ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਰੱਦ ਨਹੀਂ ਕਰੇਗਾ ਕੇਂਦਰ: ਆਜ਼ਾਦ

ਨਵੀਂ ਦਿੱਲੀ (ਸਮਾਜ ਵੀਕਲੀ): ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਆਸ ਪ੍ਰਗਟਾਈ ਹੈ ਕਿ ਕੇਂਦਰ ਚੋਣਾਂ ਤੋਂ ਪਹਿਲਾਂ ਮੁੱਖ ਸਿਆਸੀ ਪਾਰਟੀਆਂ ਦੀ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਸਬੰਧੀ ਮੰਗ ਨੂੰ ਰੱਦ ਨਹੀਂ ਕਰੇਗਾ।

ਲੰਘੇ ਵੀਰਵਾਰ ਇੱਥੇ ਜੰਮੂ ਕਸ਼ਮੀਰ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਇਕ 14 ਮੈਂਬਰੀ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਇਕ ਅਹਿਮ ਮੀਟਿੰਗ ਹੋਈ ਸੀ ਤੇ ਸ੍ਰੀ ਆਜ਼ਾਦ ਵੀ ਉਸ ਵਫ਼ਦ ਦਾ ਹਿੱਸਾ ਸਨ। ਸ੍ਰੀ ਆਜ਼ਾਦ ਨੇ ਕਿਹਾ ਕਿ ਗੱਲਬਾਤ ਦੀ ਪ੍ਰਕਿਰਿਆ ਸਿਰਫ਼ ਇਕ ਸ਼ੁਰੂਆਤ ਸੀ ਅਤੇ ਹੁਣ ਜੰਮੂ ਕਸ਼ਮੀਰ ਵਿਚ ਭਰੋਸਾ ਤੇ ਵਿਸ਼ਵਾਸ ਬਣਾਉਣਾ ਕੇਂਦਰ ’ਤੇ ਨਿਰਭਰ ਕਰਦਾ ਹੈ। ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਆਜ਼ਾਦ ਨੇ ਕਿਹਾ, ‘‘ਮੀਟਿੰਗ ਵਿਚ ਇਕ ਚੀਜ਼ ਜ਼ਰੂਰ ਸੀ ਕਿ ਹਰ ਕਿਸੇ ਨੂੰ ਖੁੱਲ੍ਹ ਕੇ ਬੋਲਣ ਲਈ ਕਿਹਾ ਗਿਆ। ਮੈਂ ਸੋਚਦਾ ਹਾਂ ਕਿ ਸਾਰੇ ਆਗੂ ਬਹੁਤ ਖੁੱਲ੍ਹ ਕੇ ਬੋਲੇ ਅਤੇ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਉੱਥੇ ਕਿਸੇ ਨੂੰ ਲੈ ਕੇ ਕੋਈ ਗ਼ਲਤ ਮਨਸ਼ਾ ਨਹੀਂ ਸੀ।’’

ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਮਨਜ਼ੂਰ ਨਹੀਂ ਹੈ ਅਤੇ ਉੱਥੇ ਬੈਠੇ ਹਰੇਕ ਸਿਆਸੀ ਆਗੂ ਨੇ ਇਸ ਗੱਲ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ। ਅਸੀਂ ਸਿਰਫ਼ ਇਹੋ ਚਾਹੁੰਦੇ ਹਾਂ ਕਿ ਪਹਿਲਾਂ ਜੰਮੂ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਬਹਾਲ ਕੀਤਾ ਜਾਵੇ, ਉਸ ਤੋਂ ਬਾਅਦ ਚੋਣਾਂ ਕਰਵਾਈਆਂ ਜਾਣ। ਹਾਲਾਂਕਿ, ਕੇਂਦਰ ਨੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਪਰ ਉੱਥੇ ਮੌਜੂਦ ਸਾਰੀਆਂ ਪਾਰਟੀਆਂ ਦੇ ਆਗੂਆਂ ਦਾ ਇਹੀ ਸਟੈਂਡ ਸੀ।’’

ਇਹ ਪੁੱਛੇ ਜਾਣ ’ਤੇ ਕਿ ਕੇਂਦਰ ਵੱਲੋਂ ਉਨ੍ਹਾਂ ਦੀ ਮੰਗ ਮੰਨੇ ਜਾਣ ਦੀ ਕਿੰਨੀ ਕੁ ਗੁੰਜਾਇਸ਼ ਹੈ, ਦੇ ਜਵਾਬ ਵਿਚ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ੍ਰੀ ਆਜ਼ਾਦ ਨੇ ਕਿਹਾ ਉਹ ਆਸਵੰਦ ਹਨ, ‘‘ਉਨ੍ਹਾਂ ਨੇ ਘੱਟੋ-ਘੱਟ ਨਾਂਹ ਨਹੀਂ ਕਹੀ। ਅਤੇ ਮੈਂ ਸੋਚਦਾ ਹਾਂ ਕਿ ਚੀਜ਼ਾਂ ਹੁਣ ਬਦਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਜਿੰਨਾ ਸਮਾਂ ਦਿੱਤਾ, ਪਿਛਲੀਆਂ ਚੀਜ਼ਾਂ ਨੂੰ ਭੁੱਲਣ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਮੀਟਿੰਗ ਵਿਚ ਚਿੰਤਾਵਾਂ ਤੇ ਮੁੱਦਿਆਂ ਨੂੰ ਸਮਝਣ ਦਾ ਮੌਕਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਚਾਹੁਣਗੇ ਕਿ ਸਿਆਸਤ ਉੱਥੇ ਮੌਜੂਦ ਸਿਆਸੀ ਪਾਰਟੀਆਂ ਵੱਲੋਂ ਕੀਤੀ ਜਾਵੇ ਤੇ ਉਹ ਸਹਿਯੋਗ ਕਰਨਗੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰਿਆਣਾ ਨੇ ਪਾਬੰਦੀਆਂ 5 ਜੁਲਾਈ ਤੱਕ ਵਧਾਈਆਂ
Next articleਜੰਮੂ ਕਸ਼ਮੀਰ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਕਦਮ ਚੁੱਕਣਗੇ ਮੋਦੀ: ਭਾਜਪਾ ਆਗੂ