ਨੋਇਡਾ(ਯੂਪੀ) (ਸਮਾਜ ਵੀਕਲੀ): ਉੱਤਰ ਪ੍ਰਦੇਸ਼ ਦੇ ਬੁੁਲੰਦਸ਼ਹਿਰ ਜ਼ਿਲ੍ਹੇ ਦੀ ਪੁਲੀਸ ਨੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਭਾਰਤ ਦੇ ਨਕਸ਼ੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਮਾਈਕਰੋਬਲੌਗਿੰਗ ਸਾਈਟ ਟਵਿੱਟਰ ਇੰਡੀਆ ਦੇ ਦੋ ਸੀਨੀਅਰ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਸੱਜੇਪੱਖੀ ਬਜਰੰਗ ਦਲ ਦੇ ਅਹੁਦੇਦਾਰ ਵੱਲੋਂ ਦਾਇਰ ਸ਼ਿਕਾਇਤ ’ਤੇ ਖੁਰਜਾ ਨਗਰ ਪੁਲੀਸ ਸਟੇਸ਼ਨ ਵਿੱਚ ਸੋਮਵਾਰ ਸ਼ਾਮ ਨੂੰ ਕੇਸ ਦਰਜ ਕੀਤਾ ਗਿਆ ਸੀ। ਟਵਿੱਟਰ ਵੱਲੋਂ ਆਪਣੀ ਵੈੱਬਸਾਈਟ ’ਤੇ ਪਾਏ ਭਾਰਤ ਦੇ ਨਕਸ਼ੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲੱਦਾਖ ਅਤੇ ਜੰਮੂ ਤੇ ਕਸ਼ਮੀਰ ਨੂੰ ਵੱਖਰੇ ਮੁਲਕ ਵਜੋਂ ਵਿਖਾਇਆ ਗਿਆ ਸੀ। ਸੋਸ਼ਲ ਮੀਡੀਆ ’ਤੇ ਪਏ ਰੌਲੇ-ਰੱਪੇ ਤੇ ਤਿੱਖੀਆਂ ਪ੍ਰਤੀਕਿਰਿਆਵਾਂ ਮਗਰੋਂ ਟਵਿੱਟਰ ਨੇ ਹਾਲਾਂਕਿ ਸੋਮਵਾਰ ਸ਼ਾਮ ਨੂੰ ਹੀ ਵਿਵਾਦਿਤ ਨਕਸ਼ਾ ਹਟਾ ਦਿੱਤਾ ਸੀ।
ਬਜਰੰਗ ਦਲ ਪੱਛਮੀ ਯੂਪੀ ਦੇ ਕਨਵੀਨਰ ਪ੍ਰਵੀਨ ਭੱਟੀ ਨੇ ਸ਼ਿਕਾਇਤ ਵਿਚ ਕਿਹਾ, ‘ਵਿਸ਼ਵ ਦੇ ਨਕਸ਼ੇ ਵਿੱਚ ਲੱਦਾਖ ਅਤੇ ਜੰਮੂ ਤੇ ਕਸ਼ਮੀਰ ਨੂੰ ਭਾਰਤ ਦੇ ਹਿੱਸੇ ਵਜੋਂ ਨਹੀਂ ਵਿਖਾਇਆ ਗਿਆ। ਇਹ ਕੋਈ ਸੰਜੋਗ ਨਹੀਂ ਸੀ। ਇਸ ਕਾਰਵਾਈ ਨਾਲ ਮੇਰੇ ਸਮੇਤ ਸਾਰੇ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਸੱਟ ਪੁੱਜੀ ਹੈ।’ ਐੱਫਆਈਆਰ ਵਿੱਚ ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ ਤੇ ਨਿਊ ਪਾਰਟਨਰਸ਼ਿਪਸ ਹੈੱਡ ਅੰਮ੍ਰਿਤਾ ਤ੍ਰਿਪਾਠੀ ਨੂੰ ਆਈਪੀਸੀ ਦੀ ਧਾਰਾ 505(2) ਤਹਿਤ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਐੱਫਆਈਆਰ ਵਿੱਚ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 74 ਤਹਿਤ ਵੀ ਦੋਸ਼ ਲਾਏ ਗਏ ਹਨ। ਚੇਤੇ ਰਹੇ ਕਿ ਭਾਰਤ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਨੱਥ ਪਾਉਣ ਲਈ ਪਿਛਲੇ ਮਹੀਨੇ ਅਮਲ ਵਿੱਚ ਆਏ ਨਵੇਂ ਆਈਟੀ ਨੇਮਾਂ ਕਰਕੇ ਕੇਂਦਰ ਸਰਕਾਰ ਤੇ ਮਾਈਕਰੋਬਲੌਗਿੰਗ ਸਾਈਟ ਟਵਿੱਟਰ ਦਰਮਿਆਨ ਤਲਖ਼ੀ ਸਿਖਰ ’ਤੇ ਸੀ।
ਇਸ ਤੋਂ ਪਹਿਲਾਂ ਟਵਿੱਟਰ ਲੇਹ ਨੂੰ ਭਾਰਤ ਦਾ ਹਿੱਸਾ ਦੱਸ ਚੁੱਕਾ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਪੁਲੀਸ ਦੇ ਸਾਈਬਰ ਅਪਰਾਧ ਸੈੱਲ ਨੇ ਭਾਰਤ ਦੇ ਨਕਸ਼ੇ ਨੂੰ ਤੋੜ ਮਰੋੜ ਦੇ ਪੇਸ਼ ਕਰਨ ਦੇ ਮਾਮਲੇ ਵਿੱਚ ਸੂਬੇ ਦੇ ਗ੍ਰਹਿ ਮੰਤਰੀ ਦੀ ਹਦਾਇਤ ’ਤੇ ਟਵਿੱਟਰ ਇੰਡੀਆ ਖਿਲਾਫ਼ ਕੇਸ ਦਰਜ ਕੀਤਾ ਹੈ। ਉਧਰ ਦਿੱਲੀ ਪੁਲੀਸ ਨੇ ਚਾਈਲਡ ਪੋਰਨੋਗ੍ਰਾਫ਼ੀ ਤੱਕ ਕਥਿਤ ਰਸਾਈ ਦੇਣ ਦੇ ਦੋਸ਼ ’ਚ ਟਵਿੱਟਰ ਖਿਲਾਫ਼ ਕੇਸ ਦਰਜ ਕੀਤਾ ਹੈ। ਮਾਈਕਰੋਬਲੌਗਿੰਗ ਪਲੈਟਫਾਰਮ ਖ਼ਿਲਾਫ਼ ਕੇਸ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly