਾਂਦਾ ਹੈ ਤਾਂ ਉਸ ਤੇ ਵਿਦੇਸ਼ੀ ਰੰਗ ਚੜ੍ਹ ਜਾਂਦਾ ਹੈ। ਉਸ ਦੀ ਬੋਲੀ ਵਿਚ ਤੇ ਉਸ ਦੇ ਰਹਿਣ ਸਹਿਣ ਵਿੱਚ ਵਿਦੇਸ਼ੀ ਰੰਗ ਝਲਕਦਾ ਹੈ ਪਰ ਮੈਂ ਹੈਰਾਨ ਹਾਂ ਕਿ ਆਪਣੀ ਜ਼ਿੰਦਗੀ ਦੇ ਇੰਨੇ ਸਾਲ ਬਾਹਰ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਪੰਜਾਬੀ ਬੋਲੀ ਨੂੰ ਕਿਸ ਤਰ੍ਹਾਂ ਆਪਣੇ ਨਾਲ ਜੋੜ ਕੇ ਰੱਖਿਆ।

ਇਸ ਤੋਂ ਇਲਾਵਾ ਉਨ੍ਹਾਂ ਬਾਰੇ ਹੋਰ ਬਹੁਤ ਕੁੁਝ ਜਾਣਨ ਦਾ ਮੌਕਾ ਮਿਲਿਆ ਜਿਵੇਂ ਕਿ ਉਨ੍ਹਾਂ ਦੁਆਰਾ ਘਰ ਵਿਚ ਔਰਗੈਨਿਕ ਖੇਤੀ ਕਰਨ ਦਾ ਸ਼ੌਂਕ ,ਲੋੜਵੰਦਾਂ ਦੀ ਸਹਾਇਤਾ ਕਰਨੀ ,ਆਪਣੇ ਵਿਹਲੇ ਸਮੇਂ ਦੀ ਚੰਗੀ ਵਰਤੋਂ ਕਰਨੀ,ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਸੁਚੇਤ ਕਰਨਾ ਆਪਣੇ ਵਿਰਸੇ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ,ਉਨ੍ਹਾਂ ਦੇ ਮੈਡਮ ਜੋ ਕਿ ਕਿੱਤੇ ਵਜੋਂ ਇਕ ਅਧਿਆਪਕਾ ਹਨ ਵੱਲੋਂ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਦੀ ਮਦਦ ਕਰਨੀ ,ਉਨ੍ਹਾਂ ਦਾ ਅਪਣੱਤ ਭਰਿਆ ਵਤੀਰਾ ਤੇ ਗੱਲ ਗੱਲ ਤੇ ਉਨ੍ਹਾਂ ਵੱਲੋਂ ਬੀਬਾ ,ਲਾਡੋ ,ਬਾਲੂ, ਭੈਣੇ ਆਦਿ ਅਪਣੱਤ ਭਰੇ ਸ਼ਬਦਾਂ ਦੀ ਵਰਤੋਂ ਕਰਨਾ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਨਿਖਾਰਦੇ ਹਨ ।ਉਨ੍ਹਾਂ ਨਾਲ ਫੋਨ ਤੇ ਇੱਕ ਦੋ ਵਾਰ ਗੱਲ ਕਰਨ ਤੋਂ ਬਾਅਦ ਇੰਜ ਮਹਿਸੂਸ ਹੋਇਆ ਜਿਵੇਂ ਕਿ ਮੈਂ ਪਤਾ ਨਹੀਂ ਕਿੰਨੇ ਸਮੇਂ ਤੋਂ ਉਨ੍ਹਾਂ ਨੂੰ ਜਾਣਦੀ ਹਾਂ।

