ਨਵੀਂ ਦਿੱਲੀ (ਸਮਾਜ ਵੀਕਲੀ): ਇੱਥੇ ਪੜਾਅਵਾਰ ਅਨਲੌਕ ਪ੍ਰਕਿਰਿਆ ਦੌਰਾਨ ਬਾਜ਼ਾਰਾਂ ਵਿੱਚ ਖ਼ਰੀਦਦਾਰਾਂ ਦੀ ਭਾਰੀ ਭੀੜ ਅਤੇ ਰੈਸਟੋਰੈਂਟਾਂ ਵੱਲੋਂ ਮੁੜ ਆਪਣਾ ਕਾਰੋਬਾਰ ਸ਼ੁਰੂ ਕਰਨ ਦਰਮਿਆਨ ਡਾਕਟਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਲੋਕਾਂ ਨੇ ਕਰੋਨਾ ਤੋਂ ਬਚਾਅ ਸਬੰਧੀ ਸੁਰੱਖਿਆ ਨੇਮਾਂ ਦੀ ਪਾਲਣਾ ਨਾ ਕੀਤੀ ਜਾਂ ਆਪਣੀ ਸੁਰੱਖਿਆ ਕਿਸੇ ਪੱਖੋਂ ਵੀ ਘਟਾਈ ਤਾਂ ਦਿੱਲੀ ਨੂੰ ਕਰੋਨਾ ਦੀ ਦੂਜੀ ਲਹਿਰ ਵਾਲੀ ਸਥਿਤੀ ਤੋਂ ਕਿਤੇ ਬਦਤਰ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇੱਥੋਂ ਦੇ ਮੁੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਇਹ ਬਿਆਨ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਮੰਚਾਂ ’ਤੇ ਬਾਜ਼ਾਰਾਂ ਵਿੱਚ ਲੱਗੀ ਲੋਕਾਂ ਦੀ ਭਾਰੀ ਭੀੜ ਸਬੰਧੀ ਤਸਵੀਰਾਂ ਵੇਖਣ ਮਗਰੋਂ ਆਇਆ ਹੈ। ਇਨ੍ਹਾਂ ਖ਼ਬਰਾਂ ਮੁਤਾਬਕ ਲੋਕਾਂ ਵੱਲੋਂ ਬਾਜ਼ਾਰਾਂ ਵਿੱਚ ਮਾਸਕ ਪਾਉਣ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਜਿਹੇ ਕੋਵਿਡ- 19 ਸਬੰਧੀ ਉਚਿਤ ਵਿਹਾਰ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਮੈਕਸ ਹਸਪਤਾਲ ਦੇ ਇੱਕ ਸੀਨੀਅਰ ਸਲਾਹਕਾਰ ਡਾ. ਸੂਰਨਜੀਤ ਚੈਟਰਜੀ ਨੇ ਕਿਹਾ ਕਿ ਜੇਕਰ ਲੋਕਾਂ ਵੱਲੋਂ ਸੁਰੱਖਿਆ ਨੇਮਾਂ ਦੀ ਪਾਲਣਾ ਨਾ ਕੀਤੀ ਗਈ ਤੇ ਜੇਕਰ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਮੁੜ ਮੁਸੀਬਤ ਵਿੱਚ ਫਸ ਜਾਵਾਂਗੇ।
ਉਨ੍ਹਾਂ ਕਿਹਾ ਕਿ ਅਪਰੈਲ ਵਿੱਚ 28,000 ਕੇਸਾਂ ਤੋਂ ਕੱਲ੍ਹ ਸਾਹਮਣੇ ਆਏ 131 ਕੇਸਾਂ ਤੋਂ ਪਤਾ ਲੱਗਦਾ ਹੈ ਕਿ ਕੇਸਾਂ ਦੀ ਗਿਣਤੀ ’ਚ ਨਾਟਕੀ ਢੰਗ ਨਾਲ ਕਮੀ ਆਈ ਹੈ ਤੇ ਜੇਕਰ ਇਸ ਪਿੱਛੇ ਮੁੱਖ ਕਾਰਨ ਲੌਕਡਾਊਨ ਰਿਹਾ ਹੈ ਤਾਂ ਸਾਨੂੰ ਹੁਣ ਬਹੁਤ ਸਾਵਧਾਨੀ ਨਾਲ ਚੱਲਣਾ ਪਵੇਗਾ, ਕਿਉਂਕਿ ਇਸ ਸਮੇਂ ਪੜਾਅਵਾਰ ਢੰਗ ਨਾਲ ਅਨਲੌਕ ਪ੍ਰਕਿਰਿਆ ਜਾਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly