ਹਿਸਾਰ (ਸਮਾਜ ਵੀਕਲੀ): ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਤੇ ਭਾਜਪਾ ਆਗੂ ਪ੍ਰੋ. ਸੰਪਤ ਸਿੰਘ ਨੇ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਦਾ ਮੈਂਬਰ ਬਣਨ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਬੰਦ ਕਮਰੇ ਵਿੱਚ ਪੁਲੀਸ ਸੁਰੱਖਿਆ ਹੇਠ ਸਿਆਸਤ ਕਰਨਾ ਮੁਮਕਿਨ ਨਹੀਂ ਹੈ।’ ਹਰਿਆਣਾ ਭਾਜਪਾ ਦੇ ਪ੍ਰਧਾਨ ਓ.ਪੀ.ਧਨਖੜ ਨੂੰ ਲਿਖੇ ਪੱਤਰ ਵਿੱਚ ਸੰਪਤ ਸਿੰਘ ਨੇ ਕਾਰਜਕਾਰੀ ਕਮੇਟੀ ’ਚ ਨਾਮਜ਼ਦਗੀ ਲਈ ਜਿੱਥੇ ਧੰਨਵਾਦ ਕੀਤਾ, ਉਥੇ ਕਿਸਾਨਾਂ ਵੱਲੋਂ ਤਿੰੰਨ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਅੰਦੋਲਨ ਦੇ ਹਵਾਲੇ ਨਾਲ ਇਹ ਜ਼ਿੰਮੇਵਾਰੀ ਲੈਣ ਤੋਂ ਅਸਮਰੱਥਾ ਜਤਾਈ।
ਕਿਸਾਨ ਆਗੂਆਂ ਵੱਲੋਂ ਭਾਜਪਾ ਆਗੂਆਂ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਸੰਪਤ ਸਿੰਘ ਨੇ ਕਿਹਾ ਕਿ ਪਾਰਟੀ ਆਗੂਆਂ ਕੋਲ ਹੋਰ ਕੋਈ ਬਦਲ ਨਹੀਂ ਹੈ ਤੇ ਉਨ੍ਹਾਂ ਨੂੰ ‘ਕਿਸਾਨ ਅੰਦੋਲਨ’ ਕਰਕੇ ਪੁਲੀਸ ਸੁਰੱਖਿਆ ਹੇਠ ਮੀਟਿੰਗਾਂ ਕਰਨੀਆਂ ਪੈ ਰਹੀਆਂ ਹਨ। ਸਿੰਘ ਨੇ ਪੱਤਰ ’ਚ ਅੱਗੇ ਲਿਖਿਆ, ‘‘ਭਾਰੀ ਪੁਲੀਸ ਤਾਇਨਾਤੀ ਤੋਂ ਬਿਨਾਂ ਅਰਥਪੂਰਨ ਸਿਆਸੀ ਤੇ ਪਾਰਟੀ ਸਰਗਰਮੀਆਂ ਨੂੰ ਅੰਜਾਮ ਦੇਣਾ ਵਰਚੁਅਲੀ ਨਾਮੁਮਕਿਨ ਜਾਪਦਾ ਹੈ।’’ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨ ਮੰਗਾਂ ਦਾ ਹਮਾਇਤੀ ਰਿਹਾ ਹੈ ਤੇ ਪਾਰਟੀ ਹਾਈਕਮਾਨ ਨੂੰ ਤਰਜੀਹੀ ਆਧਾਰ ’ਤੇ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਦੱਸਣਾ ਬਣਦਾ ਹੈ ਕਿ ਛੇ ਵਾਰ ਵਿਧਾਇਕ ਰਹੇ ਸੰਪਤ ਸਿੰਘ ਕਾਂਗਰਸ ਵੱਲੋਂ ਟਿਕਟ ਦੇਣ ਤੋਂ ਇਨਕਾਰ ਕਰਨ ’ਤੇ ਅਕਤੂਬਰ 2019 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ।
https://play.google.com/store/apps/details?id=in.yourhost.samajweekly