ਮੈਨੂੰ ਖ਼ੁਦ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਇਹ ਕਿਹਾ ਕਿ ਲਿਖਣ ਸਮੇਂ ਕਦੇ ਵੀ ਦਿਮਾਗ ਤੋਂ ਨਹੀਂ ਦਿਲ ਤੋਂ ਲਿਖਣਾ ਹੈ ਕਿਉਂਕਿ ਦਿਲ ਤੋਂ ਲਿਖਿਆ ਹੋਇਆ ਹਮੇਸ਼ਾਂ ਮਨ ਨੂੰ ਛੂੰਹਦਾ ਹੈ। ਇਸ ਲਈ ਲਾਡੋ ਜਦੋਂ ਵੀ ਲਿਖੇ ਦਿਲ ਤੋਂ ਲਿਖਣਾ। ਉਨ੍ਹਾਂ ਦੀ ਕਹੀ ਹੋਈ ਇਹ ਗੱਲ ਮੇਰੇ ਦਿਲ ਨੂੰ ਛੂਹ ਗਈ। ਅੰਤ ਵਿੱਚ ਇਹੀ ਕਹਾਂਗੀ ਕਿ ਸਲਾਮ ਹੈ ਅਜੇਹੀ ਮਹਾਨ ਸ਼ਖ਼ਸੀਅਤ ਨੂੰ ਜਿਹੜੀ ਕਦੇ ਸੱਚ ਬੋਲਣ ਤੋਂ ਡਰਦੀ ਨਹੀਂ ਤੇ ਇੱਕ ਸੱਚੇ ਸਮਾਜ ਸੇਵੀ ਦੇ ਰੂਪ ਵਿੱਚ ਵਰਤਮਾਨ ਸਮੇਂ ਵਿਚ ਸਮਾਜ ਸੇਵਾ ਕਰ ਰਹੀ ਹੈ।ਪ੍ਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਉਨ੍ਹਾਂ ਦੀ ਮਿਹਨਤ ਸਾਡੇ ਵਰਗੇ ਆਮ ਕਲਮਕਾਰਾਂ ਨੂੰ ਇੱਕ ਲੇਖਕ ਬਹੁਤ ਜਲਦੀ ਸਥਾਪਤ ਕਰ ਦੇਵੇਗੀ ਇਸ ਚ ਕੋਈ ਅਤਿ ਕਥਨੀ ਨਹੀਂ।

ਗੱਲਬਾਤ ਤੇ ਉਨ੍ਹਾਂ ਦੀ ਕਿਰਤ ਸਾਫ਼ ਦੱਸਦੀ ਹੈ ਕਿ ਉਨ੍ਹਾਂ ਨੇ ਸੈਂਕੜੇ ਅਜਿਹੇ ਲੇਖਕ ਜੋ ਊੜਾ ਆੜਾ ਵੀ ਨਹੀਂ ਜਾਣਦੇ ਸੀ ਆਪਣੀ ਸਲਾਹ ਤੇ ਮਿਹਨਤ ਨਾਲ ਲੇਖਕ ਬਣਾ ਦਿੱਤੇ।ਅਖ਼ਬਾਰਾਂ ਵਿੱਚ ਵਿੱਚ ਨਵੇਂ ਲੇਖਕ ਨੂੰ ਰਚਨਾਵਾਂ ਛਪਵਾਉਣੀਆਂ ਕੋਈ ਖਾਲਾਜੀ ਦਾ ਵਾੜਾ ਨਹੀਂ ਪਰ ਵੀਰ ਰਮੇਸ਼ਵਰ ਸਿੰਘ ਜੀ ਨੂੰ ਕੋਈ ਰਚਨਾ ਲਿਖ ਕੇ ਭੇਜੋ ਤੁਰੰਤ ਫੋਨ ਕਰ ਕੇ ਹੋਰ ਰਚਨਾ ਨੂੰ ਸੁਧਾਰਨ ਲਈ ਸੁਝਾਅ ਦਿੰਦੇ ਹਨ।ਤੇ ਦਿਨ ਤਾਂ ਬਹੁਤ ਦੂਰ ਦੀ ਗੱਲ ਹੈ ਘੰਟਿਆਂ ਵਿੱਚ ਹੀ ਰਚਨਾਵਾਂ ਦੇਸ਼ ਵਿਦੇਸ਼ ਦੇ ਅਖ਼ਬਾਰਾਂ ਵਿੱਚ ਛਪ ਜਾਂਦੀਆਂ ਹਨ ਜਿਸ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਤਾਂ ਹੁੰਦੀ ਹੈ,ਪਰ ਮੈਂ ਵੇਖਿਆ ਹੈ ਸੈਂਕੜੇ ਸਾਡੇ ਵੀਰ ਤੇ ਭੈਣ ਉਨ੍ਹਾਂ ਦੀ ਕਮਾਂਡ ਨਾਲ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਲੇਖਕ ਤੇ ਸੇਵਾਦਾਰ ਬਣ ਗਏ।

ਮੈਨੂੰ ਵੀ ਥੋੜ੍ਹੀ ਬਹੁਤ ਲੇਖਣੀ ਉਨ੍ਹਾਂ ਨੇ ਮੇਰੀ ਫੇਸਬੁੱਕ ਵਿਚ ਵੇਖੀ ,ਮੇਰਾ ਫੋਨ ਨੰਬਰ ਲੱਭਿਆ ਤੇ ਬਹੁਤ ਯੋਗ ਤੇ ਸਾਰਥਕ ਸੁਝਾਅ ਦੇ ਕੇ ਕੁਝ ਦਿਨਾਂ ਵਿਚ ਹੀ ਇਕ ਲੇਖਕ ਬਣਾ ਦਿੱਤਾ,ਉਨ੍ਹਾਂ ਦਾ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਲੇਖਕਾਂ ਨਾਲ ਪਿਆਰ ਇੱਕ ਸਥਾਪਤ ਥੰਮ੍ਹ ਦੇ ਬਰਾਬਰ ਹੈ।ਮੈਂ ਤਾਂ ਲੇਖਕ ਬਣ ਹੀ ਚੁੱਕੀ ਹਾਂ ਬਾਕੀ ਭੈਣਾਂ ਅਤੇ ਭਰਾਵਾਂ ਨੂੰ ਉਨ੍ਹਾਂ ਦਾ ਸਹਿਯੋਗ ਲੈ ਕੇ ਕਲਮ ਫੜਨੀ ਚਾਹੀਦੀ ਹੈ ਤਾਂ ਪਤਾ ਨਹੀਂ ਕਿੰਨੀਆਂ ਕੁ ਹੋਰ ਅੰਜੂ ਬਾਲਾ ਸਥਾਪਤ ਲੇਖਕ ਬਣ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਤਨੋ ਮਨੋ ਧਨੋ ਜ਼ਰੂਰ ਕਰਨਗੇ ਆਮੀਨ।

ਅੰਜੂ ਬਾਲਾ

 

 

 

 

 

 

 

ਸੰਪਰਕ ਨੰਬਰ 94172 38999

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਜੀਆਂ ਨਿਊਜ਼ੀਲੈਂਡ ‘ਸਿੱਖ ਖੇਡਾਂ’ ਦਾ ਹੋਇਆ ਐਲਾਨ, “27-28 ਨਵੰਬਰ” ਨੂੰ ਮੁੜ ਲੱਗਣਗੀਆਂ ਰੌਣਕਾਂ
Next articleਕੈਪਟਨ ਦੇ ਪਟਿਆਲਾ ਜ਼ਿਲ੍ਹੇ ਵਿਚਲੇ ਵਿਧਾਇਕ ਨਿਰਮਲ ਸ਼ੁਤਰਾਣਾ ਸਿੱਧੂ ਨੂੰ ਘਰ ਆ ਕੇ ਮਿਲੇ ਤੇ ਸਿੱਧੂ ਵਿਧਾਇਕ ਜਲਾਲਪੁਰ ਦੇ ਘਰ ਜਾ ਕੇ ਮਿਲੇ