ਨਵੀਂ ਦਿੱਲੀ (ਸਮਾਜ ਵੀਕਲੀ):ਫੇਸਬੁੱਕ ਤੇ ਗੂਗਲ ਇੰਡੀਆ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਮੰਚਾਂ ਦੀ ਦੁਰਵਰਤੋਂ ਦੇ ਮੁੱਦੇ ’ਤੇ ਅੱਜ ਸੂਚਨਾ ਤਕਨੀਕ ਸਬੰਧੀ ਸੰਸਦ ਦੀ ਸਥਾਈ ਕਮੇਟੀ ਸਾਹਮਣੇ ਆਪਣਾ ਪੱਖ ਰੱਖਿਆ। ਫੇਸਬੁੱਕ ਤੇ ਗੂਗਲ ਦੇ ਅਧਿਕਾਰੀਆਂ ਨੂੰ ਇਸ ਕਮੇਟੀ ਨੇ ਸੰਮਨ ਕੀਤਾ ਸੀ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਇਸ ਕਮੇਟੀ ਦੇ ਪ੍ਰਧਾਨ ਹਨ। ਫੇਸਬੁੱਕ ਦੇ ਭਾਰਤ ’ਚ ਲੋਕ ਨੀਤੀ ਨਿਰਦੇਸ਼ਕ ਸ਼ਿਵਨਾਥ ਠੁਕਰਾਲ ਤੇ ਜਨਰਲ ਕਾਉਂਸਲ ਨਮਰਤਾ ਸਿੰਘ ਨੇ ਕਮੇਟੀ ਸਾਹਮਣੇ ਆਪਣੀ ਗੱਲ ਰੱਖੀ। ਸੰਸਦੀ ਕਮੇਟੀ ਦੀ ਮੀਟਿੰਗ ਦਾ ਏਜੰਡਾ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਤੇ ਸੋਸ਼ਲ ਮੀਡੀਆ/ਆਨਲਾਈਨ ਖ਼ਬਰ ਮੀਡੀਆ ਮੰਚਾਂ ਦੀ ਦੁਰਵਰਤੋਂ ਰੋਕਣਾ ਸੀ।
ਇਸ ਤੋਂ ਪਹਿਲਾਂ ਫੇਸਬੁੱਕ ਦੇ ਪ੍ਰਤੀਨਿਧੀਆਂ ਨੇ ਸੰਸਦੀ ਕਮੇਟੀ ਨੂੰ ਸੂਚਿਤ ਕੀਤਾ ਸੀ ਕਿ ਕੋਵਿਡ ਸਬੰਧੀ ਪ੍ਰੋਟੋਕੋਲ ਦੇ ਚਲਦਿਆਂ ਉਨ੍ਹਾਂ ਦੀ ਕੰਪਨੀ ਦੀ ਨੀਤੀ ਉਨ੍ਹਾਂ ਦੇ ਅਧਿਕਾਰੀਆਂ ਨੂੰ ਸਰੀਰਕ ਤੌਰ ’ਤੇ ਮੌਜੂਦਗੀ ਵਾਲੀਆਂ ਮੀਟਿੰਗਾਂ ’ਚ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਕਮੇਟੀ ਦੇ ਪ੍ਰਧਾਨ ਥਰੂਰ ਨੇ ਫੇਸਬੁੱਕ ਨੂੰ ਕਿਹਾ ਕਿ ਉਸ ਦੇ ਅਧਿਕਾਰੀਆਂ ਨੂੰ ਮੀਟਿੰਗ ’ਚ ਪਹੁੰਚਣਾ ਪਵੇਗਾ ਕਿਉਂਕਿ ਸੰਸਦੀ ਸਕੱਤਰੇਤ ਡਿਜੀਟਲ ਮੀਟਿੰਗਾਂ ਦੀ ਇਜਾਜ਼ਤ ਨਹੀਂ ਦਿੰਦਾ। ਸੂਚਨਾ ਤਕਨੀਕ ਸਬੰਧੀ ਇਹ ਸੰਸਦੀ ਕਮੇਟੀ ਆਉਣ ਵਾਲੇ ਹਫ਼ਤਿਆਂ ’ਚ ਯੂਟਿਊਬ ਤੇ ਹੋਰ ਸੋਸ਼ਲ ਮੀਡੀਆ ਇਕਾਈਆਂ ਦੇ ਪ੍ਰਤੀਨਿਧੀਆਂ ਨੂੰ ਸੰਮਨ ਕਰੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly