ਫੁੱਫੜਨਾਮਾ

ਡਾ. ਸਵਾਮੀ ਸਰਬਜੀਤ

(ਸਮਾਜ ਵੀਕਲੀ)

ਪੰਜਾਬੀ ਸੱਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਬੰਧ ਪ੍ਰਣਾਲੀ ਵਿੱਚ ‘ਫੁੱਫੜ` ਦਾ ਸਥਾਨ ਬਿਲਾ ਸ਼ਕ-ਉ-ਸ਼ੁਬਾ ਸਿਰਮੌਰ ਹੈ, ਇਹ ਇੰਝ ਹੈ ਜਿਵੇਂ ਮੁਰਗੀਆਂ ਦੇ ਖੁੱਡੇ ਵਿੱਚ ਕਲਗੀ ਵਾਲ਼਼ੇ ਕਾਲ਼ੇ ਕੁੱਕੜ ਦੀ ਹੋਂਦ। ਫੁੱਫੜ ਦਾ ਰਿਸ਼ਤਾ ਇਸ ਲਈ ਵੀ ਸਿਰਮੌਰ ਹੈ ਜੇ ਫੁੱਫੜ ਨਾ ਹੁੰਦਾ ਤਾਂ ਭੂਆ ਕਿਹਦੇ ਨਾਲ਼ ਵਿਆਂਹੁਦੇ। ਰਿਸ਼ਤਿਆਂ ਦੀ ਕੜੀ ਵਿੱਚ ਫੁੱਫੜ ਕਿੰਨਾ ਕੁ ਘੈਂਟ ਹੈ ਇਹ ਜਾਨਣਾ ਹੋਵੇ ਤਾਂ ਦੀਵੇ ਸਾਹਵੇਂ ਖਲੋ ਕੇ ‘ਫੁੱਫੜ` ਆਖ ਕੇ ਦੇਖੋ। ਫੁੱਫੜ ਆਖਦਿਆਂ ਤਾਂ ਦੀਵੇ ਦੀ ਬੱਤੀ ਗੁੱਲ ਹੋ ਜਾਂਦੀ ਹੈ ਫੇਰ ਹੋਰਾਂ ਦੀ ਤਾਂ ਰੱਬ ਖ਼ੈਰ ਈ ਕਰੇ। ਉਂਝ ਤਾਂ ਪੰਜਾਬੀ ਧੁਨੀ ਵਿਉਂਤ ਅਨੁਸਾਰ ਵਿਅੰਜਨ ‘ਫ` ਹੋਂਠੀ, ਡੱਕਵਾਂ, ਅਨਾਦੀ ਤੇ ਮਹਾਂਪ੍ਰਾਣ ਧੁਨੀ ਹੈ ਪਰ ‘ਫੁੱਫੜ` ਸ਼ਬਦ ਵਿਚਲਾ ‘ਫ` ਤੇ ਉਹ ਵੀ ਦੂਹਰਾ, ਫੁੱਫੜ ਦੀ ਫੌਲਾਦੀ ਸ਼ਖ਼ਸੀਅਤ ਦੇ ਨਕਸ਼ ਕਈ ਰੂਪਾਂ ਵਿੱਚ ਨਿਖਾਰਦਾ ਹੈ। ‘ਫ` ਦੀ ਅਜਿੱਤ ਸ਼ਕਤੀਆਂ ਨਾਲ਼ ਲੈੱਸ ਫੁੱਫੜ ਸ਼ੈਅ ਕੀ ਹੈ ! ਆਓ ਤੁਹਾਡੇ ਰੋਸ਼ਨ ਦਿਮਾਗ਼ਾਂ ਨੂੰ ਹੋਰ ਰੋਸ਼ਨ ਕਰੀਏ…

**ਫੁੱਫੜ ਦਾ ਫੰਡਾ
ਫੰਡਾ ਇਹ ਨਹੀਂ ਕਿ ਮੁਰਗੀ ਪਹਿਲਾਂ ਆਈ ਜਾਂ ਅੰਡਾ, ਫੰਡਾ ਇਹ ਹੈ ਕਿ ਫੁੱਫੜ ਕੌਣ ਹੁੰਦੈ, ਕਿਵੇਂ ਹੁੰਦੈ ਤੇ ਕਿਉਂ ਹੁੰਦੈ ? ‘ਭੂਆ ਦੇ ਘਰਵਾਲ਼਼ੇ ਨੂੰ ਫੁੱਫੜ ਕਹਿੰਦੇ ਹਨ।` ਇਹ ਫੁੱਫੜ ਦੀ ਸਧਾਰਨ ਪਰਿਭਾਸ਼ਾ ਹੈ ਜਿਹਦੇ ਨਾਲ਼ ਕਿ ਫੁੱਫੜ ਦੇ ਅਸਲ ਅਹੁਦੇ, ਰੁਤਬੇ ਤੇ ਲੁਕੀਆਂ (ਗੁੱਝੀਆਂ) ਸ਼ਕਤੀਆਂ ਦਾ ਪ੍ਰਗਟਾਵਾ ਨਹੀਂ ਹੁੰਦਾ। ਫੁੱਫੜ ਕੇਵਲ ਭੂਆ ਦਾ ਘਰਵਾਲ਼਼ਾ ਜਾਂ ਭੂਆ ਦੇ ਬੱਚਿਆਂ ਦਾ ਪਿਓ ਹੀ ਨਹੀਂ ਹੁੰਦਾ ਸਗੋਂ ਆਪਣੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਵੀ ਪਿਓ ਹੁੰਦਾ ਹੈ। ਉਹ ਇੱਕੋ ਵੇਲ਼ੇ ਅਨੇਕ ਅਹੁਦਿਆਂ `ਤੇ ਬਿਰਾਜਮਾਨ ਹੁੰਦਾ ਹੈ ਜਿਵੇਂ ਘਰਵਾਲ਼਼ਾ (ਭੂਆ ਦਾ), ਜਵਾਈ (ਸਹੁਰਿਆਂ ਦਾ), ਪ੍ਰਹੁਣਾ (ਸਾਰੇ ਪਿੰਡ ਦਾ), ਸਾਢੂ (ਆਪਣੀ ਸਾਲ਼ੀ ਦੇ ਘਰਵਾਲ਼ੇ਼ ਦਾ ਜਾਂ ਆਪਣੀ ਘਰਵਾਲ਼਼ੀ ਦੇ ਜੀਜੇ ਦਾ), ਮਾਸੜ (ਆਪਣੀ ਸਾਲ਼ੀ ਦੇ ਜੁਆਕਾਂ ਦਾ), ਫੁੱਫੜ (ਆਪਣੇ ਸਾਲ਼ੇ ਦਾ ਜੁਆਕਾਂ ਦਾ)…।

ਇਨ੍ਹਾਂ ਸਾਰਿਆਂ ਅਹੁਦਿਆਂ ਵਿੱਚੋਂ ਫੁੱਫੜ ਦਾ ਰੁਤਬਾ ਹੀ ਉਸ ਦਾ ਮਨਭਾਉਂਦਾ ਰਿਸ਼ਤਾ ਹੈ (ਕਿਉਂਕਿ ਇਸ ਰੁਤਬੇ ਪਿੱਛੇ ਤਾਕਤ ਹੈ, ਅਧਿਕਾਰ ਹੈ, ਰੋਹਬ ਹੈ, ਦਾਬਾ ਹੈ…) ਇੱਕੋ ਸਮੇਂ, ਇੱਕੋ ਪਰਿਵਾਰ ਵਿੱਚ ਉਹ ਮਾਸੜ ਵੀ ਹੁੰਦਾ ਹੈ ਪਰ ਮਾਸੜ ਹੋਣਾ (ਸਾਲ਼ੀ ਨੂੰ ਅੱਧੇ ਘਰਵਾਲ਼਼ੀ ਤੋਂ ਅੱਧੀ ਘਰਵਾਲ਼਼ੀ ਬਣਾਣ ਦੇ ਇੱਛੁਕ ਯਥਾਰਥ ਤੱਕ ਹੀ ਸੁਆਦਲਾ ਹੁੰਦਾ ਹੈ) ਉਹ ਦੇ ਲਈ ਕਿਸੇ ਵਿਭਾਗ ਦਾ ਵਾਧੂ ਅਹੁਦਾ ਮਿਲਣ ਜਿਹਾ ਹੈ ਜਿਹਦੇ ਫਰਜ਼ ਬਹੁਤੇ ਨੇ ਤੇ ਅਧਿਕਾਰ ਨਾ-ਮਾਤਰ। ਸੋ ਉਹ ਫੁੱਫੜ ਬਣ ਕੇ ਹੀ ਖੁਸ਼ ਹੈ ਤੇ ਸਾਰੀ ਉਮਰ ਫੁੱਫੜ ਹੀ ਬਣਿਆ ਰਹਿਣਾ ਚਾਹੁੰਦਾ ਹੈ।

**ਫੱਟੇ ਚੱਕ ਫੁੱਫੜ
ਉਹ ਫੁੱਫੜ ਹੀ ਨਹੀਂ ਜਿਹੜਾ ‘ਫੱਟੇ ਚੱਕ` ਨਾ ਹੋਵੇ। ਇੱਥੇ ‘ਫੱਟੇ ਚੱਕ` ਸ਼ਬਦ, ਲੱਕੜ ਦੇ ਫੱਟੇ ਚੁੱਕਣ ਦੇ ਸ਼ਾਬਦਿਕ ਅਰਥਾਂ ਤੱਕ ਸੀਮਿਤ ਨਹੀਂ। ਇੱਥੇ ‘ਫੱਟੇ ਚੱਕਣ` ਤੋਂ ਭਾਵ ਹੈ ‘ਸੱਚੀ-ਮੁੱਚੀਂ ਦੇ ਫੱਟੇ ਚੱਕਣਾ`। ਕੁੱਲ ਮਿਲਾ ਕੇ ਫੁੱਫੜ ਦਾ ਪਹਿਲਾ ਤੇ ਆਖ਼ਰੀ ਕੰਮ ਫੱਟੇ ਚੱਕਣਾ ਹੀ ਹੁੰਦਾ ਹੈ। (ਫੁੱਫੜ ਦੇ ਚੱਕੇ ਗਏ ਫੱਟਿਆਂ ਨੂੰ ਧਰਨ-ਧਰਾਣ ਦੀ ਪੂਰੀ ਜ਼ਿੰਮੇਵਾਰੀ ਉਹਦੇ ਸਹੁਰੇ ਪਰਿਵਾਰ ਦੀ ਹੁੰਦੀ ਹੈ)। ਫੁੱਫੜ ਰੂਪੀ ਜਵਾਈ ਦੇ ਸਾਲਿ਼ਆਂ ਨੂੰ ਚੱਕੇ ਗਏ ਫੱਟੇ ਫੜਨ ਲਈ ਸਦਾ ਹੀ ਪੱਬਾਂ ਭਾਰ ਰਹਿਣਾ ਪੈਂਦਾ ਹੈ। ਸਹੁਰੇ ਘਰ ਫੁੱਫੜ ਨੂੰ ਦਾਰੂ ਨਾ ਮਿਲੇ ਤਾਂ ਭੂਆ ਨੂੰ ਗਾਲ਼ਾਂ ਕੱਢਦਾ ਹੈ ਤੇ ਜੇ ਮਿਲ ਜਾਵੇ ਤਾਂ ਫੇਰ ਭੂਆ ਦੇ ਸਾਰੇ ਪੇਕਿਆਂ ਨੂੰ। ਅਖੇ ਘਰੋਂ ਘਰ ਗੁਆਇਆ, ਬਾਹਰੋਂ ਭੜੂਆ ਅਖਵਾਇਆ। ਦਾਰੂ ਦੀ ਬੋਤਲ ਦਾ ਡੱਟ ਪੱਟਦਿਆਂ ਹੀ ਫੱਟੇ ਚੱਕਣ ਦਾ ਰਸਮੀ ਉਦਘਾਟਨ ਹੋ ਜਾਂਦਾ ਹੈ।

ਰਾਤੀਂ ਦਾਰੂ ਪੀਣ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ, ਆਂਢ-ਗੁਆਂਢ ਤੇ ਫੇਰ ਪੂਰੇ ਪਿੰਡ ਨੂੰ ਗਾਲ਼ਾਂ ਕੱਢਣੀਆਂ, ਫੱਟੇ ਚੱਕਣ ਦਾ ਪਹਿਲਾ ਸਬੂਤਾ ਕਦਮ ਹੈ। ਜਿਸ ਵੇਲ਼ੇ ਫੁੱਫੜ ਸਾਰਿਆਂ ਦੀ ‘ਮਾਂ-ਭੈਣ` ਇੱਕ ਕਰ ਰਿਹਾ ਹੁੰਦਾ ਹੈ, ਓਸੇ ਵੇਲ਼ੇ ਪਿੰਡ ਦੀਆਂ ਗਲ਼ੀਆਂ ਦੇ ਲੰਡਰ ਕੁੱਤੇ ਵੀ ਜਿਦ ਜਿਦ ਕੇ ਭੌਂਕ ਰਹੇ ਹੁੰਦੇ ਨੇ। ਨਾ ਕੁੱਤੇ ਭੌਂਕਣੌਂ ਹਟਦੇ ਨੇ ਤੇ ਨਾ ਫੁੱਫੜ। ਫੇਰ ਗਾਲ਼ਾਂ ਕਢਦੇ ਫੁੱਫੜ ਨੂੰ ਭੂਆ ਵੱਲੋਂ ਰੋਕੇ ਜਾਣ `ਤੇ ਫੁੱਫੜ ਵੱਲੋਂ ਭੂਆ ਦੀ ਹੀ ਖੜਕੈਂਤੀ ਕਰਨ ਦੀ ਤਿਆਰੀ ਤੋਂ ਰੋਕ ਰਹੇ ਸਾਲਿ਼ਆਂ ਨੂੰ ਵੀ ਵਿੱਚੇ ਪੜੇਥਣ ਲੱਗ ਜਾਣਾ, ਫੱਟੇ ਚੱਕਣ ਦਾ ਦੂਸਰਾ ਕਦਮ ਸਾਬਿਤ ਹੁੰਦਾ ਹੈ। ਫੇਰ ਫੁੱਫੜ ਦਾ ਸਾਰੇ ਸਹੁਰੇ ਪਰਿਵਾਰ ਨਾਲੋਂ ਰੁੱਸ ਕੇ ਘਰੋਂ ਬਾਹਰ ਨਿਕਲ ਜਾਣਾ, ਸਾਰੇ ਟੱਬਰ ਦਾ ਉਸ ਦੇ ਪਿੱਛੇ ਭੱਜਣਾ, ਪਿੰਡ ਵਚਾਲ਼ੇ ਜਾ ਕੇ ਫੁੱਫੜ ਵੱਲੋਂ ਪਿੰਡ ਨੂੰ ਵੰਗਾਰਨਾ, ਕਈਆਂ ਨਾਲ਼ ਸਿੰਗ ਫਸਾ ਕੇ ਅੰਤ ਨੂੰ ਛਿੱਤਰ ਖਾ ਲੈਣਾ ਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਵੱਲੋਂ ਮਾਫ਼ੀਆਂ ਮੰਗ ਕੇ ਫੁੱਫੜ ਨੂੰ ਛੁਡਾ ਕੇ ਲਿਆਉਣਾ, ‘ਫੱਟੇ ਚੱਕੇ ਜਾਣ` ਦਾ ਸੈਕਿੰਡ ਲਾਸਟ ਕਦਮ ਹੁੰਦਾ ਹੈ।

ਸਹੁਰੇ ਘਰ ਮੁੜ ਆਉਣ `ਤੇ ਫੁੱਫੜ ਰੂਪੀ ਜਵਾਈ ਵੱਲੋਂ ਸਾਰੇ ਸਹੁਰੇ ਪਰਿਵਾਰ ਨੂੰ ਗੀਦੀ ਆਖ ਕੇ ਭੰਡਣਾ ਤੇ ਆਪਣੀਆਂ ਕਾਰਗੁਜ਼ਾਰੀਆਂ ਸਦਕੇ ਖਾਧੇ ਛਿੱਤਰਾਂ ਲਈ ਵੀ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਹੀ ਛੱਟਣਾ, ‘ਫੱਟੇ ਚੱਕ ਕੇ ਧਰੇ ਜਾਣ` ਦੀ ਕ੍ਰਿਆ ਦਾ ਆਖ਼ਰੀ ਪੜਆ ਹੁੰਦਾ ਹੈ। ਮਜ਼ੇਦਾਰ ਤੇ ਨਾ-ਹੈਰਾਨ ਕਰਨਯੋਗ ਗੱਲ ਇਹ ਹੈ ਕਿ ਫੁੱਫੜ ਜਦੋਂ ਵੀ ਆਪਣੇ ਸਹੁਰੇ ਘਰ ਆਉਂਦਾ ਹੈ ਤਾਂ ਇਹ ਵਰਤਾਰਾ ਕਿਸੇ ਅਟੱਲ ਸੱਚਾਈ ਵਾਂਗ ਮਸ਼ੀਨੀ-ਰੂਪ ਵਿੱਚ ਵਿਧੀਵਤ ਹਰੇਕ ਵਾਰੀ ਦੁਹਰਾਇਆ ਜਾਂਦਾ ਹੈ।

** ਫੁੱਸ ਫੁੱਫੜ
ਫੁੱਫੜ ਉਹ ਵੀ ਫੁੱਸ, ਹੋ ਹੀ ਨਹੀਂ ਸਕਦਾ ਪਰ ਕਈ ਵਾਰ ਬੰਦੇ ਸਾਊ ਵੀ ਹੁੰਦੇ ਨੇ ਤੇ ਕਈ ਵਾਰ ਫੁੱਫੜ ਦਾ ਅਹੁਦਾ ਬਦਲ ਵੀ ਜਾਂਦਾ ਹੈ। (ਫੁੱਫੜ ਦੀਆਂ ਵੀ ਤਾਂ ਭੈਣਾਂ ਹੋ ਸਕਦੀਆਂ ਨੇ, ਉਨ੍ਹਾਂ ਭੈਣਾਂ ਦੇ ਵੀ ਤਾਂ ਘਰਵਾਲ਼਼ੇ ਹੁੰਦੇ ਹੋਣਗੇ ਜਿਹੜੇ ਫੁੱਫੜ ਦੇ ਜੀਜੇ ਲਗਦੇ ਹੋਣਗੇ ਤੇ ਆਪਣੀਆਂ ਭੈਣਾਂ ਦੇ ਘਰਵਾਲਿ਼ਆਂ ਦਾ ਤਾਂ ਫੁੱਫੜ ਸਾਲ਼ਾ ਹੀ ਲਗਦਾ ਹੋਵੇਗਾ। ਫੇਰ ਸਾਲਿ਼ਆਂ ਨਾਲ਼ ਕੀ ਬਣਦੀ ਹੁੰਦੀ ਐ ਇਹ ਤਾਂ ਤੁਹਾਨੂੰ ਪਤਾ ਈ ਐ।) ਜਦੋਂ ਫੁੱਫੜ ਸਾਲ਼ਾ ਬਣ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਜੇਕਰ ਫੁੱਫੜ, ਫੁੱਫੜ ਹੁੰਦਿਆਂ ਹੋਇਆਂ ਵੀ ਫੁੱਸ ਹੋਵੇ ਤਾਂ ਅਨੇਕ ਗੱਲਾਂ ਸਿਰ ਚੁੱਕ ਲੈਂਦੀਆਂ ਨੇ ਜਿਵੇਂ ਕਹਿਣ ਵਾਲ਼਼ੇ ਤਾਂ ਕਹਿ ਹੀ ਦਿੰਦੇ ਨੇ “ਬੰਦੇ `ਚ ਈ ਤੰਤ ਨ੍ਹੀ ਹੈਗਾ” ਜਾਂ “ਕੋਈ ਕਾਣ ਹੋਊ” ਜਾਂ “ਸਹੁਰਿਆਂ ਦਾ ਬਾਹਲ਼ਾ ਦਾਬਾ ਐ” ਜਾਂ “ਘਰਆਲ਼ੀ ਨੇ ਨੂੜ ਕੇ ਰੱਖਿਆ ਹੋਇਐ” ਵਗੈਰਾ ਵਗੈਰਾ। ਜਿੰਨੇ ਮੂੰਹ ਘੱਟੋ ਘੱਟ ਓਨੀਆਂ ਗੱਲਾਂ। ਅਜਿਹੀਆਂ ਗੱਲਾਂ ਸੁਣ ਕੇ ਕਈ ਵਾਰ ਤਾਂ ‘ਫੁੱਸ ਫੁੱਫੜ` ਵੀ ਸੁੱਬੀ ਵਾਲ਼਼ਾ ਬੰਬ ਬਣ ਜਾਂਦੈ। ਜਦੋਂ ਫੁੱਸ ਪਟਾਕਾ ਚਲਦੈ ਤਾਂ ਅਨੇਕ ਮੂੰਹ ਦੀਆਂ ਅਨੇਕ ਗੱਲਾਂ ਦੇ ਵੀ ਮੂੰਹ ਖਿੜ ਜਾਂਦੇ ਨੇ। ਸੋ ਫੁੱਫੜ ਦਾ ਫੁੱਸ ਹੋਣਾ ਫੁੱਫੜ ਲਈ ਸ਼ਰਾਪ ਹੈ ਵਰਦਾਨ ਨਹੀਂ।

**ਫੁੱਫੜ ਦੀ ਫੂੰ-ਫਾਂ ਤੇ ਫੁਕਰੀ
‘ਫੁਕਰਾ ਫੁੱਫੜ` ਹੋਣਾ ਖ਼ਾਸੀਅਤ ਹੀ ਨਹੀਂ, ਜ਼ਰੂਰਤ ਵੀ ਹੈ। ਫੁੱਫੜ ਹੋਵੇ ਤੇ ਫੁਕਰਾ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ (ਵੈਸੇ ਹੋਣਾ ਚਾਹੀਦਾ ਵੀ ਨਹੀਂ)। ਇਹ ਫੁੱਫੜ ਦਾ ਫੁਕਰਪੁਣਾ ਹੀ ਹੈ ਕਿ ਉਹ ਦਾਰੂ ਦੇ ਸਰੂਰ ਵਿੱਚ ਆਪਣੀਆਂ ਸਾਲ਼ੀਆਂ ਨੂੰ ਦਿਖਾਉਣ ਲਈ, ਨਚਾਰਾਂ ਤੋਂ ਕਰਾਰੇ ਨੋਟ ਵਾਰਦੈ ਅਤੇ ਕਰਾਰੀ ਚਪੇੜ ਉਹ ਨੂੰ ਉਦੋਂ ਵੱਜਦੀ ਹੈ ਜਦੋਂ ਖਾਲੀ ਹੋਏ ਬਟੂਏ ਨੂੰ ਦੇਖ ਕੇ ਤੋਰੀ ਆਂਗੂੰ ਮੂੰਹ ਲਮਕਾ ਲੈਂਦਾ ਹੈ। ਉਹਨੂੰ ਪੂਰਾ ਸ਼ੱਕ ਹੁੰਦੈ ਕਿ ਕੋਈ ਉਸ ਦੇ ਬਟੂਏ `ਤੇ ਕਿਸੇ ਨੇ ਹੱਥ ਸਾਫ਼ ਕਰ ਦਿੱਤੈ। (ਵਿਚਾਰਾ ਨਿੰਮੋਝੂਣਾ ਹੋਇਆ ਕਿਸੇ ਨੂੰ ਦਸਦਾ ਵੀ ਨਹੀਂ, ਇਸੇ ਕਰਕੇ ਅਗਲੇ ਦਿਨ ਬਰਾਤ ਨਾ ਜਾਣ ਦਾ ਢਕਵੰਜ ਵੀ ਰਚਦਾ ਹੈ।)

ਵਿਆਹ ਵਿੱਚ ਜਿਹੜਾ ਬੰਦਾ ਤੁਹਾਨੂੰ ਫੁੱਲ ਸਪੀਡ ਵਿੱਚ ਤੁਰਿਆ ਫਿਰਦਾ, ਦੂਸਰਿਆਂ ਨੂੰ ਹਿਦਾਇਤਾਂ ਦਿੰਦਾ, ਕੰਮਾਂ-ਕਾਰਾਂ ਕਰਕੇ ਹੋਰਨਾਂ ਨੂੰ ਝਿੜਕਦਾ ਦਿਸੇ ਤਾਂ ਸਮਝ ਜਾਣਾ ਕਿ ਉਹ ਇਸ ਵਿਆਹ ਵਿਚਲਾ ਸਭ ਤੋਂ ਵਿਹਲਾ ਬੰਦਾ ਹੈ ਅਤੇ ਸੌ ਵਿੱਚੋਂ ਸੌ ਪ੍ਰਤੀਸ਼ਤ ਇਹ ਫੁੱਫੜ ਹੀ ਹੁੰਦਾ ਹੈ। ਫੁੱਫੜ ਰੂਪੀ ਜਵਾਈ ਦੇ ਫੁਕਰਪੁਣੇ ਨੂੰ ਪੱਠੇ ਪਾਉਣ ਲਈ ਉਹਦੇ ਸਹੁਰੇ ਉਹਨੂੰ ਅਜਿਹੇ ਕੰਮ ਸੌਂਪ ਦਿੰਦੇ ਹਨ ਜਿਹੜੇ ਕੰਮਾਂ ਦੇ ਹੋਣ ਜਾਂ ਨਾ ਹੋਣ ਨਾਲ਼ ਕੋਈ ਫਰਕ ਨਹੀਂ ਪੈਂਦਾ। ਉਦਾਹਰਣ ਵਜੋਂ, ਵਿਆਹ ਵਿੱਚ ਬੈਰਿਆਂ ਦੀ ਗਿਣਤੀ ਕਰਨਾ (ਫੁੱਫੜ ਨੂੰ ਇਹ ਦੱਸਿਆ ਜਾਂਦਾ ਹੈ ਕਿ ਓਨੇ ਬੈਰੇ ਨਹੀਂ ਭੇਜੇ ਗਏ ਜਿੰਨਿਆਂ ਦੀ ਗੱਲ ਹੋਈ ਸੀ। ਜੇ ਆਪਾਂ ਇਨ੍ਹਾਂ ਦੀ ਸਹੀ ਗਿਣਤੀ ਕਰ ਲਈਏ ਤਾਂ ਵਾਧੂ ਦੱਸੇ ਗਏ ਬੈਰਿਆਂ ਦੇ ਪੈਸੇ ਬਚਾਲਾਂਗੇ।) ਵਿਆਹ ਵਿੱਚ ਕੰਮ-ਕਾਰ ਕਰਦੇ ਤੁਰੇ-ਫਿਰਦੇ ਵਰਤਾਵਿਆਂ/ਬੈਰਿਆਂ ਦੀ ਗਿਣਤੀ ਕਰਨਾ, ਤੱਕੜੀ ਵਿੱਚ ਡੱਡੂ ਤੋਲਣ ਵਰਗਾ ਹੀ ਕੰਮ ਹੰਦਾ ਹੈ।

ਨਾ ਡੱਡੂ ਤੁਲਦੇ ਨੇ ਤਾਂ ਨਾ ਹੀ ਫੁੱਫੜ ਤੋਂ ਵਿਆਹ ਵਿੱਚ ਬੈਰੇ ਗਿਣੇ ਜਾਂਦੇ ਨੇ ਪਰ ਫੇਰ ਵੀ ਫੁੱਫੜ 1-2 ਦਾ ਫ਼ਰਕ ਤਾਂ ਕੱਢ ਈ ਦਿੰਦਾ ਹੈ ਅਤੇ ਸਹੁਰੇ ਘਰ ਵਿਚਲੇ ਅਗਲੇ ਵਿਆਹ ਤੱਕ (ਭਾਵੇਂ ਸਾਲ ਬਾਅਦ ਹੋਵੇ ਜਾਂ ਦਸ ਸਾਲ ਬਾਅਦ) ਪਿਛਲੇ ਵਿਆਹ ਦੀ ਆਪਣੀ ਇਸ ਪ੍ਰਾਪਤੀ (ਭਾਵ ਬੈਰਿਆਂ ਦੀ ਅਸਲ ਗਿਣਤੀ) ਨੂੰ ਹਜ਼ਾਰ ਵਾਰੀ ਸੁਣਾ ਦਿੰਦਾ ਹੈ ਅਖੇ, “ਉਹ ਸਾਲ਼ੇ ਤਾਂ ਚੂਨਾ ਲਾਉਣ ਨੂੰ ਫਿਰਦੇ ਸੀ। ਭੇਜ ਕੇ 98 ਬੈਰੇ ਸਾਨੂੰ ਕਹਿੰਦੇ 99 ਆਂ। ਨਾ ਸਾਲਿ਼ਓ ਸਾਡੇ ਵੀ ਅੱਖਾਂ ਨੇ ਕੋਈ ਟਿੱਚ ਬਟਣ ਨਹੀਂ… ਫੜਲੀ ਸੀ ਨਾ ਫੇਰ ਚੋਰੀ…” ਫੁੱਫੜ ਦੀ ‘ਇੱਕ ਵੇਟਰ ਘੱਟ` ਦੀ ਥਿਊਰੀ ਨੂੰ ਸਹੁਰੇ ਵੀ ਪੂਰੀ ਤੂਲ ਦੇਈਂ ਰੱਖਦੇ ਹਨ (ਤੇ ਫੁੱਫੜ ਨੂੰ ਫੂਕ) ਅਤੇ ਫੁੱਫੜ ਦਾ ਅਹੁਦਾ ਬਰਕਰਾਰ ਰਹਿੰਦਾ ਹੈ।

**ਫੁੱਫੜ ਦਾ ਫ਼ਿਕਰ
ਸਾਰੇ ਅਸਤਰ-ਸ਼ਸਤਰ, ਬ੍ਰਹਮ ਅਸਤਰੀ ਸ਼ਕਤੀਆਂ ਨਾਲ਼ ਲੈੱਸ ਫੁੱਫੜ ਦੀ ਜਰਨੈਲੀ ਸ਼ਖ਼ਸੀਅਤ ਪਿੱਛੇ ‘ਫੁੱਫੜ ਦੇ ਫ਼ਿਕਰ` ਦੀ ਇੱਕ ਚੋਰ-ਮੋਰੀ ਵੀ ਹੁੰਦੀ ਹੈ। ਇਸ ਚੋਰ-ਮੋਰੀ ਵਿੱਚ ਸੰਨ੍ਹ ਲਾਉਣ ਵਾਲ਼਼ਾ ਹੋਰ ਕੋਈ ਨਹੀਂ ਉਸ ਦਾ ਆਪਣਾ ਹੀ ਪ੍ਰਤੀਰੂਪ ਉਸ ਦਾ ਸਾਢੂ ਹੁੰਦਾ ਹੈ। ਸਾਢੂ ਕੋਲ਼ ਵੀ ਉਹ ਸਾਰੀਆਂ ਸ਼ਕਤੀਆਂ ਤੇ ਸ਼ਸਤਰ ਹੁੰਦੇ ਹਨ ਜਿਹੜੇ ਕਿ ਫੁੱਫੜ ਕੋਲ਼ ਕਿਉਂਕਿ ਉਹ (ਸਾਢੂ) ਵੀ ਤਾਂ ਫੁੱਫੜ ਹੀ ਹੁੰਦਾ ਹੈ (ਛੋਟਾ ਫੁੱਫੜ ਜਾਂ ਵੱਡਾ ਫੁੱਫੜ)। ਬਰਾਬਰ ਦੀਆਂ ਸ਼ਕਤੀਆਂ ਵਾਲ਼਼ੇ ਪ੍ਰਤੀਦਵੰਦੀ ਨਾਲ਼ ਮਚਾਹਟ (ਜੈਲਸੀ) ਤਾਂ ਹੋਣੀ ਹੀ ਹੋਈ। ਸਦਾ ਹੀ ਦੋਨਾਂ ਫੁੱਫੜਾਂ ਦੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਰਮਾਇਣ ਆਲ਼ੇ ‘ਬਾਲੀ` ਵਾਂਗ ਸਾਹਮਣੇ ਵਾਲ਼਼ੇ ਦੀਆਂ ਅੱਧੀਆਂ ਸ਼ਕਤੀਆਂ ਚੂਸ ਲਈਆਂ ਜਾਣ। ਸੋ ਸਾਢੂਆਂ ਦਰਮਿਆਨ (ਸਾਂਢਾਂ ਵਾਲ਼ਾ ਨਹੀਂ) ਚੁੱਪ-ਚੁੱਪੀਤਾ ਸ਼ੀਤ ਯੁੱਧ ਚਲਦਾ ਹੀ ਰਹਿੰਦਾ ਹੈ।

ਸਾਢੂਆਂ ਦੇ ਭੇਖ ਵਿੱਚ ਫੁੱਫੜਾਂ ਦੀ ਬਾਜ਼ ਅੱਖ ਸਦਾ ਸਹੁਰਿਆਂ ਵੱਲੋਂ ਮਿਲਣ ਵਾਲ਼ੀ ਇਮਦਾਦ `ਤੇ ਰਹਿੰਦੀ ਹੈ। ਜੇ ਸਹੁਰਿਆਂ ਵੱਲੋਂ ਮਿਲਣ ਵਾਲ਼਼ੀ ਇਮਦਾਦ ਵਿੱਚ ਰੱਤੀ ਭਰ ਵੀ ਫ਼ਰਕ ਨਜ਼ਰ ਆ ਜਾਵੇ ਤਾਂ ਸਾਢੂ ਕਮ ਫੁੱਫੜ, ਭੂਆ ਦੇ ਮੋਢੇ `ਤੇ ਬੰਦੂਕ ਰੱਖ ਕੇ ਮਣਾਂ ਮੂੰਹੀਂ ਨਰਾਜ਼ ਹੁੰਦੇ ਨੇ, ਕੁਇੰਟਲਾਂ ਦੇ ਭਾਅ ਗੁੱਸੇ ਹੁੰਦੇ ਨੇ ਤੇ ਟਨਾਂ ਦੇ ਭਾਅ ਜ਼ਾਹਿਰ ਕਰਦੇ ਨੇ। ‘ਐਵੇਂ ਰੌਲਾ ਪੈ ਗਿਆ` ਜਿਹੀ ਕੋਈ ਗੱਲ ਨਹੀਂ ਹੁੰਦੀ। ਜੇ ਕਿਤੇ ਅੱਗ ਹੁੰਦੀ ਹੈ ਤਾਂ ਹੀ ਧੂੰਆ ਨਿਕਲਦਾ ਹੈ, ਤੋੜਾ ਇੱਥੇ ਆ ਕੇ ਝਾੜਿਆ ਜਾਂਦਾ ਹੈ ਕਿ “ਮੈਨੂੰ ਸਾਢੂ ਮੇਰੇ ਨਾਲੋਂ ਮੁੰਦਰੀ ਹੌਲ਼ੀ ਪਾਈ ਨੀ”। ਇਹ ਮੁੰਦਰੀ ਹੌਲ਼ੀ ਜਾਂ ਭਾਰੀ ਹੋਣ ਦਾ ਭਰਮ ਅੱਖ `ਚ ਕੱਖ ਵਰਗਾ ਹੀ ਹੋਵੇ ਪਰ ਜਦੋਂ ਤੱਕ ਸੁਨਿਆਰੇ ਵੱਲੋਂ ਦਿੱਤੀਆਂ ਰਸੀਦਾਂ ਦਾ ਅੱਖਾਂ ਸਾਹਮਣੇ ਮਿਲਾਨ ਨਹੀਂ ਹੁੰਦਾ ਉਦੋਂ ਤੱਕ ਫੁੱਫੜ (ਸਿਰਫ਼ ਆਪਣੇ ਸਾਲ਼ੇ ਦੇ ਜੁਆਕਾਂ ਦਾ) ਸੱਚੀਂ ‘ਫੁੱਫੜ` (ਸਾਰਿਆਂ ਦਾ) ਹੀ ਬਣਿਆ ਰਹਿੰਦਾ ਹੈ।

ਹਰ ਫੁੱਫੜ ਦੀ ਸਾਢੂ-ਕਮ-ਜੀਜੇ ਦੇ ਰੂਪ ਵਿੱਚ ਇਹੋ ਇੱਛਾ ਹੁੰਦੀ ਹੈ ਉਸਦੀਆਂ ਸਾਲ਼ੀਆਂ ਤਾਂ ਬੇਸ਼ੁਮਾਰ ਹੋਣ ਪਰ ਸਾਢੂ ਕੋਈ ਨਾ ਹੋਵੇ (ਦੱਸੋਂ ਇੰਝ ਵੀ ਕਿਤੇ ਹੁੰਦੈ)। ਫੁੱਫੜ-ਕਮ-ਸਾਢੂ ਦਾ ਸਭ ਤੋਂ ਵੱਡਾ ਫ਼ਿਕਰ ਤਾਂ ਇਹੋ ਹੁੰਦੈ ਕਿ ਜੇ ਸਾਢੂ ਦੀ ਮੁੱਛ `ਤੇ ਨਿੰਬੂ ਖੜ੍ਹਦੈ ਤਾਂ ਉਹਦੀ ਮੁੱਛ `ਤੇ ਖ਼ਰਬੂਜਾ ਟਿਕੇ ਤਾਂ ਇੱਜ਼ਤ ਬਚਦੀ ਐ ਨਹੀਂ ਤਾਂ ਨਹੀਂ।

**ਫੁੱਫੜ ਦਾ ਫੈਸਲਾ
ਬਹੁਤੇ ਸ਼ਬਦ ਦਾ ਇੱਕ ਸ਼ਬਦ ‘ਨਾ ਟਾਲ਼ੇ ਜਾ ਸਕਣਯੋਗ ਫੈਸਲਾ – ਫੁੱਫੜ ਦਾ ਫੈਸਲਾ`। ‘ਫੁੱਫੜ ਦਾ ਫੈਸਲਾ` ਨੂੰ ਲੈ ਕੇ ਕਿ ਆਪੋ-ਵਿਰੋਧੀ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ ਗੱਲ ਤਾਂ ਫੁੱਫੜ ਦੀ ਸਹਿਮਤੀ ਤੋਂ ਬਿਨਾਂ ਉਹ ਦਾ ਸਹੁਰਾ ਪਰਿਵਾਰ ਕੋਈ ਫੈਸਲਾ ਲੈ ਹੀ ਨਹੀਂ ਸਕਦਾ। ਦੂਜੀ ਤੇ ਆਖ਼ਰੀ ਗੱਲ ਫੇਰ ਜਿਹੜਾ ਫੈਸਲਾ ਫੁੱਫੜ ਨੇ ਇੱਕ ਵਾਰੀ ਸੁਣਾ ਦਿੱਤਾ ਉਹਦੇ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਫੁੱਫੜ ਦੇ ਫੈਸਲੇ ਨਾਲ਼ 3-4 ਗੱਲਾਂ ਅਦ੍ਰਿਸ਼ ਰੂਪ ਵਿੱਚ ਨੱਥੀ ਹੁੰਦੀਆਂ ਹਨ (ਜਿਸ ਕਰਕੇ ਫੁੱਫੜ ਦੇ ਫੈਸਲਾ ਨਾ ਟਾਲ਼ੇ ਜਾ ਸਕਣਯੋਗ ਹੈ)। ਪਹਿਲੀ ਗੱਲ ‘ਭੂਆ ਵਿਆਹ ਤਾਂ ਦਿੱਤੀ ਵਸਾਉਣੀ ਕਿ ਨਹੀਂ ਵਸਾਉਣੀ`।

ਦੂਸਰੀ ਤੇ ਆਖ਼ਰੀ ਗੱਲ ‘ਕਰ ਲਓ ਫੇਰ ਆਪਣੀ ਮਰਜੀ, ਮਰਦਾ ਮਰਜੂੰ ਮੁੜਕੇ ਥੋਡੀ ਦੇਹਲ਼ੀ ਨ੍ਹੀ ਚੜ੍ਹਦਾ`। ਪ੍ਰਮਾਤਮਾ ਵਾਂਗ ਅਦ੍ਰਿਸ਼ਕ ਧਮਕੀਆਂ ਕਾਰਨ ਹੀ ਫੈਸਲਾ ਗ਼ਲਤ ਹੋਵੇ ਜਾਂ ਠੀਕ, ਚੰਗਾ ਹੋਵੇ ਜਾਂ ਮਾੜਾ… ਜਦੋਂ ਫੁੱਫੜ ਨੇ ਇੱਕ ਵਾਰੀ ਕਹਿ ਦਿੱਤਾ ਤਾਂ ਸਭ ਸੱਤ ਹੈ (ਉਂਝ ਫੁੱਫੜ ਦੇ ਫੈਸਲੇ ਨਾਲ਼ ਸਹੁਰਾ ਪਰਿਵਾਰ ਦੇ ਹੋਏ ਭਵਿੱਖੀ ਨੁਕਸਾਨ ਦੀ ਜ਼ਿੰਮੇਵਾਰੀ 1 ਪਰਸੈਂਟ ਵੀ ਫੁੱਫੜ ਦੀ ਨਹੀਂ ਹੁੰਦੀ। ਨਾ ਫੁੱਫੜ ਆਪਣੀ ਗ਼ਲਤੀ ਮੰਨਦੈ ਤਾਂ ਨਾ ਹੀ ਕੋਈ ਉਹਦੇ ਤੋਂ ਮਨਵਾਉਂਦੈ।) ਕਈ ਫੱਟੜ ਹੋਏ ਸਾਲ਼ੇ ਚੁੱਪ-ਚੁੱਪੀਤੇ ਆਖ ਹੀ ਦਿੰਦੇ ਨੇ, “ਅਸੀਂ ਤਾਂ ਭੈਣ ਦੇ ਕੇ ਪਛਤਾਏ”। ਪਰ ਸਿਆਣਿਆ ਕਿਹਾ ਹੈ ਕਿ ‘ਅਬ ਪਛਤਾਏ ਕਿਆ ਹੋਤ ਜਬ ਬਣਾ ਹੀ ਲੀਆ ਹੈ ਫੁੱਫੜ…`

**ਫੁੱਫੜ ਦੀ ਫ਼ੈਮਿਲੀ
ਫੁੱਫੜ ਦੀ ਫ਼ੈਮਿਲੀ ਵਿੱਚ ਮੁੱਖ ਰੂਪ ਵਿੱਚ ਦੋ ਹੀ ਜੀਅ ਹੁੰਦੇ ਹਨ ਪਹਿਲਾ ਫੁੱਫੜ ਆਪ ਤੇ ਦੂਜੀ ਭੂਆ। ਭੂਆ ਉਹ ਮਿਜ਼ਾਈਲ ਹੈ ਜਿਸ ਨਾਲ਼ ਜੇ ਫੁੱਫੜ ਚਾਹੇ ਤਾਂ ਸਹੁਰਾ ਪਰਿਵਾਰ ਦੀ ਇੱਟ ਨਾਲ਼ ਇੱਟ ਖੜਕਾ ਸਕਦਾ ਹੈ। ਭੂਆ ਏਲਚੀ ਹੈ ਜਿਸ ਰਾਹੀਂ ਫੁੱਫੜ ਦੇ ਫੈਸਲੇ ਤੇ ਫੁਰਮਾਨ ਸਹੁਰੇ ਪਰਿਵਾਰ ਤੱਕ ਪਹੁੰਚਦੇ ਹਨ। ਭੂਆ ਸਲਾਹਕਾਰ ਹੈ ਜਿਹੜੀ ਸਹੁਰੇ ਪਰਿਵਾਰ ਨੂੰ ਦੱਸਦੀ ਹੈ ਕਿ ਫੁੱਫੜ ਨੂੰ ਡੀਲ ਤੇ ਟ੍ਰੀਟ ਕਿਵੇਂ ਕਰਨਾ ਹੈ। ਭੂਆ ਵਿਚੋਲੀਆ ਹੈ ਜਿਹੜੀ ਫੁੱਫੜ ਦੇ ਨਾ ਟਾਲ਼ੇ ਜਾ ਸਕਣ ਵਾਲ਼ੇ ਫੁੱਫੜੀ ਫੈਸਲੇ (ਮਰਦਾ ਮਰਜੂੰ ਥੋਡੀ ਦੇਹਲ਼ੀ ਨ੍ਹੀ ਚੜ੍ਹਦਾ) ਨੂੰ ਮੁੜ ਬਦਲ ਸਕਣ ਦੀ ਅਲੌਕਿਕ ਸ਼ਕਤੀ ਰੱਖਦੀ ਹੈ। ਫੁੱਫੜ ਤਾਂ ਟਾਈਮ ਲੱਗੇ ਬੰਬ ਵਰਗਾ ਹੁੰਦਾ ਹੈ ਤੇ ਭੂਆ ‘ਬੰਬ ਡਿਫ਼ਿਊਜ਼ਰ`। ਜਦੋਂ ਫੁੱਫੜ ਵਿਗੜ ਜਾਵੇ ਤਾਂ ਭੂਆ ਹੀ ਇੱਕਮਾਤਰ ਤੇ ਆਖ਼ਰੀ ਹੱਲ ਹੈ। ਸੋ ਇਕੱਲੇ ਫੁੱਫੜ ਦੇਵ ਦੀ ਆਰਤੀ ਨਾਲ਼ ਹੀ ਮਹਾਤਮ ਨਹੀਂ ਮਿਲ ਸਕਦਾ, ਭੂਆ ਦੇਵੀ ਨੂੰ ਵੀ ਪੁਸ਼ਪ ਅਰਪਿਤ ਕਰਨੇ ਪੈਣਗੇ।

**ਫੁੱਫੜ ਦੀ ਫ਼ਿਤਰਤ
‘ਫੁੱਫੜ ਦੀ ਫ਼ਿਤਰਤ ਕਿਹੋ ਜਿਹੀ ਹੁੰਦੀ ਹੈ` ਇਹ ਬਿਆਨ ਕਰਨਾ ਤਾਂ ਪਾਣੀ ਨੂੰ ਰੁਮਾਲ ਵਿੱਚ ਬੰਨ੍ਹਣ ਦੇ ਤੁੱਲ ਹੈ। ਫੁੱਫੜ ਦੀ ਫ਼ਿਤਰਤ ਤਾਂ ਕਦੇ ਗਰਮੀ ਦੇ ਮਹੀਨੇ `ਚ ਪਏ ਮੀਂਹ ਦੇ ਛਰਾਟਿਆਂ ਵਰਗੀ ਹੁੰਦੀ ਐ ਤੇ ਕਦੇ ਜੋੜਾਂ ਦੇ ਦਰਦ ਨੂੰ ਟਸਟਸਾਉਣ ਵਾਲ਼ੀ ਠੰਢ ਦੇ ਮਹੀਨੇ ਦੀ ਠਰੀ ਹਵਾ ਵਰਗੀ। ਫੁੱਫੜ ਰੂਪੀ ਜੀਜਾ, ਸਾਲ਼ੀਆਂ ਦਾ ਚਹੇਤਾ ਬਣਨਾ ਚਾਹੁੰਦੈ ਤੇ ਸਾਲਿ਼ਆਂ ਦਾ ਬਾੱਸ। ਉਹ ਕਦੇ ਸਾਰੇ ਟੱਬਰ ਨੂੰ ਫਾਹੇ ਟੰਗ ਕੇ ਵੀ ਖੁਸ਼ ਨਹੀਂ ਹੁੰਦਾ ਤੇ ਕਦੇ ਜੁਆਕਾਂ ਵਾਂਗ ਖਿੱਲਾਂ-ਪਕੌੜੀਆਂ ਨਾਲ਼ ਹੀ ਗਦਗਦ ਹੋ ਜਾਂਦਾ ਹੈ। ਫੁੱਫੜ ਦੀ ਫ਼ਿਤਰਤ ਫੁੱਫੜ ਹੀ ਜਾਣੇ। ਗੁੱਸੇ ਹੋਣਾ, ਨਰਾਜ਼ ਹੋਣਾ, ਵਿਆਹ-ਕਾਰਜਾਂ ਵਿੱਚ ਕਲੇਸ਼ ਪਾ ਲੈਣਾ ਤਾਂ ਫੁੱਫੜੀ ਫ਼ਿਤਰਤ ਵਿੱਚ ਸ਼ਾਮਿਲ ਹੈ ਹੀ ਪਰ ਕਦੇ ਕਦੇ ਸਹੁਰੇ ਘਰ ਵਿਆਹ ਵਿੱਚ ਆਪਣੀ ਫ਼ਿਤਰਤ ਦੇ ਉਲਟ ਆਪ ਰੋਟੀ ਪਾ ਕੇ ਵੀ ਖਾ ਲੈਂਦਾ ਹੈ। ਉਂਝ ਸਭ ਤੋਂ ਵੱਧ ਟਟਵੈਰ ਫੁੱਫੜ ਇਸੇ ਗੱਲੋਂ ਕਰਦਾ ਹੈ ਕਿ “ਵਿਆਹ ਵਿੱਚ ਕਿਸੇ ਨੇ ਮੈਨੂੰ ਰੋਟੀ ਨਹੀਂ ਪੁੱਛੀ” (ਭਾਵੇਂ ਸਾਰਾ ਸਹੁਰਾ ਪਰਿਵਾਰ ਵਾਰੋ-ਵਾਰੀ ਆ ਕੇ ਰੋਟੀ ਪੁੱਛ ਜਾਂਦਾ ਹੈ ਪਰ ਫ਼ਿਤਰਤੀ ਫੰਡਾ ਇਹ ਹੈ ਕਿ ਸਾਰੇ ਟੱਬਰ ਨੇ ਇਕੱਠਿਆਂ ਆ ਕੇ ਨ੍ਹੀ ਪੁੱਛੀ)।

ਉਂਝ ਭਾਵੇਂ ਕੋਈ ਧੌਣ ਲਾਹ ਕੇ ਲੈ ਜਾਵੇ ਕੋਈ ਹਰਜ ਨਹੀਂ ਪਰ ਫੁੱਫੜ ਇੱਜ਼ਤ ਦੇ ਮਾਮਲੇ ਵਿੱਚ ਹੋਈ ਕੋਈ ਕੋਤਾਹੀ ਸੁੱਤਾ ਪਿਆ ਵੀ ਬਰਦਾਸ਼ਤ ਨਹੀਂ ਕਰ ਸਕਦਾ (ਇਸੇ ਲਈ ਸਹੁਰੇ ਪਰਿਵਾਰ ਵਿੱਚ ਇਕੱਲਾ ਫੁੱਫੜ ਹੀ ਗੱਬਰ ਸਿੰਘ ਹੁੰਦਾ ਹੈ ਬਾਕੀ ਸਾਰੇ ਸਾਂਬਾ, ਕਾਲੀਆ ਆਦਿ ਹੀ ਹੁੰਦੇ ਹਨ)। ਫੁੱਫੜ ਫਿੱਕੀ ਖੀਰ ਤਾਂ ਖਾ ਜਾਂਦੈ ਪਰ ਫਿੱਕੇ ਬੋਲ ਨ੍ਹੀ ਜਰ ਸਕਦਾ। ਜੇ ਗੱਲ ਸਾਢੂ ਦੇ ਸੰਦਰਭ ਵਿੱਚ ਹੋਵੇ ਤਾਂ ਫੁੱਫੜ ਦੀ ਫ਼ਿਤਰਤ ਉਹਦੀ ਸ਼ਖ਼ਸੀਅਤ ਵਾਂਗ ਦੂਹਰੀ, ਤੀਹਰੀ, ਚੋਹਰੀ ਹੋ ਜਾਂਦੀ ਹੈ। ਉਹ ਆਪਣੇ ਵਿਰੋਧੀ (ਸਾਢੂ) ਨੂੰ ਗਲ਼ ਨਾਲ਼ ਵੀ ਲਾਉਂਦੈ, ਨਾਲ਼ ਬਹਿ ਕੇ ਦਾਰੂ ਵੀ ਪੀਂਦੈ, ਬਣਦਾ-ਸਰਦਾ ਇੱਜਤ-ਮਾਣ ਵੀ ਦਿੰਦੈ ਪਰ ਫੇਰ ਵੀ ਸਾਢੂ ਦੀ ਬਰਾਬਰੀ ਬਰਦਾਸ਼ਤ ਨਹੀਂ ਕਰਦਾ (ਜੇ ਸਾਢੂ ਨੂੰ ਬੈਠਣ ਲਈ ਕੁਰਸੀ ਮਿਲੇ ਤਾਂ ਆਪ ਉਹ ਸੋਫਾ ਭਾਲ਼ਦੈ)।

**ਫੁੱਫੜ ਮੰਗੇ ਕੁੱਕੜ
ਉਹ ਫੁੱਫੜ ਹੀ ਕੀ ਜਿਹੜਾ ਕੁੱਕੜ ਨਾ ਮੰਗੇ। ਮੁਰਗੀਆਂ ਵਿਚਾਲ਼ੇ ਧੌਣ ਉੱਚੀ ਕਰ ਕੇ ਤੁਰਨ ਵਾਲ਼਼ੇ ਕੁੱਕੜ ਦੀ ਧੌਣ ਫੁੱਫੜ ਲਈ ਹੀ ਮਰੋੜੀ ਜਾਂਦੀ ਹੈ। ਫੁੱਫੜ ਨੇ ਦਾਰੂ ਤਾਂ ਪੀਣੀ ਹੀ ਹੋਈ ਪਰ ਜੇ ਦਾਰੂ ਨਾਲ਼ ਕੁੱਕੜ ਨਾ ਮਿਲੇ ਤਾਂ ਦਾਰੂ ਪੀਣੀ ਇੰਝ ਹੋ ਜਾਂਦੀ ਹੈ ਜਿਵੇਂ ਟੀ.ਵੀ. ਦੀ ਆਵਾਜ਼ ਬੰਦ ਕਰ ਕੇ ਸ਼ੋਅਲੇ ਫ਼ਿਲਮ ਦੇਖ ਰਹੇ ਹੋਈਏ। ਕਈ ਤਾਂ ਕੁੱਕੜ ਪਾਲ਼ਦੇ ਹੀ ਫੁੱਫੜ ਨੂੰ ਭੇਂਟ ਕਰਨ ਲਈ ਨੇ। ਕੁੱਕੜ ਦੇ ਸਾਹ ਸੁੱਕ ਜਾਂਦੇ ਨੇ ਜਦੋਂ ਫੁੱਫੜ ਸਹੁਰੇ ਘਰ ਪਹਿਲਾ ਪੈਰ ਧਰਦਾ ਹੈ। ਸਬਜੀਆਂ, ਦਾਲ਼ਾਂ ਵਿੱਚ ਜਿੰਨੇ ਮਰਜ਼ੀ ਵਿਟਾਮਿਨ, ਮਿਨਰਲ ਹੋਣ ਪਰ ਫੁੱਫੜ ਨੂੰ ਇਹ ਸਿਹਤ ਵਿਗਿਆਨ ਨਹੀਂ ਸਮਝਾਇਆ ਜਾ ਸਕਦਾ। ਫੁੱਫੜ ਲਈ ਤਾਂ ਚੰਗੀ ਸਿਹਤ ਤੇ ਚੰਗੀ ਪ੍ਰਹੁਣਾਚਾਰੀ ਦੇ ਦੋ ਹੀ ਸਿੰਬਲ ਨੇ, ਰੱਜਵੀਂ ਦਾਰੂ ਤੇ ਮਸਾਲੇਦਾਰ ਕੁੱਕੜ। ਜੇ ਫੁੱਫੜ ਨੂੰ ਭੋਰਾ ਵੀ ਸ਼ੱਕ ਪੈ ਜਾਵੇ ਕਿ ਪਤੀਲੀ ਵਿੱਚ ਕੁੱਕੜ ਦੀ ਥਾਂਵੇਂ ਕੁਝ ਹੋਰ ਧਰਿਐ ਤਾਂ ਉਹ ਆਨੀ-ਬਹਾਨੀ ਟੱਬਰ ਨੂੰ ਸੁਨਾਉਣ ਲੱਗ ਜਾਂਦਾ ਹੈ, “ਚੰਗਾ ਬਈ ਮੈਂ ਤਾਂ ਅੱਜ ਫੇਰ ਮੁੜਨਾ ਈ ਐ, ਫਲਾਣੇ ਦੇ ਘਰ ਜਾਣੈ, ਢਿਮਕਾਣੇ ਨੇ ਕਿਹਾ ਸੀ ਬਈ ਰਾਤ ਸਾਡੇ ਕੋਲ਼ ਈ ਰਹੀਂ।”

ਇਹ ਫਲਾਣੇ, ਢਿਮਕਾਣੇ ਅਸਲ ਵਿੱਚ ਸਹੁਰੇ ਪਰਿਵਾਰ ਦੇ ਸ਼ਰੀਕਾਂ ਵਿੱਚੋਂ ਹੀ ਹੁੰਦੇ ਨੇ। ਸ਼ਰੀਕਾਂ ਸਾਹਮਣੇ ਨੱਕ ਵਢਾਉਣ ਤੋਂ ਚੰਗਾ ਹੈ ਕਿ ਕੁੱਕੜ ਦੀ ਧੌਣ ਵੱਢ ਦਿਓ। ਸੋ ਸਹੁਰਿਆਂ ਵੱਲੋਂ ਨਾਲ਼ ਦੀ ਨਾਲ਼ ਹੀ ਸਮਝੌਤੀਆਂ ਸ਼ੁਰੂ ਹੋ ਜਾਂਦੀਆਂ ਨੇ, “ਨਾ ਜੀ ਨਾ ਇਹ ਗੱਲ ਝੂਠੀ, ਰੋਟੀ ਆਪਣੇ ਘਰੇ ਈ ਖਾਣੀ ਐ ਤੇ ਪੈਣਾ ਵੀ ਇੱਧਰ ਈ ਐ। ਆਪਾਂ ਤਾਂ ਕੁੱਕੜ ਰਿੰਨ੍ਹੀ ਜਾਨੇ ਆਂ ਆਪਣੇ ਪ੍ਰਹੁਣਾ ਸਾਹਬ ਲਈ”
ਫੁੱਫੜ ਛੇਤੀ ਪੈਰਾਂ `ਤੇ ਪਾਣੀ ਨਹੀਂ ਪੈਣ ਦਿੰਦਾ ਤੇ ਜੁਆਬੀ ਕਾਰਵਾਈ ਕਰਦਾ ਆਖਦਾ ਹੈ, “ਉਹ ਕਾਲ਼ਾ ਕੁੱਕੜ ਤਾਂ ਪਤੀਲੀ ਤੋਂ ਬਾਹਰ ਈ ਤੁਰਿਆ ਫਿਰਦੈ…”

ਸਹੁਰੇ ਕਹਿੰਦੇ “ਇਹਦੀ ਵਾਰੀ ਕੱਲ੍ਹ ਨੂੰ ਆਊ….”

ਸੋ ਫੁੱਫੜ ਦੀ ਗਾਥਾ ਰਾਹੀਂ ਤੁਸੀਂ ਇਹ ਤਾਂ ਸਮਝ ਹੀ ਗਏ ਹੋਵੋਂਗੇ ਕਿ ਫੁੱਫੜ ਇੱਕ ਰਿਸ਼ਤੇ ਦਾ ਨਾਮ ਹੀ ਨਹੀਂ ਬਲਕਿ ਅਪਾਰ ਸ਼ਕਤੀਆਂ ਨਾਲ਼ ਲੈਸ ਉਸ ਸ਼ਖ਼ਸੀਅਤ ਦਾ ਨਾਂ ਹੈ ਜਿਹੜਾ ਬਿਨਾ ਤਾਜ ਤੋਂ ਰਾਜਾ ਹੁੰਦਾ ਹੈ ਜਿਹਦੇ ਲਈ ਉਹਦਾ ਸਹੁਰਾ ਘਰ ਹੀ ਉਸ ਦੀ ਰਿਆਸਤ ਹੈ (ਸਾਢੂ ਗੁਆਂਢੀ ਰਾਜਾ ਹੈ ਜਿਸ ਨਾਲ਼ ਕਦੇ ਸੰਧੀ ਤੇ ਕਦੇ ਯੁੱਧ ਦਾ ਬਿਗਲ ਵੱਜ ਜਾਂਦਾ ਹੈ।), ਸਹੁਰਾ ਪਰਿਵਾਰ ਹੀ ਉਸ ਦੀ ਰਿਆਇਆ ਹੈ, ਸਾਲ਼ੀਆਂ ਦਿਲ ਲਾਈ ਰੱਖਣ ਲਈ ਤੇ ਸਾਲ਼ੇ ਆਮ ਤੌਰ `ਤੇ ਗੁਲਾਮਾਂ ਵਰਗੇ ਹੁੰਦੇ ਹਨ। ਸਹੁਰੇ ਪਰਿਵਾਰ ਦਾ ਪਹਿਲਾ ਤੇ ਆਖ਼ਰੀ ਕੰਮ ਫੁੱਫੜ (ਭਾਵ ਜਵਾਈ ਰਾਜਾ) ਨੂੰ ਰਿਝਾਉਣਾ ਹੁੰਦਾ ਹੈ ਜਿਸ ਸਦਕਾ ਭੂਆ ਨੂੰ ਸਵਰਗ ਦੀ ਪ੍ਰਾਪਤੀ ਹੋ ਸਕਦੀ ਹੈ। ਭੂਆ ਨੂੰ ਸਵਰਗ ਦਵਾਉਂਦਾ ਉਸ ਦਾ ਪੇਕਾ ਪਰਿਵਾਰ ਆਪ ਨਰਕ ਹੀ ਭੋਗਦਾ ਹੈ।
– ਜੈ ਹੋ

(ਮੇਰੀ ਹਾਸ–ਵਿਅੰਗ ਵਾਰਤਕ ਦੀ ਪੁਸਤਕ ‘ਬਕਵਾਸ ਕਿਤਾਬ’ ਵਿੱਚੋਂ)

ਡਾ. ਸਵਾਮੀ ਸਰਬਜੀਤ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article105-year-old man beats Covid in Assam
Next articleਸਰਕਾਰੀ ਅਧਿਆਪਕ