ਸਿਰਸਾ: ਪੱਕਾ ਮੋਰਚਾ ਦੇ 9 ਮਹੀਨੇ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡੀ ਰੈਲੀ, 8 ਜੁਲਾਈ ਨੂੰ ਸੜਕਾਂ ਜਾਮ ਨਾ ਕਰਨ ਦੀ ਅਪੀਲ

ਸਿਰਸਾ (ਸਮਾਜ ਵੀਕਲੀ): ਇਥੇ ਕਿਸਾਨ ਰੈਲੀ ਨੂੰ ਸੰਯੁਕਤ ਕਿਸਾਨ ਮੋਰਚਾ ਕਮੇਟੀ ਦੇ ਆਗੂ ਡਾ. ਦਰਸ਼ਨ ਪਾਲ ਸਿੰਘ, ਯੋਗਿੰਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਰੂਲਦੂ ਸਿੰਘ ਮਾਨਸਾ, ਸੋਨੀਆ ਮਾਨ, ਵਿਕਾਸ ਸੀਸਰ, ਸਵਰਨ ਸਿੰਘ ਵਿਰਕ, ਇੰਦਰਜੀਤ ਸਿੰਘ ਸਮੇਤ ਅਨੇਕ ਕਿਸਾਨਾਂ ਨੇ ਸੰਬੋਧਨ ਕੀਤਾ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ 6 ਅਕਤੂਬਰ 2020 ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਕਿਸਾਨਾਂ ਵੱਲੋਂ ਪੱਕਾ ਮੋਰਚਾ ਦੇ ਤਹਿਤ ਸ਼ੁਰੂ ਕੀਤਾ ਗਿਆ ਸੀ ਇਹ ਧਰਨਾ। ਨੌਂ ਮਹੀਨੇ ਲਗਾਤਾਰ ਧਰਨੇ ਵਿੱਚ ਬੈਠਣ ਵਾਲੇ ਕਿਸਾਨ ਲਾਲ ਸਿੰਘ ਨੂੰ ਹੱਲ ਦੇ ਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕੀਤਾ ਸਨਮਾਨਿਤ। ਧੁੱਪ ਵਿੱਚ ਕਿਸਾਨ ਵੱਡੀ ਗਿਣਤੀ ’ਚ ਰੈਲੀ ’ਚ ਸ਼ਿਰਕਤ ਕਰਨ ਲਈ ਪੁੱਜੇ ਹੋਏ ਸਨ।

ਕਿਸਾਨਾਂ ਵੱਲੋਂ ਥਾਂ-ਥਾਂ ’ਤੇ ਜਿਥੇ ਠੰਢੇ ਜਲ ਦੀਆਂ ਛਬੀਲਾਂ ਲਾਈਆਂ ਹੋਈਆਂ ਸਨ ਉਥੇ ਹੀ ਬਾਹਰ ਤੋਂ ਆਉਣ ਵਾਲੇ ਕਿਸਾਨਾਂ ਲਈ ਲੰਗਰ ਦੀ ਵੀ ਵਿਵਸਥਾ ਕੀਤੀ ਹੋਈ ਸੀ। ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਨੌਂ ਮਹੀਨੇ ਲਗਾਤਾਰ ਕਿਸਾਨਾਂ ਵੱਲੋਂ ਸਿਰਸਾ ਵਿੱਚ ਪੱਕਾ ਮੋਰਚਾ ਲਾਏ ਜਾਣ ’ਤੇ ਸਿਰਸਾ, ਫਤਿਹਾਬਾਦ ਤੇ ਇਸ ਦੇ ਨਾਲ ਲਗਦੇ ਇਲਾਕੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਪ੍ਰੇਰਿਤ ਕੀਤਾ। ਕਿਸਾਨ ਜਥੇਬੰਦੀਆਂ ਵੱਲੋਂ ਰੈਲੀ ਦਾ ਨਾਂ ਅਧਿਕਾਰ ਰੈਲੀ ਰੱਖਿਆ ਗਿਆ। ਰੈਲੀ ’ਚ ਮਹਿਲਾਵਾਂ ਵੀ ਵੱਡੀ ਗਿਣਤੀ ’ਚ ਟੌਲੀਆਂ ਬਣਾ ਕੇ ਪੁੱਜੀਆਂ।

ਕਿਸਾਨ ਆਗੂਆਂ ਨੇ ਰੈਲੀ ’ਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅੱਠ ਜੁਲਾਈ ਨੂੰ ਪੈਟਰੋਲ ਡੀਜ਼ਲ ਦੀਆਂ ਵੱਧੀਆਂ ਕੀਮਤਾਂ ਖ਼ਿਲਾਫ਼ ਜਿਥੇ ਸੜਕਾਂ ’ਦੇ ਕੰਢੇ ਵਾਹਨ ਖੜ੍ਹੇ ਕਰਨ ਤੇ ਰਸੋਈ ਗੈਸ ਸਿਲੰਡਰਾਂ ਨਾਲ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਉਥੇ ਹੀ ਪਾਰਲੀਮੈਂਟ ਦੇ ਮੌਨਸੂਨ ਸ਼ੈਸ਼ਨ ਦੌਰਾਨ ਕਿਸਾਨਾਂ ਵੱਲੋਂ ਸੰਸਦ ਵੱਲ ਕਿਸਾਨ ਜਥੇ ਭੇਜੇ ਜਾਣ, ਦਿੱਲੀ ਬਾਰਡਰਾਂ ’ਤੇ ਕਿਸਾਨਾਂ ਦੀ ਸੰਖਿਆ ਵਧਾਏ ਜਾਣ, ਹਰ ਪਰਿਵਾਰ ਚੋਂ ਇਕ ਜੀਅ ਦਿੱਲੀ ਬਾਰਡਰਾਂ ’ਤੇ ਭੇਜਣ ਤੇ ਯੂ.ਪੀ. ਚੋਣਾਂ ’ਚ ਭਾਜਪਾ ਨੂੰ ਹਰਾਉਣ ਦੇ ਲਈ ਤਾਗੀਦ ਕੀਤੀ। ਉਨ੍ਹਾਂ ਸਪਸ਼ਟ ਕੀਤਾ ਕਿ 8 ਜੁਲਾਈ ਨੂੰ ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ ਤੇ ਲੋਕਾਂ ਨੂੰ ਆਵਾਜਾਈ ਵਿੱਚ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੰਨਾ: ਪੁਲੀਸ ’ਤੇ ਗੋਲੀਬਾਰੀ, ਕੇਐੱਲਐੱਫ ਦਾ ਸਮਰਥਕ ਸਾਥੀਆਂ ਸਣੇ ਕਾਬੂ
Next articleਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬੇਕਾਬੂ: ਭਾਜਪਾ