ਗਵਾਲੀਅਰ (ਸਮਾਜ ਵੀਕਲੀ): ਭਾਜਪਾ ਦੇ ਰਾਜ ਸਭਾ ਮੈਂਬਰ ਜਿਓਤਿਰਾਦਿੱਤਿਆ ਸਿੰਧੀਆ ਨੇ ਆਪਣੀ ਸਾਬਕਾ ਸਿਆਸੀ ਪਾਰਟੀ ਕਾਂਗਰਸ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਸ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਹੈ ਤਾਂ ਉਹ ਨਵੇਂ ਸਿਰੇ ਤੋਂ ਯਤਨ ਵਿੱਢੇ ਤੇ ਆਪਣਾ ਨਾਮ ਤਬਦੀਲ ਕਰੇ। ਸਿੰਧੀਆ, ਜੋ ਮਾਰਚ 2020 ਵਿੱਚ ਭਾਜਪਾ ’ਚ ਸ਼ਾਮਲ ਹੋ ਗਏ ਸਨ, ਨੇ ਉਪਰੋਕਤ ਟਿੱਪਣੀ ਕੁਝ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਦੇ ਪਿੱਤਰੀ ਜ਼ਿਲ੍ਹੇ ਗਵਾਲੀਅਰ ਦਾ ਨਾਮ ਤਬਦੀਲ ਕਰਨ ਸਬੰਧੀ ਹਾਲੀਆ ਮੰਗ ਦੇ ਸੰਦਰਭ ਵਿੱਚ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਕੀਤੀਆਂ।
ਉਨ੍ਹਾਂ ਕਿਹਾ, ‘ਜੇਕਰ ਨਾਂ ਤਬਦੀਲੀ ਦਾ ਇੰਨਾ ਹੀ ਸ਼ੌਕ ਹੈ, ਤਾਂ ਕਾਂਗਰਸ ਨੂੰ ਪਹਿਲਾਂ ਆਪਣੀ ਪਾਰਟੀ ਦਾ ਨਾਮ ਬਦਲਣਾ ਚਾਹੀਦਾ ਹੈ ਤੇ ਫਿਰ ਲੋਕਾਂ ਕੋਲ ਜਾ ਕੇ…ਉਨ੍ਹਾਂ ਦੇ ਦਿਲਾਂ ’ਚ ਥਾਂ ਬਣਾਉਣੀ ਚਾਹੀਦੀ ਹੈ।’ ਚੇਤੇ ਰਹੇ ਕਿ ਕੁਝ ਸਥਾਨਕ ਕਾਂਗਰਸੀ ਆਗੂ ਗਵਾਲੀਅਰ ਦਾ ਨਾਮ ਮਹਾਰਾਣੀ ਲਕਸ਼ਮੀ ਬਾਈ ਨਗਰ ਰੱਖੇ ਜਾਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਸਿੰਧੀਆ ਦੀ ਸੁਰੱਖਿਆ ਵਿੱਚ ਅਣਗਹਿਲੀ ਵਰਤੇ ਜਾਣ ਕਰਕੇ ਦੋ ਜ਼ਿਲ੍ਹਿਆਂ ਨਾਲ ਸਬੰਧਤ 14 ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਿੰਧੀਆ ਦੀ ਸੁਰੱਖਿਆ ਵਿੱਚ ਅਣਗਹਿਲੀ ਐਤਵਾਰ ਰਾਤ ਨੂੰ ਸਾਹਮਣੇ ਆਈ, ਜਦੋਂ ਉਹ ਦਿੱਲੀ ਤੋਂ ਗਵਾਲੀਅਰ ਆ ਰਹੇ ਸਨ। ਮੁਅੱਤਲ ਕੀਤੇ ਪੁਲੀਸ ਮੁਲਾਜ਼ਮਾਂ ’ਚੋਂ 9 ਮੋਰੈਨਾ ਤੇ ਪੰਜ ਗਵਾਲੀਅਰ ਜ਼ਿਲ੍ਹੇ ਨਾਲ ਸਬੰਧਤ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly