ਸਰਕਾਰੀ ਅਧਿਆਪਕ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਬਹੁਤ ਸਾਰੇ ਸਾਲਾਂ ਤੋਂ ਸਾਡੇ ਬੱਚਿਆਂ ਜਾਣੀ ਕਿ ਆਉਣ ਵਾਲੇ ਭਵਿੱਖ ਨੂੰ ਇਕ ਤਮਾਸ਼ਾ ਬਣਾਇਆ ਜਾ ਰਿਹਾ ਹੈ।ਕੋਰੋਨਾ ਮਹਾਂਮਾਰੀ ਦਾ ਬਹਾਨਾ ਜਦੋਂ ਮਰਜ਼ੀ ਸਕੂਲ ਬੰਦ ਕਰ ਦਿਓ ਜਦੋਂ ਦਿਲ ਕਰਦਾ ਹੈ ਖੋਲ੍ਹ ਦੇਵੋ। ਮਹਾਂਮਾਰੀ ਤੇ ਛੁੱਟੀਆਂ ਦੇ ਦਰਮਿਆਨ ਸਕੂਲੀ ਅਧਿਆਪਕਾਂ ਨਾਲ ਕੀ ਬੀਤਦੀ ਹੈ।ਜਿਸ ਨੂੰ ਵੀ ਪਤਾ ਲੱਗਦਾ ਹੈ ਉਸ ਤੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।ਜਦੋਂ ਦੀ ਡਿਜੀਟਲ ਤਕਨੀਕ ਆ ਗਈ ਹੈ ਸਕੂਲ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਸਮੇਂ 2 ਤੇ ਅਜਿਹੇ ਹੁਕਮ ਤੇ ਅਜੀਬ ਤਰ੍ਹਾਂ ਦੇ ਕੰਮ ਦਿੰਦਾ ਹੈ,ਅਧਿਆਪਕ ਤਾਂ ਪ੍ਰੇਸ਼ਾਨ ਹੁੰਦੇ ਹੀ ਹਨ। ਪਰ ਸਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਹੈ।ਕਹਿੰਦੇ ਹਨ ਪੰਜਾਬ ਦੀ ਸਕੂਲੀ ਪੜ੍ਹਾਈ ਦਾ ਇਸ ਸਾਲ ਅੱਵਲ ਨੰਬਰ ਹੈ ਪਿਛਲੇ ਦਿਨੀਂ ਮੇਰੀ ਇੱਕ ਅਧਿਆਪਕਾਂ ਨਾਲ ਗੱਲ ਹੋਈ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।

ਮੈਂ ਸਰਕਾਰੀ ਅਧਿਆਪਕ ਹਾਂ,ਮੈਨੂੰ ਇਕ ਮਿਹਣਾ ਜਿਹਾ ਲੱਗਦਾ ਹੈ ਕਿਓ ਕਿ ਮੈਨੂੰ ਵਿਹਲੀ ਬੈਠੀ ਨੂੰ ਤਨਖਾਹ ਮਿਲਦੀ ਹੈ,ਕਿੰਨੇ ਲੋਕ ਜ਼ਰੂਰ ਇਹ ਗੱਲ ਸੋਚਦੇ ਹੋਣਗੇ। ਕਦੇ ਕੋਈ ਗੁਆਂਢੀ, ਕਦੇ ਕੋਈ ਨੇੜੇ ਦਾ ਰਿਸ਼ਤੇਦਾਰ , ਕਦੇ ਕੋਈ ਦੂਰ ਦਾ ਰਿਸ਼ਤੇਦਾਰ , ਕਦੇ ਕੋਈ ਸਹੇਲੀ , ਕਦੇ ਪਿੰਡ ਦੇ ਲੋਕ ਸਹਿਜੇ ਹੀ ਇਹ ਗੱਲ ਤੁਰੇ ਜਾਂਦੇ ਮੇਰੇ ਕੰਨ ਵਿੱਚ ਪਾ ਜਾਂਦੇ ਨੇ । ਮੈਂ ਬਸ ਓਹਨਾਂ ਦੇ ਮੂੰਹ ਵੱਲ ਝਾਕਦੀ ਹੀ ਰਹਿ ਜਾਂਦੀ ਹਾਂ । ਗੁੱਸਾ ਤਾ ਆਉਂਦਾ ਪਰ ਹੱਲ ਕੋਈ ਨੀ ਮਿਲਦਾ । ਇੱਕ ਅੱਧਾ ਹੋਵੇ ਤਾਂ ਕੋਲ ਬਿਠਾ ਕੇ ਸਮਝਾ ਵੀ ਦੇਵਾਂ । ਹੁਣ ਸਾਰਿਆਂ ਨੂੰ ਕੀ ਦੱਸਾਂ ਤੇ ਉਨ੍ਹਾਂ ਦੀ ਸੋਚ ਕਿਵੇਂ ਬਦਲਾਂ।ਅੱਜ ਤੁਹਾਡੇ ਰਾਹੀਂ ਸਾਰਿਆਂ ਕੁੱਝ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ। ਸ਼ਾਇਦ ਸਰਕਾਰੀ ਅਧਿਆਪਕਾਂ ਦੇ ਪ੍ਰਤੀ ਇਸ ਗ਼ਲਤ ਸੋਚ ਨੂੰ ਬਦਲਣ ਵਿੱਚ ਥੋੜ੍ਹੀ ਬਹੁਤ ਕਾਮਯਾਬ ਹੋ ਹੀ ਜਾਵਾਂ ।

ਇਸ ਵਿਹਲੀ ਭੈਣ ਜੀ ਦੇ ਸਕੂਲ ਦੇ ਕੰਮਾਂ ਤੇ ਇੱਕ ਨਿੱਕੀ ਜਿਹੀ ਝਾਤੀ ਮਾਰ ਲਈਏ। ਮੈਂ ਛੇਵੀਂ ਤੋਂ ਦਸਵੀ ਜਮਾਤ ਤੱਕ ਦੇ (ਸਕੂਲੋੱ ਵਿਰਵੇ ਬੱਚਿਆਂ ਨੂੰ) ਏ ਬੀ ਸੀ ਨਾ ਆਉਣ ਤੇ ਵੀ ਘਬਰਾਉਂਦੀ ਨਹੀਂ,ਸਗੋਂ ਹੱਲਾਸ਼ੇਰੀ ਦੇ ਕੇ ਪੜ੍ਹਾਉਣ ਦੀ ਕੋਸ਼ਿਸ਼ ਕਰਦੀ ਹਾਂ। ਅੱਠਵੀਂ ਦਸਵੀਂ ਤੱਕ ਬੱਚਾ ਏ ਬੀ ਸੀ ਨਹੀਂ ਸਿੱਖਿਆ ਇਸਲਈ ਮੈਂ ਕਸੂਰਵਾਰ ਨਹੀਂ ਹਾਂ ਜੀ। ਪਹਿਲੀ ਤੋਂ ਨੌਂਵੀ ਤੱਕ ਬੱਚਾ ਬਿਨਾਂ ਸਕੂਲ ਆਏ ਵੀ ਪਾਸ ਹੈ ਇਹ ਕਾਨੂੰਨ ਮੈਂ ਨਹੀਂ ਬਣਾਇਆ ਜੀ । ਮੇਰੇ ਜਿਆਦਾਤਰ ਬੱਚੇ ਬਿਨਾਂ ਘਰ ਦਾ ਦਿੱਤਾ ਕੰਮ ਪੂਰਾ ਕੀਤੇ ਹੀ ਸਕੂਲ ਆ ਜਾਂਦੇ ਨੇ । ਮੈਂ ਫਿਰ ਇਕੱਲੇ 2 ਨੂੰ ਕੋਲ ਬਿਠਾ ਕੇ ਕੰਮ ਪੂਰਾ ਕਰਵਾਉਣੀ ਹਾਂ । ਉਹਨਾਂ ਦੇ ਬਸਤਿਆ ਵਿੱਚੋਂ ਫੱਟੀਆਂ ਕਿਤਾਬਾਂ ਕਾਪੀਆਂ ਦੇਖ ਕਈ ਵਾਰੀ ਆਪ ਹੀ ਜਿਲਤਾਂ ਵੀ ਚੜਾ ਦਿੰਦੀ ਹਾਂ । ਮੇਰੇ ਵਿਦਿਆਰਥੀ ਪੂਰੇ ਦਿਨ ਵਿੱਚ ਮੈਨੂੰ ਕਦੇ ਵੀ ਫੋਨ ਕਰਨ ਮੈਨੂੰ ਗੁੱਸਾ ਨਹੀਂ ਆਉਂਦਾ ਹੈ ।

ਸਗੋਂ ਖੁਸ਼ ਹੁੰਦੀ ਹਾਂ ਕਿ ਬੱਚੇ ਨੇ ਆਪ ਫੋਨ ਕੀਤਾ ਹੈ ਕਿਉਂਕਿ ਐਵੇਂ ਵੀ ਘੱਟ ਹੀ ਹੁੰਦਾ ਹੈ। ਛੇਵੀਂ ਤੋਂ ਅੱਠਵੀਂ ਤੱਕ ਹਰ ਬੱਚਾ ਪਾਸ ਕਰਨ ਦਾ ਹੁਕਮ ਹੈ ਮੈਨੂੰ ਪਰ ਫੇਰ ਵੀ ਜਦੋਂ ਵੀ ਦਾਅ ਲੱਗਦਾ ਹੈ ਬੱਚਿਆਂ ਨੂੰ ਬਿਨਾਂ ਪੜ੍ਹੇ ਪਾਸ ਹੋਣ ਦੇ ਖਤਰਨਾਕ ਨਤੀਜਿਆਂ ਤੋਂ ਜਾਣੂ ਕਰਵਾਉਂਦੀ ਹਾਂ। ਭਾਵੇਂ ਇਹ ਜਾਣਕਾਰੀ ਅਕਸਰ ਓਹਨਾਂ ਦੇ ਉਪਰੋਂ ਹੀ ਟੱਪ ਜਾਂਦੀ ਹੈ। ਰੋਜ਼ ਰੋਜ਼ ਹੀ ਨਿੱਕੇ ਨਿੱਕੇ ਟੈਸਟ ਲੈਦੀ ਹਾਂ। ਮੈਨੂੰ ਪਤਾ ਹੈ ਕਿ ਜੇ ਥੋੜ੍ਹਾ ਜਿਹਾ ਵੀ ਕੰਮ ਜਿਆਦਾ ਦੇ ਦਿੱਤਾ ਤਾਂ ਓਹ ਕਰਕੇ ਨਹੀਂ ਆਉਣਗੇ । ਕਿਉਂਕਿ ਜਿਆਦਾਤਰ ਬੱਚਿਆਂ ਦੇ ਘਰ ਕੋਈ ਵੀ ਪੜ੍ਹਾਉਣ ਵਾਲਾ ਹੀ ਨਹੀਂ ਹੁੰਦਾ ਹੈ। ਹੋਰ ਤਾਂ ਹੋਰ ਬਹੁਤੇ ਮਾਤਾ ਪਿਤਾ ਨੂੰ ਤੇ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਬੱਚਾ ਕਿਹੜੀ ਜਮਾਤ ਵਿੱਚ ਪੜ੍ਹਦਾ ਹੈ। ਮੈਂ ਹਰ ਵਕਤ ਓਹਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ।

ਫਿਰ ਇਸਲਈ ਓਹਨਾਂ ਦੇ ਭਵਿੱਖ ਬਾਰੇ ਚਿੰਤਾ ਕਰਨੀ ਮੈਨੂੰ ਮੇਰੀ ਡਿਊਟੀ ਦਾ ਹਿੱਸਾ ਹੀ ਲੱਗਦਾ ਹੈ। ਬੱਚੇ ਦੇ ਨਿੱਕੇ ਜਿਹੇ ਅੱਗੇ ਵਧਾਏ ਗਏ ਕਦਮ ਤੇ ਜਮਾਤ ਵਿੱਚ ਸੌ ਸੌ ਤਾੜੀਆਂ ਮਰਵਾਉਂਦੀ ਹਾਂ। ਮੈਨੂੰ ਪਤਾ ਹੈ ਕਿ ਜੇਕਰ ਦੋ ਅੱਖਰ ਪੜ੍ਹ ਗਿਆ ਤਾਂ ਜ਼ਿੱਲਤ ਦੀ ਜ਼ਿੰਦਗੀ ਤੋਂ ਬੱਚ ਜਾਵੇਗਾ । ਸੱਚੀਂ ਮੈਂ ਕਿੰਨੀ ਵਿਹਲੀ ਹਾਂ,ਲੋਕਾਂ ਨੂੰ ਮੇਰੀਆਂ ਛੁੱਟੀਆਂ ਤੇ ਵੀ ਇਤਰਾਜ਼ ਹੈ । ਮੈਂ ਕਦੋਂ ਮੰਗੀਆਂ ਨੇ ਇਹ ਛੁੱਟੀਆਂ,। ਮੈਂ ਤਾਂ ਛੁਟੀਆਂ ਵਿੱਚ ਵੀ ਦਾਖਲਾ ਵਧਾਉਣ ਲਈ ਡਰੇਨ ਕੰਢੇ ਵਾਸੀਆਂ ਝੁੱਗੀਆਂ ਵਿੱਚ ਦੁਪਹਿਰੇ 2 ਤੁਰੀ ਰਹਿਨੀ ਹਾਂ। ਛੁਟੀਆਂ ਵੀ ਤੁਸੀਂ ਕਰਵਾਉਂਦੇ ਹੋ। ਕਦੇ ਕੱਟੜ ਸਿੱਖਾਂ ਨੂੰ ਸਕੂਲ਼ ਬੰਦ ਚਾਹੀਦੇ ਨੇ ਤੇ ਕਦੇ ਕੱਟੜ ਹਿੰਦੂਆਂ ਨੂੰ। ਕਦੇ ਇਸ ਜਾਤ ਦੇ ਲੋਕਾਂ ਦਾ ਕੁੱਝ ਹੈ ਤੇ ਕਦੇ ਓਸ ਜਾਤ ਦੇ। ਛੁੱਟੀਆਂ ਨਾ ਕਰੇ ਸਰਕਾਰ ਤਾਂ ਇੱਥੇ ਡਾਂਗਾਂ ਖੜਕਦੀਆਂ ਨੇ।

ਨਾਲੇ ਸਰਕਾਰ ਨੂੰ ਤੁਹਾਡੇ ਜੁਆਕ ਪੜ੍ਹਾਉਣ ਨਾਲ ਕੀ ਮਿਲਣਾ ? ਅਨਪੜ੍ਹ ਰਹਿਣ ਸਾਰੇ । ਫਾਇਦਾ ਹੀ ਫਾਇਦਾ ਹੈ। ਜ਼ਬਰਦਸਤ ਕੁਹਾੜੀ ਮਾਰ ਰਹੇ ਹਾਂ ਆਪਾਂ ਆਪਣੇ ਹੀ ਪੈਰਾਂ ਤੇ । ਆਖਿਰ ਧਰਮ ਅਤੇ ਜਾਤ ਪਾਤ ਸਾਡੇ ਲਈ ਸਿੱਖਿਆ ਤੋਂ ਕਿਤੇ ਉੱਪਰ ਹੈ । ਕਰਵਾ ਲਓ ਜਿੰਨੀਆਂ ਛੁੱਟੀਆਂ ਕਰਵਾਉਣੀਆਂ ਨੇ ਧਰਮ ਦੇ ਨਾਂ ਤੇ ਤੇ ਜਾਤਾਂ ਦੇ ਨਾਂ ਤੇ । ਪਰ ਅਧਿਆਪਕਾਂ ਕੰਨੀ ਉਂਗਲ ਤਾਂ ਨਾ ਕਰੋ। ਮੇਰੇ ਵੱਲੋਂ ਤਾਂ ਸਰਕਾਰ ਭਾਵੇਂ ਸਿਰਫ਼ ਐਤਵਾਰ ਨੂੰ ਹੀ ਘਰ ਬੈਠਣ ਦੇਵੇ । ਮੈਨੂੰ ਤਾਂ ਕੋਈ ਪਰੇਸ਼ਾਨੀ ਨਹੀਂ ਹੈ ਇਸ ਵਿੱਚ । ਮੈਨੂੰ ਤਾਂ ਪੜ੍ਹਾਉਣਾ ਬੇਹੱਦ ਪਸੰਦ ਹੈ । ਬੱਚਿਆਂ ਨੂੰ ਪੜ੍ਹਾਉਣੀ ਵੀ ਹਾਂ ਤੇ ਮਸਤੀ ਵੀ ਕਰ ਆਉਂਦੀ ਹਾਂ । ਖੂਬ ਪਿਆਰ ਦੇ ਆਉਣੀ ਹਾਂ ਤੇ ਆਉਂਦੀ ਹੋਈ ਖੂਬ ਪਿਆਰ ਲੈ ਵੀ ਆਉਂਦੀ ਹਾਂ । ਬੱਚਿਆਂ ਦਾ ਸਾਥ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ।

ਜ਼ਿੰਦਗੀ ਦਾ ਹਰ ਦੁੱਖ ਭੁੱਲ ਜਾਂਦਾ ਹੈ । ਰੱਬ ਦਾ ਰੂਪ ਤਾਂ ਹੁੰਦੇ ਨੇ ਇਹ। ਕਈ ਵਾਰ ਇਹ ਰੱਬ ਰੂਪ ਮੇਰਾ ਨੰਬਰ ਮਿਲਾ ਕੇ ਮੈਨੂੰ ਸ਼ਕਾਇਤਾਂ ਵੀ ਦਰਜ ਕਰਾਉਣ ਬਹਿ ਜਾਂਦੇ ਨੇ ਕਿ ਮੈਡਮ ਜੀ ਮੇਰਾ ਭਰਾ ਮੈਨੂੰ ਕੰਮ ਕਰਨ ਲਈ ਮੋਬਾਈਲ ਨਹੀਂ ਦਿੰਦਾ , ਮੈਂ ਉੱਥੇ ਨਿਰਉੱਤਰ ਹੋ ਜਾਂਦੀ ਹਾਂ।ਇੱਕ ਗੱਲ ਹੋਰ ਕਹਿ ਜਾਣੀ ਹਾਂ ਜਾਂਦੇ ਜਾਂਦੇ ਜਿਹੜੇ ਉੱਪਰ ਮੈਂ ਆਪਣੇ ਨਿੱਕੇ ਨਿੱਕੇ ਕੰਮ ਗਿਣਵਾਏ ਨੇ ਇਹ ਤਾਂ ਮੈਂ ਆਪਣੀ ਖੁਸ਼ੀ ਲਈ ਹੀ ਕਰਦੀ ਹਾਂ । ਜਿਹੜੇ ਵੱਡੇ ਵੱਡੇ ਕੰਮ ਮੇਰਾ ਵਿਭਾਗ ਕਰਵਾਉਂਦਾ ਹੈ ਓਹ ਲਿਸਟ ਵੱਖਰੀ ਹੈ ਹਜੇ। ਓਹਨਾਂ ਦੀ ਤਾਂ ਗੱਲ ਛੇੜਨ ਨੂੰ ਵੀ ਜੀ ਨਹੀਂ ਕਰਦਾ ਮੇਰਾ । ਰਾਸ਼ਨ ਵੰਡਣਾ , ਕਿਤਾਬਾਂ ਵੰਡਣਾ, ਵਰਦੀਆਂ ਵੰਡਣਾ, ਵਜੀਫ਼ੇ ਵੰਡਣਾ, ਦਾਨ ਇੱਕਠਾ ਕਰਨਾ , ਕਮਰੇ ਸਾਫ਼ ਕਰਵਾਉਣਾ, ਪਖਾਨੇ ਦੀ ਸਾਫ ਸਫਾਈ ਕਰਾਉਣੀ ਫਾਲਤੂ ਦੇ ਮੰਗੇ ਗਏ ਡਾਟਿਆਂ ਨੂੰ ਦਿਨ ਰਾਤ ਕੰਪਿਊਟਰ ਤੇ ਆਨਲਾਈਨ ਕਰਨਾ ਤੇ ਹੋਰ ਪਤਾ ਨਹੀਂ ਕੀ ਕੀ …..।

ਜਿਹੜੇ ਰਾਹ ਕਦੇ ਗਏ ਹੀ ਨਹੀਂ ਓਸਦੇ ਰਾਹਗੀਰਾਂ ਤੇ ਬਿਨਾਂ ਗਲੋਂ ਕੋਈ ਵੀ ਟਿੱਪਣੀ ਕਰਨੀ ਚੰਗੀ ਗੱਲ ਨਹੀਂ ਹੈ । ਨਕਾਰਾਤਮਕ ਕੁੰਮੈਂਟ ਜਲੀਲ ਕਰਦੇ ਨੇ ਦੂਜਿਆਂ ਨੂੰ ਤੇ ਤੁਸੀ ਪਾਪ ਦੇ ਭਾਗੀਦਾਰ ਬਣਦੇ ਹੋ।ਉਮੀਦ ਹੈ ਮੇਰੀ ਇਹ ਦੱਸੇ ਇਹ ਸੁੱਧ ਵਿਚਾਰ ਪੜ੍ਹ ਕੇ ਸਰਕਾਰੀ ਅਧਿਆਪਕਾਂ ਪ੍ਰਤੀ ਆਪਣੀ ਸੋਚ ਵਿੱਚ ਨਿੱਕਾ ਜਿਹਾ ਬਦਲਾਅ ਤਾਂ ਲੈ ਕੇ ਆਓਂਗੇ ਹੀ । ਇੱਜ਼ਤ ਦੇ ਪਾਤਰ ਹਾਂਜੀ ਅਸੀਂ । ਸਮਾਜ ਦੇ ਨਿੱਕੇ ਨਿੱਕੇ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਦੀ ਜ਼ਿੰਮੇਵਾਰੀ ਹੈ ਸਾਡੇ ਮੋਢਿਆਂ ਤੇ ।

ਬਸ ਥੋੜ੍ਹੀ ਜਿਹੀ ਹੱਲਾਸ਼ੇਰੀ ਹੀ ਚਾਹੀਦੀ ਹੈ । ਜਿੱਤ ਲੈਣ ਦਿਓ ਸਾਨੂੰ। ਪਾਠਕੋ ਬੀਬਾ ਜੀ ਦੇ ਦੱਸੇ ਇਹ ਸਹੀ ਵਿਚਾਰ ਸਾਡੇ ਸੋਚਣ ਲਈ ਹਲੂਣਾ ਦੇਣ ਦਾ ਕੰਮ ਜ਼ਰੂਰ ਕਰਨਗੇ ਅਧਿਆਪਕਾਂ ਤੋਂ ਅਧਿਆਪਕਾਂ ਵਾਲਾ ਕੰਮ ਨਹੀਂ ਲਿਆ ਜਾ ਰਿਹਾ,ਸਾਡੇ ਬੱਚਿਆਂ ਨੂੰ ਕੀ ਪੜ੍ਹਾਇਆ ਤੇ ਸਿਖਾਇਆ ਜਾਂਦਾ ਹੈ ਅਸੀਂ ਸਾਰੇ ਜਾਣਦੇ ਹਾਂ।ਸਾਡੀਆਂ ਰਾਜਨੀਤਕ ਪਾਰਟੀਆਂ ਸਮਾਜਿਕ ਜਥੇਬੰਦੀਆਂ ਤੇ ਆਮ ਜਨਤਾ ਚੁੱਪ ਬੈਠੀ ਹੈ।ਬੰਦ ਸਕੂਲਾਂ ਲਈ ਮੋਟੀਆਂ ਫੀਸਾਂ ਭਰੀਆਂ ਜਾ ਰਹੀਆਂ ਹਨ ਪਰ ਸਿੱਖਿਆ ਮਿਲਦੀ ਹੈ ਜਾਂ ਨਹੀਂ ਕਦੇ ਇਸ ਸਬੰਧੀ ਸਰਕਾਰ ਨੂੰ ਪੁੱਛੋਗੇ।ਜੇਕਰ ਆਪਾਂ ਚੁੱਪ ਰਹੇ ਤਾਂ ਜੋ ਸਰਕਾਰੀ ਅਧਿਆਪਕਾਂ ਦਾ ਬੁਰਾ ਹਾਲ ਹੈ ਉਹ ਆਪਣੇ ਸਕੂਲੀ ਬੱਚਿਆਂ ਜਾਣੀ ਕਿ ਆਉਣ ਵਾਲੇ ਭਵਿੱਖ ਦਾ ਹਾਲ ਹੋ ਜਾਵੇਗਾ ਉੱਠੋ ਤੇ ਹੰਭਲਾ ਮਾਰੋ।ਸਿਹਤ ਤੇ ਸਿੱਖਿਆ ਬਹੁਤ ਜ਼ਰੂਰੀ ਹੈ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁੱਫੜਨਾਮਾ
Next articleChirag Paswan to take out Bihar yatra on father’s birth anniversary