ਵਾਹ ਨੀਂ ਸਰਕਾਰੇ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਕਿਤੇ ਹੜਤਾਲਾਂ ਕਿਤੇ ਨੇ ਧਰਨੇ,
ਵਾਹ ਨੀਂ ਸਰਕਾਰੇ ਤੇਰੇ ਸਦਕੇ।
ਕੁੱਝ ਨੀ ਪੱਲੇ ਪੈਂਦਾ ਏਥੇ ,
ਦਿਨੇ ਰਾਤ ਵੀ ਮਿਹਨਤ ਕਰਕੇ।
ਵਾਹ ਨੀਂ ਸਰਕਾਰੇ……
ਅਧਿਆਪਕ ਸਾਰੇ ਫਾਹੇ ਲਾਏ,
ਕੱਚੇ ਪੱਕੇ ਸੱਭ ਨੇ ਫਸਾਏ।
ਕੀ ਉਹ ਦੇਸ ਤਰੱਕੀ ਕਰ ਲਊ,
ਜਿੱਥੇ ਗੁਰੂ ਹੀ ਡੰਡੇ ਖਾਏ।
ਲੰਘਣਾ ਸਾਗਰ ਅਗਿਆਨਤਾ ਦਾ,
ਕਿਵੇਂ ਭਲਾ ਹੁਣ ਤਰਕੇ?
ਵਾਹ ਨੀਂ ਸਰਕਾਰੇ…..
ਦਫ਼ਤਰੀ ਕੰਮ ਨੇ ਸਾਰੇ ਬੰਦ,
ਸੁੱਟੇ ਉਹਨਾਂ ਵੀ ਸਾਰੇ ਸੰਦ।
ਹੱਕ ਉਹਨਾਂ ਦੇ ਮਰੇ ਪਏ,
ਕੀਤੀ ਉਹਨਾਂ ਵੀ ਆਵਾਜ਼ ਬੁਲੰਦ।
ਬਹੁਤਾ ਕਰ ਲਿਆ ਇੰਤਜ਼ਾਰ,
ਕਦੋਂ ਤੱਕ ਫ਼ਰੋਲਣ ਖ਼ਾਲੀ ਵਰਕੇ।
ਵਾਹ ਨੀਂ ਸਰਕਾਰੇ….
ਗੱਡੀਆਂ ਵਾਲੇ ਸੜਕਾਂ ਤੇ ਰੁਲ਼ਦੇ,
ਪੈਟ੍ਰੋਲ ਡੀਜ਼ਲ ਨਾਲ਼ ਘੋਲ਼ ਘੁਲਦੇ।
ਕਿੱਥੋਂ ਤਾਰਨ ਕਿਸ਼ਤਾਂ ਉਹ,
ਗੱਡੀਆਂ ,ਟਰੱਕ ਨੇ ਮਹਿੰਗੇ ਮੁੱਲ ਦੇ।
ਬੰਦ ਕਰ ਸਾਰੀ ਆਵਾਜਾਈ ਉਹ,
ਚਾਬੀਆਂ ਰੱਖਣਗੇ ਤੇਰੇ ਦਰ ਤੇ।
ਵਾਹ ਨੀਂ ਸਰਕਾਰੇ….
ਬੱਚਿਆਂ ਦੀ ਪੜ੍ਹਾਈ ਰੁਲ਼ ਗਈ,
ਔਰਤਾਂ ਦੀ ਇੱਜਤ ਤੁੱਲ ਗਈ।
ਨੌਜਵਾਨਾਂ ਦਾ ਭਵਿੱਖ ਕੋਈ ਨਾ,
ਵਾਅਦੇ ਕਰਕੇ ਸਾਰੇ ਭੁੱਲ ਗਈ।
ਤੇਰੀ ਥਾਂ ਤੈਨੂੰ ਯਾਦ ਕਰਾਉਣੀ,
ਬੈਠਣਗੇ ਨਹੀਂ ਹੁਣ ਹਰ ਕੇ।
ਵਾਹ ਨੀਂ ਸਰਕਾਰੇ…..
ਕਿਸਾਨ ਮਜ਼ਦੂਰ ਪਹਿਲੋਂ ਹੀ ਦੁਖੀ,
ਪਤਾ ਨਹੀ ਕਦੋਂ ਹੋਣਾ ਈ ਸੁਖੀ ।
ਸਾਰਾ ਜੱਗ ਹੈ ਨਾਲ਼ ਉਹਨਾਂ ਦੇ,
ਤੈਥੋਂ ਕਿਹੜਾ ਗੱਲ ਕੋਈ ਲੁਕੀ ?
ਛੱਡ ਜੇ ਰਾਜ ਨਹੀਂ ਰਾਸ ਤੈਨੂੰ,
ਦੇਖ਼ ਲੈ ਇਹੀ ਭਲਾ ਕਰਕੇ।
ਵਾਹ ਨੀਂ ਸਰਕਾਰੇ…..
ਹਰ ਵਰਗ ਹੀ ਪਰੇਸ਼ਾਨ ਹੈ,
ਭਾਰਤ ਦੀ ਕਿੱਥੇ ਗਈ ਸ਼ਾਨ ਹੈ?
ਮਰਦੇ ,ਹਰਦੇ ,ਫ਼ਿਰਦੇ ਸਾਰੇ,
ਮੁੱਠੀ ਦੇ ਵਿੱਚ ਆਈ ਜਾਨ ਹੈ।
ਜੇ ਵਿਦੇਸ਼ੀਆਂ ਨੂੰ ਦਿੱਤਾ ਸੀ ਭਜਾ,
ਸੋਚੀਂ ਨਾਂ ਰਹਿ ਜਾਣਗੇ ਤੈਥੋਂ ਡਰ ਕੇ।
ਵਾਹ ਨੀਂ ਸਰਕਾਰੇ….

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਿੰਗਾਈ
Next articleਜ਼ਿੰਦਗੀ