(ਸਮਾਜ ਵੀਕਲੀ)
ਰਾਹਾਂ ਵਿੱਚ ਖ਼ਾਮੋਸ਼ੀ ਪਸਰੀ ਪੈਰਾਂ ਵਿਚ ਥਕਾਨ ਜਿਹੀ।
ਮੈਨੂੰ ਮੇਰੀ ਬਸਤੀ ਲੱਗਦੀ ਅੱਜਕਲ੍ਹ ਹੈ ਸ਼ਮਸ਼ਾਨ ਜਿਹੀ।
ਮੋੜਾਂ ਉੱਤੇ ਆ ਕੇ ਜੀਕਣ ਦਹਿਸ਼ਤ ਪਹਿਰਾ ਲਾਇਆ ਏ,
ਪਰਛਾਵਾਂ ਵੀ ਬਣ ਗਈ ਲੱਗੇ ਮੈਨੂੰ ਜਿਵੇਂ ਹੈਵਾਨ ਜਿਹੀ।
ਇਕਲਾਪੇ ਦੀ ਪੀੜ ’ਚ ਭੁੱਜਿਆਂ ਕੁਝ ਵੀ ਚੰਗਾ ਲੱਗਦਾ ਨਹੀਂ,
ਦਿਲ ਦੀ ਨਗਰੀ ਲੁੱਟੀ-ਪੁੱਟੀ ਲੱਗਦੀ ਏ ਸੁੰਨਸਾਨ ਜਿਹੀ।
‘ਜੁੜ-ਜੁੜ ਬਹਿਣਾ, ਬਾਹੀਂ ਲੈਣਾ’ ਜਿਵੇਂ ਜ਼ਮਾਨਾ ਬੀਤ ਗਿਆ,
ਪਲ ਦੀ ਮਿਲਣੀ ਵੀ ਲੱਗਦੀ ਹੈ ਇਨ੍ਹੀ ਦਿਨੀਂ ਨੁਕਸਾਨ ਜਿਹੀ।
ਮਰ ਜਾਂਦਾ ਸੀ ਜੇਕਰ ਬੰਦਾ ਬੋਲ-ਜ਼ੁਬਾਨੋਂ ਫਿਰਦਾ ਸੀ,
ਅੱਜਕਲ੍ਹ ਇਸ ਫ਼ਿਤਰਤ ਨੂੰ ਬੰਦਾ ਹੁੱਬ ਕੇ ਦੱਸੇ ਸ਼ਾਨ ਜਿਹੀ।
ਆਪਣੇ ਮਾਸ ਨੂੰ ਆਪੇ ਨੋਚੇ ਸ਼ਰਮ ਕਰਮ ਤੋਂ ਗਿਰਿਆ ਏ,
ਅੱਜਕਲ੍ਹ ਬੰਦਾ ਬਦੀਆਂ ਵੱਸ ਹੈ ਬਿਰਤੀ ਹੈ ਸ਼ੈਤਾਨ ਜਿਹੀ।
ਸਦੀਆਂ ਹੋਈਆਂ ਉਸ ਸੱਜਣ ਦਾ ਮੂੰਹ ਹੀ ਕਿਧਰੇ ਵੇਖੇ ਨੂੰ,
ਸਾਹਾਂ ਵਿਚ ਰਵਾਨੀ ਜਿਸ ਦੀ ਬੁੱਲੀਆਂ ’ਤੇ ਮੁਸਕਾਨ ਜਿਹੀ।
ਹੁਣ ਤਾਂ ਉਹ ਵੀ ਸੱਜਣ ਮੈਨੂੰ ਸੱਜਣ ਰਹਿ ਗਏ ਲੱਗਦੇ ਨਹੀਂ,
ਕਹਿੰਦੇ ਹੁੰਦੇ ਸੀ ‘ਸੁਖਦੇਵ’ ਨੂੰ ਜੋ ਬੁੱਤ ਦੇ ਵਿਚ ਜਾਨ ਜਿਹੀ।
ਸੁਖਦੇਵ ਸਿੰਘ
ਸੰਪਰਕ-0091-6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly