“ਨਾਰੀ ਰੂਪ ਕਿ ਕਰੂਪ…?”

ਅੰਮ੍ਰਿਤਪਾਲ ਕਲੇਰ

(ਸਮਾਜ ਵੀਕਲੀ)

ਚੀਨ ਦੀ ਈਜ਼ਾਦ ਕਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਹੋਇਆ ।ਐਨੀਆਂ ਛੁੱਟੀਆਂ ! ਆਪਣੀ ਉਮਰ ਵਿੱਚ ਮੈਂ ਕਦੇ ਵੀ ਨਹੀਂ ਸਨ ਦੇਖੀਆਂ ।ਐਨਾ ਵਿਹਲਾਪਣ ਨਹੀਂ ਸੀ ਹੰਡਾਇਆ । ਗਰਮੀ ਅਤੇ ਸਰਦੀ ਦੀਆਂ ਛੁੱਟੀਆਂ ਆਉਂਦੀਆਂ ਅੱਖ ਦੇ ਫੇਰ ਵਿੱਚ ਹੀ ਲੰਘ ਜਾਂਦੀਆਂ । ਕੁਝ ਸੌਂ ਕੇ ਤੇ ਕੁਝ ਘਰ ਦੇ ਨਿੱਕੇ ਮੋਟੇ ਕੰਮ ਕਰਕੇ । ਆਹ ਅਚਾਨਕ ਆਈ ਮਹਾਂਮਾਰੀ ਦੀ ਆਫ਼ਤ ਨੇ ਤਾਂ ਸਾਰੇ ਜਨਜੀਵਨ ਨੂੰ ਹੀ ਠੱਲ੍ਹ ਦਿੱਤਾ ।ਸਭ ਘਰਾਂ ਵਿੱਚ ਬੰਦ ਹੋ ਗਏ। ਸਰਕਾਰ ਨੇ ਬਹੁਤ ਹੀ ਸੂਝ ਬੂਝ ਅਤੇ ਦਿਲੀ ਪਿਆਰ ਵਾਲਾ ਲਾਕਡਾਊਨ ਦਾ ਬਹੁਤ ਤੇਜ਼ੀ ਨਾਲ਼ ਫੈਸਲਾ ਲਿਆ।ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਟੀ ਵੀ ਅਤੇ ਸੋਸ਼ਲ ਮੀਡੀਆ ਉੱਤੇ ਭਾਵਨਾਤਮਿਕ ਤਰੀਕੇ ਨਾਲ਼ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਅਤੇ ਨਾਲ਼ ਹੀ ਰਾਜਾਂ ਦੇ ਮੁੱਖਮੰਤਰੀ ਵੀ ਆਪਣੇ ਲੋਕਾਂ ਪ੍ਰਤੀ ਸੁਚੇਤ ਹੋ ਕੇ ਦ੍ਰਿੜ ਇਰਾਦੇ ਨਾਲ਼ ਲਾਕਡਾਊਨ ਕਰ ਦਿੱਤਾ ।

ਚਾਰ ਕੁ ਦਿਨ ਤਾਂ ਸਾਰਾ ਦਿਨ ਸੌਂ ਕੇ ਲੰਘ ਗਏ । ਪੰਜਵੇਂ ਕੁ ਦਿਨ ਮਨ ਅੱਚਵੀ ਜਿਹੀ ਕਰਨ ਲੱਗ ਪਿਆ । ਕੀ ਕੀਤਾ ਜਾਵੇ? ਦਿਲ ਦਿਮਾਗ ਉੱਤੇ ਇਹ ਸੋਚ ਭਾਰੂ ਪੈਣ ਲੱਗੀ । ਨਾਂ ਤਾਂ ਘਰ ਰਹਿ ਹੋਵੇ , ਨਾ ਬਾਹਰ ਜਾ ਸਕਦੇ ਸਾਂ ।ਵੈਸੇ ਵੀ ਰੋਜ਼ ਤੱਪਦੀਆਂ ਦੁਪਹਿਰਾਂ ਨਾਲ਼ ਮੱਥਾ ਲਾਉਣ ਵਾਲ਼ੇ ਘਰੇ ਕਿਵੇਂ ਟਿਕਣ? ਲੂਆਂ ਦੇ ਪਾਂਧੀਆਂ ਨੂੰ ਠੰਢੀਆਂ ਹਵਾਵਾਂ ਕਿੱਥੇ ਪੋਹਂਦੀਆਂ ਨੇ ਭਲਾ । ਟੀ .ਵੀ .ਦੇ ਹਰ ਚੈਨਲ ਉੱਤੇ ਕਰੋਨਾ ਹੀ ਕਰੋਨਾ ਛਾਇਆ ਹੋਇਆ। ਮੋਬ ਉੱਤੇ ਸੋਸ਼ਲ ਮੀਡੀਆ ਦੀ ਹਰ ਸਾਈਟ ਕਰੋਨਾ ਕਰੋਨਾ ਕਰੋਨਾ ਸ਼ਬਦ ਨਾਲ਼ ਭਰੀ ਹੋਈ । ਰੂਬਲ ਨਾਲ਼ ਥੋੜ੍ਹਾ ਗੁੱਸੇ ਹੋ ਉਸ ਤੋਂ ਟੀ ਵੀ ਦਾ ਰਿਮੋਟ ਫੜ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲਈ ਡੀ ਡੀ ਨੈਸ਼ਨਲ ਚੈਨਲ ਉੱਤੇ ਲਾ ਲਿਆ। “ਰਮਾਇਣ “ਦਾ ਪ੍ਰਸਾਰਣ ਦੇਖੋ ਸਵੇਰੇ ਨੌਂ ਵਜੇ ਡੀ ਡੀ ਨੈਸ਼ਨਲ ਤੇ”,ਲਿਖਿਆ ਆ ਰਿਹਾ ਸੀ ।

ਮਨ ਨੂੰ ਜਿਵੇਂ ਲੱਭੀ ਹੋਈ ਚੀਜ਼ ਦਾ ਸਕੂਨ ਜਿਹਾ ਆ ਗਿਆ । ਕਿ ਚਲੋ ਕਰੋਨਾ ਸ਼ਬਦ ਤੋਂ ਕੁਝ ਸਮੇਂ ਲਈ ਛੁਟਕਾਰਾ ਤਾਂ ਮਿਲੇਗਾ , ਨਾਲ਼ੇ ਰਮਾਇਣ ਦੇਖਣ ਦੀ ਇੱਛਾ ਵੀ ਪੂਰੀ ਹੋ ਜਾਵੇਗੀ । ਜਦੋਂ ਪਹਿਲਾਂ ਕਿਤੇ 1984 -85ਵਿੱਚ ਰਮਾਇਣ ਦੂਰਦਰਸ਼ਨ ਤੇ ਚੱਲਦੀ ਹੁੰਦੀ ਸੀ ,ਉਦੋਂ ਮੈਂ ਛੋਟੀ ਸਾਂ ਅਤੇ ਨਾ ਹੀ ਸਮਝ ਸੀ । ਹੁਣ ਦੇਖਣ ਦਾ ਚੰਗਾ ਸਬੱਬ ਵੀ ਸੀ ਅਤੇ ਦਸਤੂਰ ਵੀ। ਆਪਾਂ ਲੱਗ ਗਏ ਰਮਾਇਣ ਦੇਖਣ।ਦੋ ਕੁ ਦਿਨ ਤਾਂ ਰੂਬਲ ਨਾਲ਼ ਵੀ ਮਹਾਂਭਾਰਤ ਵਾਲਾ ਸੀਨ ਚੱਲਿਆ। ਉਹ ਕਹੇ ਮੈਂ ਕਾਰਟੂਨ ਦੇਖਣੇ ਨੇ ਮੈਂ ਕਹਾਂ ਰਮਾਇਣ । ਵਿਚਾਲੇ ਘਿਰ ਗਏ ਬੀਜੀ। ਕਦੇ ਮੇਰਾ ਮਾਨ ਤਾਣ ਹੋਵੇ ਤੇ ਕਦੇ ਰੂਬਲ ਦਾ । ਅਖੀਰ ਨੂੰ ਕਹਿੰਦੇ “ ਇਹ ਤਾਂ ਸਕੂਲ ਉੱਜੜੇ ਹੀ ਚੰਗੇ ਆ । ਨਿਪੁੱਤੀ ਚੰਦਰੀ ਬਿਮਾਰੀ ਨੇ ਕਿੱਥੋਂ ਛੁੱਟੀਆਂ ਕਰਾ ਦਿੱਤੀਆਂ । “ਚਲੋ ਖੈਰ ਅਖੀਰ ਨੂੰ ਸਾਡੇ ਵਿੱਚ ਸਮਝੌਤਾ ਹੋ ਗਿਆ।

ਰਮਾਇਣ ਦੇਖਦੇ ਹੋਏ ਜਦੋਂ ਰਾਜਾ ਦਸਰਥ ਰਾਮ ਚੰਦਰ ਦਾ ਰਾਜ ਤਿਲਕ ਕਰਨ ਲੱਗਿਆ ਤਾਂ ਰਾਣੀ ਕਕਈ ਦੀ ਦਾਸੀ ਮੰਥਰਾ ਨੇ ਰਾਣੀ ਕਕਈ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ।ਰਾਣੀ ਨੇ ਆਪਣੇ ਦੋ ਵਚਨ ਰਾਜੇ ਦਸਰਥ ਤੋਂ ਮੰਗੇ ।ਪਹਿਲਾ ਉਸਦੇ ਪੁੱਤਰ ਭਰਤ ਨੂੰ ਰਾਜ ਗੱਦੀ ਦਿੱਤੀ ਜਾਵੇ , ਦੂਜਾ ਰਾਮ ਚੰਦਰ ਨੂੰ ਚੌਦਾਂ ਸਾਲ ਦਾ ਬਨਵਾਸ। ਰਾਜਾ ਦਸਰਥ ਦੀ ਉਹ ਦਸ਼ਾ ਦਿਖਾਈ ਗਈ ਜੋ ਦੇਖਣ ਵਿੱਚ ਅਸਹਿ ਸੀ। ਉਹ ਕਕਈ ਅੱਗੇ ਹੱਥ ਜੋੜਦਾ , ਮਿੰਨਤਾਂ ,ਤਰਲੇ ਕਰਦਾ ਅਤੇ ਪੈਰਾਂ ਵਿੱਚ ਗਿੜ ਗਿੜਾਉਂਦਾ ਹੈ।

ਕੀਰਨੇ ਪਾਉਂਦਾ ਹੈ ਕਿ ਉਹ ਕੁਝ ਹੋਰ ਮੰਗ ਲਵੇ । ਐਡੇ ਵੱਡੇ ਸੂਰੀਆ ਸਾਮਰਾਜ ਵੰਸ਼ ਦਾ ਮਹਾਨ ਰਾਜਾ ਦਸਰਥ ਇੱਕ ਆਪਣੀ ਹੀ ਰਾਣੀ ਅੱਗੇ ਬੇਵੱਸ ਅਤੇ ਲਚਾਰ ਹੋ ਗਿਆ । ਸਾਰਾ ਰਾਜ ਭਾਗ ਉੱਥਲ ਪੁੱਥਲ ਹੋ ਗਿਆ । ਸਿਰਫ ਇੱਕ ਨਾਰੀ ਦੇ ਮਨ ਦੀ ਕਰੂਪਤਾ ਕਰਕੇ । ਦੂਜੇ ਪਾਸੇ ਡੀ ਡੀ ਭਾਰਤੀ ਚੈਨਲ ਉੱਤੇ ਮਹਾਂਭਾਰਤ ਦਾ ਪ੍ਰਸਾਰਣ ਵੀ ਸ਼ੁਰੂ ਹੋ ਗਿਆ ਸੀ । ਮਹਾਂਭਾਰਤ ਰਮਾਇਣ ਤੋਂ ਇੱਕ ਦਿਨ ਦੇ ਵਕਫੇ ਨਾਲ਼ ਸ਼ੁਰੂ ਹੋਈ ਸੀ।

ਮਹਾਂਭਾਰਤ ਦੀ ਦਰੋਪਤੀ ਮਹਿਲਾਂ ਵਿੱਚ ਆਏ ਦੁਰਯੋਧਨ ਦੀ ਮਿੱਠੇ ਢੰਗ ਨਾਲ਼ ਬੇਇਜ਼ਤੀ ਕਰ ਦਿੰਦੀ ਹੈ।(ਇਹ ਸੀਨ ਮੈ ਸਿਲੇਬਸ ਦੀ ਹਿੰਦੀ ਦੀ ਕਿਤਾਬ ਵਿੱਚ ਵੀ ਪੜ੍ਹਿਆ ਹੈ) ਫਿਰ ਦੁਯੋਧਨ ਦੁਅਰਾ ਆਪਣੀ ਹੱਤਕ ਦਾ ਬਦਲਾ ਲੈਣ ਲਈ ਸਿਰੇ ਦੀ ਰਾਜਨੀਤੀ ਖੇਡੀ ਜਾਂਦੀ ਹੈ। ਪਾਂਡਵਾਂ ਵਿੱਚੋਂ ਸਭ ਤੋਂ ਵੱਡੇ ਯੁਧਿਸ਼ਟਰ ਦੀ ਜੂਆ ਖੇਡਣ ਦੀ ਕਮਜ਼ੋਰੀ ਵਿੱਚ ਰਾਜਭਾਗ ਸਣੇ ਜੂਏ ਵਿੱਚ ਦਰੋਪਤੀ ਵੀ ਪਾਂਡਵ ਹਾਰ ਜਾਂਦੇ ਹਨ ਅਤੇ ਦੇਸ਼ ਨਿਕਾਲ਼ਾ ਹੋ ਜਾਂਦਾ ਹੈ। ਲੁਕਵਾਂ ਕਾਰਨ ਕੀ ਰਿਹਾ ? ਦਰੋਪਤੀ ਦਾ ਦੁਰਯੋਧਨ ਨਾਲ਼ ਕੀਤਾ ਕੋਝਾ ਮਜ਼ਾਕ ਅਤੇ ਫਿਰ ਹੁੰਦਾ ਹੈ ਮਹਾਂਭਾਰਤ ਦਾ ਨਰਸੰਹਾਰ।

ਉੱਧਰ ਰਮਾਇਣ ਵਿੱਚ ਬਨਵਾਸ ਕੱਟ ਰਹੇ ਰਾਮ , ਲਛਮਣ ਅਤੇ ਸੀਤਾ ਚਿੱਤਰਕੁੱਟ ਵਿਖੇ ਰਾਮ ਅਤੇ ਲਛਮਣ ਉੱਤੇ ਰਾਵਣ ਦੀ ਭੈਣ ਸਰੂਪਨਖਾ ਮੋਹਿਤ ਹੋ ਜਾਂਦੀ ਹੈ। ਪਰ ਉਹ ਨਹੀਂ ਮੰਨਦੇ । ਹਰਖੀ ਲਛਮਣ ਉਸਦਾ ਤਲਵਾਰ ਨਾਲ਼ ਨੱਕ ਵੱਢ ਦਿੰਦਾ ਹੈ। ਸਰੂਪਨਖਾ ਇਸਦਾ ਬਦਲਾ ਲੈਣ ਲਈ ਆਪਣੇ ਭਰਾ ਰਾਵਣ ਨੂੰ ਉਕਸਾਉਂਦੀ ਹੈ ਅਤੇ ਜਿਸਦਾ ਨਤੀਜਾ ਅਸੀਂ ਸਾਰੇ ਜਾਣਦੇ ਹੀ ਹਾਂ।

ਬੀਜੀ ਦੇ ਫੋਨ ਦੀ ਰਿੰਗ ਵੱਜੀ । ਬੀਜੀ ਨੇ ਦੂਰੋਂ ਹੀ ਅਵਾਜ਼ ਦਿੱਤੀ “ਦੇਖੀਂ ਕੀਹਦਾ ਆ ਗਿਆ? “ਬੀਜੀ ਕਿਸੇ ਅੱਕੀ ਦਾ ਹੈ। “ਲਿਆ ਫੜਾ ਕੀ ਆਂਹਦੀ ਆ।” ਮੈਨੂੰ ਝੱਟ ਯਾਦ ਆ ਗਿਆ ਕਿ ਇਹ ਤਾਂ ਉਹੀ ਅੱਕੀ ਹੈ ਜੋ ਪੰਜ ਭੈਣਾਂ ਸਨ । ਪੰਜਾਂ ਦਾ ਕੱਲਾ ਕੱਲਾ ਭਰਾ ਸਾਰੀਆਂ ਤੋਂ ਛੋਟਾ । ਮਾਂ ਬਾਪ ਨੇ ਪਹਿਲਾਂ ਤਿੰਨੋਂ ਵੱਡੀਆਂ ਕੁੜੀਆਂ ਵਿਆਹ ਦਿੱਤੀਆਂ ।

ਫਿਰ ਮੁੰਡਾ ਵਿਆਹ ਲਿਆ । ਦੋ ਕੁੜੀਆਂ ਅਜੇ ਕੁਆਰੀਆਂ ਸਨ। ਅੱਕੀ ਉਹਨਾਂ ਕੁਆਰੀਆਂ ਵਿੱਚੋਂ ਇੱਕ ਸੀ। ਵਹੁਟੀ ਸੁਨੱਖੀ ਅਤੇ ਖ਼ਾਨਦਾਨੀ ਪਰਿਵਾਰ ਵਿੱਚੋਂ ਸੀ। ਬਸ ਦੋ ਕੁ ਮਹੀਨੇ ਹੀ ਹੋਏ ਸੀ ਵਿਆਹ ਹੋਏ ਨੂੰ, ਹੋਣ ਲੱਗ ਪਿਆ ਕਾਟੋ ਕਲੇਸ਼ । ਮਾਂ ਵੀ ਬੀਰੋ ਸਿਰੇ ਦੀ ਕੱਬੀ। ਵਹੁਟੀ ਉਹਨਾਂ ਤਿੰਨਾਂ ਅੱਗੇ ਕੁਝ ਨਾ ਬੋਲਦੀ ।ਰੋ ਧੋ ਕੇ ਬੈਠ ਜਾਂਦੀ ।ਪਿਓ ਦੀ ਘਰੇ ਚੱਲਦੀ ਨਹੀਂ ਸੀ। ਵਹੁਟੀ ਅਤੇ ਮੁੰਡੇ ਨੂੰ ਅੱਡ ਕਰ ਦਿੱਤਾ ਅਤੇ ਕਿਹਾ ਕਿ ਖੇਤ ਜਾ ਕੇ ਘਰ ਪਾ ਲਵੇ। ਮੁੰਡੇ ਨੇ ਪਿੰਡ ਦੇ ਨਾਲ਼ ਲੱਗਦੀ ਨਿਆਂਈਂ ਵਿੱਚ ਹੀ ਕੱਚਾ ਕੋਠਾ ਪਾ ਲਿਆ ।ਖੇਤ ਬਿਜਲੀ ਵੀ ਨਹੀਂ ਸੀ। ਵਹੁਟੀ ਦੀਵੇ ਦੇ ਚਾਨਣੇ ਹੀ ਰੋਟੀ ਟੁੱਕ ਦਾ ਕੰਮ ਕਰਦੀ । ਸਰਦੀਆਂ ਤਾਂ ਔਖੀਆਂ ਸੌਖੀਆਂ ਲੰਘ ਗਈਆਂ ਗਰਮੀਆਂ ਆ ਗਈਆਂ।ਮੱਛਰ ਰਾਤ ਨੂੰ ਸੌਣ ਨਾ ਦੇਵੇ। ਮੁੰ ਡਾ ਕਹਿੰਦਾ ਮੈਂ ਅੱਜ ਪੱਖੇ ਦਾ ਪ੍ਰਬੰਧ ਕਰਦਾ ਹਾਂ। ਪਿੰਡ ਵਿੱਚੋਂ ਕਿਸੇ ਦੇ ਘਰੋਂ ਪੱਖਾ ਮੰਗ ਲਿਆਂਦਾ ।

ਜਦੋਂ ਨਾਲ਼ ਦੀ ਜਾਂਦੀ ਤਾਰ ਤੋਂ ਕੁੰਡੀਆਂ ਲਾਉਣ ਲੱਗਿਆ ਤਾਂ ਤਾਰ ਕਿਤੇ ਨੰਗੀ ਸੀ , ਬਿਜਲੀ ਨੇ ਪਟਕਾ ਕੇ ਧਰਤੀ ਉੱਤੇ ਮਾਰਿਆ । ਡਿੱਗਦੇ ਸਾਰ ਹੀ ਧੌਣ ਦਾ ਮਣਕਾ ਟੁੱਟ ਗਿਆ । ਬਹੂ ਵਿਚਾਰੀ ਤੋਂ ਨਾ ਚੁੱਕਿਆ ਜਾਏ ਰੋਂਦੀ ਤੋਂ ਨਾ ਰੋਇਆ ਜਾਏ । ਮੂੰਹ ਹਨੇਰਾ ਹੋਣ ਕਰਕੇ ਕੋਈ ਦਿਖਾਈ ਨਹੀਂ ਸੀ ਦੇ ਰਿਹਾ । ਅਚਾਨਕ ਕੋਈ ਪਾਣੀ ਦੀ ਵਾਰੀ ਵਾਲ਼ਾ ਮੁੰਡਾ ਆ ਰਿਹਾ ਸੀ । ਉੱਚੀ ਉੱਚੀ ਚੀਕਾਂ ਸੁਣ ਉਧਰ ਨੂੰ ਹੋ ਗਿਆ । ਜਾ ਕੇ ਦੇਖਿਆ , ਕਹਾਣੀ ਤਾਂ ਬੀਤ ਚੁੱਕੀ ਸੀ। ਉਸ ਨੇ ਪਿੰਡ ਆ ਕੇ ਦੱਸਿਆ । ਸਾਰਾ ਪਿੰਡ ਥੂ -ਥੂ ਕਰੇ । ਅਗਲੇ ਦਿਨ ਸਸਕਾਰ ਕੀਤਾ ਗਿਆ । ਵਹੁਟੀ ਸਮੇਤ ਸਮਾਨ ਨੂੰ ਪੇਕੇ ਲੈ ਗਏ ।

ਹੁਣ ਸਾਰੀਆਂ ਕੁੜੀਆਂ ਵਿਆਹ ਦਿੱਤੀਆਂ ਸਨ । ਪਿੱਛੇ ਰਹਿ ਗਏ ਸਨ ਦੋਨੋਂ ਬਜ਼ੁਰਗ ਦਰ -ਦਰ ਦੀਆਂ ਠੋਕਰਾਂ ਖਾਣ ਲਈ । ਅਖੀਰ ਉਹ ਵੀ ਚੱਲ ਵਸੇ। ਪਿੰਡ ਦੇ ਵਿਚਕਾਰ ਉਹਨਾਂ ਦਾ ਘਰ ਕਿਸੇ ਨੇ ਨਾ ਖਰੀਦਿਆ। ਲੋਕ ਕਹਿਣ ਕਲਿਹਣਿਆਂ , ਕੜਮਿਆਂ ,ਚੰਦਰਿਆਂ ਦਾ ਘਰ ਹੈ । ਹੁਣ ਕੁੜੀਆਂ ਵਾਰੀ ਨਾਲ਼ ਆਉਂਦੀਆਂ ਨੇ ਅਤੇ ਘਰ ਵਿਕਾਊ ਹੈ।

“ਅੱਕੀ ਕਹਿੰਦੀ ਸੀ ਸੋਡੋ ਨਾਲ਼ ਲੱਗਦਾ ਏ ਸਾਡਾ ਘਰ ਲੈ ਲਵੋ।” ਬੀਜੀ ਨੇ ਮੇਰੀ ਅਚਾਨਕ ਲਿਵ ਤੋੜ ਦਿੱਤੀ। “ਤੁਸੀਂ ਕੀ ਕਿਹਾ ਫਿਰ? “ “ ਮੈਂ ਕਿਹਾ ਸਾਡੇ ਆਵਦਾ ਥਾਂ ਹੀ ਵਾਧੂ ਏ , ਦੱਸ ਪਾ ਦੇਵਾਂਗੇ ਜੇ ਕਿਸੇ ਨੇ ਲੈਣਾ ਹੋਇਆ ਤਾਂ।” ਮੇਰੇ ਅੱਗੇ ਕਕਈ, ਮੰਥਰਾ, ਦਰੋਪਤੀ,ਸਰੂਪਨਖਾ ਵਰਗੀਆਂ ਘੁੰਮਣ ਲੱਗੀਆਂ। ਮੇਰੀ ਸੋਚ ਹੋਰ ਗਹਿਰੀ ਹੋ ਗਈ ਨਾਰੀ ਰੂਪ ਕਿ ਕਰੂਪ? ਮੈਨੂੰ ਲੱਗਿਆ ਅੱਕੀ ਵਰਗੀਆਂ ਵੀ ਕਰੂਪਤਾ ਵਿੱਚ ਸ਼ਾਮਿਲ ਨੇ।ਕਿਸੇ ਨੇ ਕਿੰਨਾ ਵਧੀਆ ਲਿਖਿਆ ਏ ਕਿ..
“ਅਗਰ ਰਿਸ਼ਤੋਂ ਕੀ ਗਾਂਠੇ ਖੁੱਲ੍ਹ ਸਕਤੀ ਹੈਂ ਤੋ , ਉਸ ਰਿਸ਼ਤੋ ਕੇ ਧਾਗੋਂ ਪਰ ਕੈਂਚੀ ਮਤ ਚਲਾਨਾ”।

ਅੰਮ੍ਰਿਤਪਾਲ ਕਲੇਰ

(ਚੀਦਾ) ਮੋਗਾ
ਮੋਬ . 9915780980

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਸ਼ੁੱਧ ਪੰਜਾਬੀ ਲਿਖਣਾ ਸਿੱਖੀਏ– 1
Next articleਇਨਸਾਨੀਅਤ