ਨਵੀਂ ਦਿੱਲੀ (ਸਮਾਜ ਵੀਕਲੀ): ਫ਼ਰਾਟਾ ਦੌੜਾਕ ਮਿਲਖਾ ਸਿੰਘ ਨੇ ਕੋਵਿਡ-19 ਦੀ ਲਾਗ ਲਈ ਪਾਜ਼ੇਟਿਵ ਨਿਕਲਣ ਮਗਰੋਂ ਵੀ ਚੜ੍ਹਦੀਕਲਾ ’ਚ ਰਹਿਣ ਦਾ ਵੱਲ ਕਦੇ ਨਹੀਂ ਛੱਡਿਆ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਜਿੱਤਾਂ-ਹਾਰਾਂ ਵੀ ਵੇਖੀਆਂ ਪਰ ਉਨ੍ਹਾਂ ਆਖਰੀ ਸਾਹਾਂ ਤੱਕ ਆਪਣੇ ਇਸ ਗੁਣ ਨੂੰ ਨਹੀਂ ਛੱਡਿਆ।
ਕਰੋਨਾਵਾਇਰਸ ਦੀ ਲਾਗ ਚਿੰਬੜਨ ਸਬੰਧੀ ਸੋਸ਼ਲ ਮੀਡੀਆਂ ’ਤੇ ਜਾਰੀ ਅਫ਼ਵਾਹਾਂ ਦੀ ਪੁਸ਼ਟੀ ਲਈ ਇਸ ਖ਼ਬਰ ੲੇਜੰਸੀ ਨੇ ਜਦੋਂ ਮਿਲਖਾ ਸਿੰਘ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ, ‘‘ਹਾਂ ਬੱਚਾ, ਮੈੈਂ ਲੰਘੇ ਦਿਨ (19 ਮਈ) ਕੋਵਿਡ-19 ਲਈ ਪਾਜ਼ੇਟਿਵ ਨਿਕਲ ਆਇਆ ਹਾਂ। ਪਰ ਮੈਂ ਠੀਕ ਹਾਂ, ਮੈਨੂੰ ਕੋਈ ਦਿੱਕਤ ਨਹੀਂ ਹੈ, ਨਾ ਬੁਖਾਰ ਤੇ ਨਾ ਖੰਘ ਹੈ। ਇਹ ਜਲਦੀ ਹੀ ਚਲਾ ਜਾਵੇਗਾ। ਮੇਰੇ ਡਾਕਟਰਾਂ ਨੇ ਮੈਨੂੰ ਦੱਸਿਆ ਹੈ ਕਿ ਮੈਂ ਤਿੰਨ-ਚਾਰ ਦਿਨਾਂ ’ਚ ਠੀਕ ਹੋ ਜਾਵਾਂਗਾ।’’
ਦੱਸਣਾ ਬਣਦਾ ਹੈ ਕਿ ਮਿਲਖਾ ਸਿੰਘ ਨੂੰ ਇਹਤਿਆਤ ਵਜੋਂ 23 ਮਈ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਕੁਝ ਦਿਨਾਂ ਮਗਰੋਂ ਉਨ੍ਹਾਂ ਦੀ ਪਤਨੀ ਤੇ ਕੌਮੀ ਵਾਲੀਬਾਲ ਟੀਮ ਦੀ ਕਪਤਾਨ ਨਿਰਮਲ ਕੌਰ ਨੂੰ ਵੀ ਕਰੋਨਾ ਕਰਕੇ ਉਥੇ ਦਾਖਲ ਕਰਵਾਉਣਾ ਪਿਆ। ਪਰਿਵਾਰ ਦੀ ਗੁਜ਼ਾਰਿਸ਼ ’ਤੇ ਮਿਲਖਾ ਸਿੰਘ ਨੂੰ ਹਸਪਤਾਲ ’ਚੋਂ ਡਿਸਚਾਰਜ ਕਰਵਾਉਣ ਤੱਕ ਦੋਵੇਂ ਜੀਅ ਇਕੋ ਰੂਮ ਵਿੱਚ ਦਾਖ਼ਲ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly