ਫਾਜ਼ਿਲਕਾ/ਮੰਡੀ ਘੁਬਾਇਆ, 10 ਜੁਲਾਈ (ਸਮਾਜ ਵੀਕਲੀ): ਆਲ ਪੰਜਾਬ ਆਂਗਣਵਾੜੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘੁਬਾਇਆ ਪਹੁੰਚ ਕੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੀ ਰਿਹਾਇਸ਼ ਵਿਖੇ ਪ੍ਰਦਰਸ਼ਨ ਕਰਦਿਆਂ ਵਿਧਾਇਕ ਨੂੰ ਉਸ ਦੇ ਹੀ ਘਰ ਅੰਦਰ ਬੰਦ ਕਰ ਦਿੱਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਵਿਧਾਇਕ ਦਾ ਘਿਰਾਓ ਕਰਨ ਆਂਗਣਵਾੜੀ ਮੁਲਾਜ਼ਮਾਂ ਤੜਕੇ ਕਰੀਬ 5 ਵਜੇ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੌਰਾਨ ਪੁਲੀਸ, ਪ੍ਰਸ਼ਾਸਨ ਅਤੇ ਵਿਧਾਇਕ ਪਰਿਵਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕੁਝ ਸਮਾਂ ਚੱਲੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਵਿਧਾਇਕ ਦਵਿੰਦਰ ਘੁਬਾਇਆ ਆਪਣੀ ਕੋਠੀ ਤੋਂ ਬਾਹਰ ਨਿਕਲਣ ਲੱਗੇ ਤਾਂ ਆਂਗਣਵਾੜੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਕਾਫੀ ਦੇਰ ਹੋਈ ਬਹਿਸ ਤੋਂ ਬਾਅਦ ਵਿਧਾਇਕ ਘੰਟੇ ਬਾਅਦ ਗੱਲ ਕਰਨ ਦਾ ਲਾਰਾ ਲਾ ਕੇ ਉੱਥੋਂ ਚਲੇ ਗਏ। ਉਪਰੰਤ ਆਂਗਣਵਾੜੀ ਵਰਕਰਾਂ ਕਈ ਘੰਟੇ ਤੱਕ ਵਿਧਾਇਕ ਨੂੰ ਉਡੀਕਦੀਆਂ ਰਹੀਆਂ ਕਿ ਉਹ ਮੰਗ ਪੱਤਰ ਲੈਣਗੇ। ਕਾਫੀ ਦੇਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮੰਗ ਪੱਤਰ ਲੈਣ ਲਈ ਵਿਧਾਇਕ ਨਹੀਂ ਆ ਰਹੇ ਹਨ। ਇਸ ’ਤੇ ਆਂਗਣਵਾੜੀ ਮੁਲਾਜ਼ਮਾਂ ਵਿਧਾਇਕ ਦੀ ਕੋਠੀ ਦੀ ਛੱਤ ’ਤੇ ਚੜ੍ਹ ਗਈਆਂ।
ਆਗੂਆਂ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਨੂੰ ਮਜਬੂਰ ਹੋ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਅਤਿ ਦੀ ਗਰਮੀ ਵਿੱਚ ਵਿਧਾਇਕ ਦੀ ਕੋਠੀ ਦੀ ਛੱਤ ’ਤੇ ਚੜ੍ਹਨਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸਨ, ਉਹ ਤਾਂ ਮੰਗ ਪੱਤਰ ਲੈਣ ਤੱਕ ਨਹੀਂ ਆ ਰਹੇ। ਮਾਮਲਾ ਜ਼ਿਆਦਾ ਵਿਗੜਦਾ ਦੇਖ ਕੇ ਅਖ਼ੀਰ ਵਿਧਾਇਕ ਸ੍ਰੀ ਘੁਬਾਇਆ ਨੂੰ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ ਵਾਪਸ ਆਉਣਾ ਪਿਆ। ਕੋਠੀ ਦੀ ਛੱਤ ’ਤੇ ਚੜ੍ਹੀਆਂ ਆਂਗਣਵਾੜੀ ਵਰਕਰਾਂ ਇਸ ਜ਼ਿੱਦ ’ਤੇ ਅੜੀਆਂ ਰਹੀਆਂ ਕਿ ਘੁਬਾਇਆ ਸਾਹਿਬ ਛੱਤ ’ਤੇ ਆ ਕੇ ਮੰਗ ਪੱਤਰ ਲੈਣ ਜਦੋਂਕਿ ਪੁਲੀਸ ਮੁਲਾਜ਼ਮ ਉਨ੍ਹਾਂ ਨੂੰ ਇਸ ਗੱਲ ਲਈ ਮਨਾਉਂਦੇ ਰਹੇ ਕਿ ਉਹ ਥੱਲੇ ਆ ਕੇ ਮੰਗ ਪੱਤਰ ਦੇ ਦੇਣ।
ਅਖ਼ੀਰ ਸ੍ਰੀ ਘੁਬਾਇਆ ਨੇ ਪੌੜੀ ਦੇ ਕੁਝ ਡੰਡੇ ਚੜ੍ਹ ਕੇ ਅਪੀਲ ਕੀਤੀ ਕਿ ਉਹ ਥੱਲੇ ਆਉਣ ਅਤੇ ਉਨ੍ਹਾਂ ਦਾ ਮੰਗ ਪੱਤਰ ਲੈ ਲਿਆ ਜਾਵੇਗਾ। ਵਿਧਾਇਕ ਦੀ ਅਪੀਲ ਮੰਨਦਿਆਂ ਆਂਗਣਵਾੜੀ ਮੁਲਾਜ਼ਮਾਂ ਛੱਤ ਤੋਂ ਹੇਠਾਂ ਉਤਰ ਆਈਆਂ ਅਤੇ ਮੁੱਖ ਮੰਤਰੀ ਪੰਜਾਬ ਤੱਕ ਭੇਜਣ ਲਈ ਖੂਨ ਨਾਲ ਲਿਖਿਆ ਆਪਣਾ ਮੰਗ ਪੱਤਰ ਵਿਧਾਇਕ ਨੂੰ ਸੌਂਪਿਆ। ਧਰਨੇ ਨੂੰ ਆਂਗਣਵਾੜੀ ਮੁਲਾਜ਼ਮਾਂ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਵੀ ਸੰਬੋਧਨ ਕੀਤਾ। ਉਪਰੰਤ ਧਰਨਾ ਸਮਾਪਤ ਹੋ ਗਿਆ। ਇਸ ਮੌਕੇ ਸ਼ੀਲਾ ਰਾਣੀ, ਸੁਮਿੱਤਰਾ ਰਾਣੀ, ਰੇਸ਼ਮਾ ਰਾਣੀ, ਸੀਤਾ ਰਾਣੀ, ਸੁਨੀਤਾ ਰਾਣੀ, ਪ੍ਰਕਾਸ਼ ਕੌਰ ਤੇ ਸ਼ਿਮਲਾ ਰਾਣੀ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly