ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

  • ਪੁਲਿਸ ਨੇ 147000 ਰੁਪਏ ਕੀਮਤ ਦੇ 2000 ਰੁਪਏ ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ।
  • ਕਾਰਵਾਈ ਦੋਰਾਨ ਨਕਲੀ ਨੋਟਾਂ ਦੀ ਛਪਾਈ ਵਿਚ ਵਰਤੇ ਜਾਣ ਵਾਲੇ ਰਸਾਇਣ ਲਿਪਿਤ ਕਾਗਜਾਂ ਦੇ 30 ਪੈਕੇਟ ਫੜੇ ਗਏ ਹਨ।
  • ਕੈਮੀਕਲ ਪਾਉਡਰ ਦੇ ਨਾਲ, ਕੈਮੀਕਲ ਤਰਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ ਹਨ।
  • ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੀਆਂ ਜਾਣ ਵਾਲੀਆਂ ਸਕੋਡਾ ਅਤੇ ਵਰਨਾ ਕਾਰਾਂ ਅਤੇ ਮਹਿੰਦਰਾ ਮੈਕਸੀਕੋ ਸਮੇਤ ਤਿੰਨ ਵਾਹਨ ਵੀ ਜਬਤ ਕੀਤੇ ਗਏ।

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ਼ਹਿਰ ਵਿੱਚ ਚੱਲ ਰਹੇ ਨਾਜਾਇਜ਼ ਜਾਅਲੀ ਕਰੰਸੀ ਦੇ ਕਾਰੋਬਾਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਵਿੱਚ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2000 ਅਤੇ 500 ਰੁਪਏ ਦੇ 1,47,000 ਰੁਪਏ ਦੇ ਜਾਅਲੀ ਨੋਟ, 7500 ਰੁਪਏ ਭਾਰਤੀ ਕਰੰਸੀ ਸਮੇਤ ਨਕਲੀ ਕਰੰਸੀ ਬਣਾਉਣ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਰਸਾਇਣ ਯੁਕਤ ਕਾਗਜ਼ ਦੇ 30 ਪੈਕੇਟ, ਕੈਮੀਕਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ, ਕੈਮੀਕਲ ਪਾਉਡਰ ਦੇ ਪੈਕੇਟ ਦੇ ਨਾਲ ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੇ ਜਾਣ ਵਾਲੇ ਤਿੰਨ ਵਾਹਨ ਵੀ ਬ੍ਰਾਮਦ ਕੀਤੇ ਹਨ।

ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਗਟ ਸਿੰਘ ਵਾਸੀ ਰਾਜੇਵਾਲ ਖੰਨਾ, ਹਰਪ੍ਰੀਤ ਕੌਰ ਉਰਫ ਪ੍ਰੀਤੀ ਵਾਸੀ ਮੁੱਲਾਂਪੁਰ ਸਰਹਿੰਦ, ਚਰਨਜੀਤ ਸਿੰਘ ਉਰਫ ਚੰਨਾ ਅਤੇ ਮਹਿੰਦਰ ਕੁਮਾਰ, ਦੋਵੇਂ ਵਾਸੀ ਭੰਡਾਲ ਬੇਟ, ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਵਾਸੀ ਖੰਨਾ ਸਿਟੀ ਵਜੋਂ ਹੋਈ ਹੈ।

ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੁਭਾਨਪੁਰ ਥਾਣੇ ਦੀ ਪੁਲਿਸ ਟੀਮ ਨੂੰ ਇੱਕ ਭਰੋਸੇਮੰਦ ਸਰੋਤ ਤੋਂ ਜਾਣਕਾਰੀ ਮਿਲੀ ਕਿ ਇੱਕ ਸਕੌਡਾ ਕਾਰ ਨੰਬਰ (ਪੀ ਬੀ 10 ਡੀ ਐੱਸ 3700) ਪਰਗਟ ਸਿੰਘ ਪੁੱਤਰ ਭਜਨ ਸਿੰਘ ਦੁਆਰਾ ਚਲਾਈ ਜਾ ਰਹੀ ਹੈ ਅਤੇ ਉਸ ਦੇ ਨਾਲ ਹਰਪ੍ਰੀਤ ਕੌਰ ਨਾਮ ਦੀ ਇਕ ਔਰਤ ਵੀ ਮੌਜੂਦ ਹੈ, ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਨਕਲੀ ਨੋਟ ਵੰਡ ਰਹੇ ਹਨ।

ਤੇਜ਼ੀ ਨਾਲ ਕਾਰਵਾਈ ਕਰਦਿਆਂ, ਨਕਲੀ ਨੋਟਾਂ ਦੀ ਵੰਡ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਅਤੇ ਇਸ ਰੈਕੇਟ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਏਐਸਪੀ ਭੁਲੱਥ, ਅਜੈ ਗਾਂਧੀ ਆਈਪੀਐਸ ਦੀ ਨਿਗਰਾਨੀ ਹੇਠ ਐਸਐਚਓ ਸੁਭਾਨਪੁਰ ਅਤੇ ਹੋਰ ਸਟਾਫ ਸਮੇਤ ਇਕ ਵਿਸ਼ੇਸ਼ ਪੁਲਿਸ ਦਲ ਦਾ ਗਠਨ ਕੀਤਾ ਗਿਆ ਸੀ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਨਡਾਲਾ ਤੋਂ ਸੁਭਾਨਪੁਰ ਰੋਡ ਤੇ ਇੱਕ ਵਿਸ਼ੇਸ਼ ਚੈਕ ਪੋਸਟ ਬਣਾਈ ਅਤੇ ਚੈਕਿੰਗ ਲਈ ਉਪਰੋਕਤ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਪੁਲਿਸ ਨੂੰ 2000 ਰੁਪਏ ਦਾ ਇਕ ਜਾਅਲੀ ਨੋਟ, 7500 ਰੁਪਏ ਭਾਰਤੀ ਕਰੰਸੀ ਸਮੇਤ ਰਸਾਇਣ ਨਾਲ ਭਰੀ ਬੋਤਲ, ਇਕ ਪੈਕਟ ਜਿਸ ਵਿਚ 20 ਗ੍ਰਾਮ ਪਾਉਡਰ, ਨਕਲੀ ਨੋਟਾਂ ਦੀ ਛਪਾਈ ਵਿਚ ਵਰਤੇ ਜਾਣ ਵਾਲੇ ਰਸਾਇਣ ਲਿਪਿਤ 400 ਪੇਜ ਵਾਲੇ 4 ਪੈਕੇਟ ਦੇ ਜਿਹਨਾਂ ਤੋਂ 500×500 ਦੇ ਨੋਟ ਤਿਆਰ ਹੋਣੇ ਸਨ ਅਤੇ 800 ਚਿੱਟੇ ਕਾਗਜ਼ਾਂ ਦੇ 8 ਪੈਕੇਟ ਜਿਹਨਾਂ ਤੋਂ 2000×2000 ਰੁਪਏ ਦੇ ਨੋਟ ਤਿਆਰ ਕੀਤੇ ਜਾਣੇ ਸਨ ਨੂੰ ਬ੍ਰਾਮਦ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਸੀ ਕਿ ਉਹ ਆਸਾਨੀ ਨਾਲ ਪੈਸਾ ਕਮਾਉਣ ਲਈ ਇਸ ਗੈਰਕਾਨੂੰਨੀ ਧੰਦੇ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਦੇ ਗਿਰੋਹ ਦੇ ਕੁਝ ਹੋਰ ਮੈਂਬਰ ਵੀ ਵੱਖ-ਵੱਖ ਵਾਹਨਾਂ ਵਿਚ ਲੋਕਾਂ ਨੂੰ ਜਾਅਲੀ ਨੋਟ ਵੰਡ ਰਹੇ ਹਨ। ਉਨ੍ਹਾਂ ਦੇ ਵਾਹਨਾਂ ਵਿਚ ਭਾਰੀ ਮਾਤਰਾ ਵਿਚ ਕੱਚਾ ਮਾਲ ਵੀ ਮੌਜੂਦ ਹੈ, ਜਿਸ ਦੀ ਵਰਤੋਂ ਨਕਲੀ ਨੋਟ ਬਣਾਉਣ ਲਈ ਕੀਤੀ ਜਾਣੀ ਹੈ।

ਪੁਲਿਸ ਟੀਮਾਂ ਨੇ ਤੁਰੰਤ ਇਹਨਾਂ ਦੇ ਦੂਸਰੇ ਸਾਥੀਆਂ ਦੀ ਮੌਜੂਦਗੀ ਦੇ ਸ਼ੱਕੀ ਖੇਤਰ ਵਿੱਚ ਚੈਕਿੰਗ ਸ਼ੁਰੂ ਕਿੱਟ ਅਤੇ ਦੋਰਾਨੇ ਚੈਕਿੰਗ ਇੱਕ ਮਹਿੰਦਰਾ ਮੈਕਸੀਕੋ ਵਾਹਨ ਤੋਂ ਚਰਨਜੀਤ ਸਿੰਘ ਚੰਨਾ ਅਤੇ ਮਹਿੰਦਰ ਕੁਮਾਰ ਨੂੰ ਕਾਬੂ ਕੀਤਾ ਅਤੇ 500×500 ਦੇ ਨੋਟ ਬਣਾਉਣ ਲਈ ਵਰਤੇ ਜਾਂਦੇ ਰਸਾਇਣ ਲਿਪਿਤ 300 ਪੇਜ ਵਾਲੇ 3 ਪੈਕੇਟ ਅਤੇ 200 ਚਿੱਟੇ ਪੇਜਾਂ ਦੇ 2 ਪੈਕੇਟ ਜਿਹਨਾ ਤੋਂ 2000×2000 ਰੁਪਏ ਦੇ ਨਕਲੀ ਨੋਟ ਬਣਾਏ ਜਾਣੇ ਸਨ ਨੂੰ ਬ੍ਰਾਮਦ ਕਰ ਲਿਆ।

ਇਸੇ ਤਰ੍ਹਾਂ ਪੁਲਿਸ ਪਾਰਟੀ ਨੇ ਦਿਆਲਪੁਰ ਫਲਾਈਓਵਰ ਨੇੜੇ ਵਰਨਾ ਕਾਰ ਨੰਬਰ ਪੀ ਬੀ 41 ਐੱਫ ਐੱਸ 8819 ਨੂੰ ਉਸ ਵਿਚ ਮੋਜੂਦ ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਨੂੰ ਗ੍ਰਿਫਤਾਰ ਕਰ 120000 ਦੀ ਕੀਮਤ ਦੇ 2000×2000 ਰੁਪਏ ਦੇ 60 ਜਾਅਲੀ ਨੋਟ 25000 ਦੀ ਕੀਮਤ ਦੇ 500×500 ਦੇ 50 ਜਾਅਲੀ ਨੋਟ ਅਤੇ ਨਕਲੀ ਨੋਟਾਂ ਨੂੰ ਤਿਆਰ ਕਰਨ ਲਈ ਰਸਾਇਣ ਲਿਪਿਤ 300 ਪੇਜ ਵਾਲੇ 3 ਪੈਕੇਟ ਅਤੇ 1000 ਚਿੱਟੇ ਪੇਜਾਂ ਦੇ 10 ਪੈਕੇਟ ਜਿਹਨਾ ਤੋਂ 2000×2000 ਰੁਪਏ ਦੇ ਨਕਲੀ ਨੋਟ ਬਣਾਏ ਜਾਣੇ ਸਨ ਬ੍ਰਾਮਦ ਕੀਤੇ।

ਪੁਲਿਸ ਟੀਮ ਨੇ ਇਨ੍ਹਾਂ ਗੈਰ ਨਕਲੀ ਨੋਟਾਂ ਦੀ ਛਪਾਈ, ਵਿਤਰਣ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਹੇਠ ਸੁਭਾਨਪੁਰ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 420,406,489 ਸੀ, 489 ਡੀ, 489E ਤਹਿਤ ਕੇਸ ਦਰਜ ਕੀਤਾ ਹੈ।

ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਰੈਕੇਟ ਦੇ ਗਿਆਰਾਂ ਹੋਰ ਮੈਂਬਰਾਂ ਦੀ ਸ਼ਮੂਲੀਅਤ ਧਿਆਨ ਵਿੱਚ ਆਈ ਹੈ ਅਤੇ ਪੁਲਿਸ ਟੀਮਾਂ ਇਨ੍ਹਾਂ ਮੈਂਬਰਾਂ ਨੂੰ ਫੜਨ ਲਈ ਭੇਜੀਆਂ ਗਈਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਕੁਝ ਹੋਰ ਖੁਲਾਸੇ ਵੀ ਸਾਹਮਣੇ ਆਉਣ ਦੀ ਵੀ ਉਮੀਦ ਹੈ। ਐਸਐਸਪੀ ਖੱਖ ਨੇ ਦੱਸਿਆ ਕਿ ਦੋਸ਼ੀ ਨਾ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਨ ਬਲਕਿ ਰਾਸ਼ਟਰੀ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀ ਐਚ ਸੀ ਜੋਗਾ ਅਧੀਨ ਆਉਂਦੇ ਪਿੰਡਾਂ ਵਿੱਚ ਲਗਾਏ ਡੇਂਗੂ ਜਾਗਰੁਕਤਾ ਕੈਂਪ
Next articleਵਿੱਦਿਆ ਪਰਉਪਕਾਰੀ