ਫ਼ੌਜ ਨੇ ‘ਗਲਵਾਨ ਦੇ ਸ਼ਹੀਦਾਂ’ ਨੂੰ ਯਾਦ ਕੀਤਾ

ਨਵੀਂ ਦਿੱਲੀ/ਸੂਰਿਆਪੇਟ (ਸਮਾਜ ਵੀਕਲੀ): ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਅੱਜ ਹਥਿਆਰਬੰਦ ਬਲਾਂ ਵੱਲੋਂ ਉਨ੍ਹਾਂ 20 ਭਾਰਤੀ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਿਨ੍ਹਾਂ ਪਿਛਲੇ ਸਾਲ ਮੁਲਕ ਦੀ ਖੇਤਰੀ ਅਖੰਡਤਾ ਦੀ ਰਾਖੀ ਕਰਦਿਆਂ ਗਲਵਾਨ ਵਿਚ ਆਪਣੀ ਜਾਨ ਵਾਰ ਦਿੱਤੀ ਸੀ। ਹਿੰਸਕ ਟਕਰਾਅ ਦੀ ਪਹਿਲੀ ਬਰਸੀ ਮੌਕੇ ਫ਼ੌਜ ਮੁਖੀ ਨੇ ਕਿਹਾ ਕਿ ਜਵਾਨਾਂ ਦਾ ਮਹਾਨ ਬਲਿਦਾਨ ਜੋ ਉਨ੍ਹਾਂ ਬੇਹੱਦ ਉੱਚੇ ਇਲਾਕੇ ਵਿਚ ਔਖਿਆਈ ਦਾ ਸਾਹਮਣਾ ਕਰਦਿਆਂ ਦਿੱਤਾ, ਦੇਸ਼ ਵਾਸੀਆਂ ਦੇ ਚੇਤਿਆਂ ਵਿਚ ‘ਹਮੇਸ਼ਾ ਲਈ ਅਮਰ ਹੋ ਗਿਆ ਹੈ।’

ਜ਼ਿਕਰਯੋਗ ਹੈ ਕਿ ਪਿਛਲੇ ਸਾਲ 15 ਜੂਨ ਨੂੰ ਭਾਰਤੀ ਤੇ ਚੀਨੀ ਜਵਾਨਾਂ ਵਿਚਾਲੇ ਹੋਏ ਸਿੱਧੇ ਟਕਰਾਅ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਪੰਜ ਦਹਾਕਿਆਂ ਵਿਚ ਇਹ ਦੋਵਾਂ ਮੁਲਕਾਂ ਵਿਚਾਲੇ ਸਭ ਤੋਂ ਵੱਡਾ ਟਕਰਾਅ ਸੀ ਤੇ ਇਸ ਤੋਂ ਬਾਅਦ ਵੱਡੀ ਗਿਣਤੀ ਫ਼ੌਜ ਦੋਵਾਂ ਮੁਲਕਾਂ ਨੇ ਲੱਦਾਖ ਸਰਹੱਦ ਉਤੇ ਤਾਇਨਾਤ ਕਰ ਦਿੱਤੀ ਸੀ। ਚੀਨ ਨੇ ਵੀ ਫਰਵਰੀ ਵਿਚ ਮੰਨਿਆ ਸੀ ਕਿ ਉਸ ਦੇ ਪੰਜ ਫ਼ੌਜੀ ਅਧਿਕਾਰੀ ਤੇ ਜਵਾਨ ਭਾਰਤੀ ਫ਼ੌਜ ਨਾਲ ਟਕਰਾਅ ਵਿਚ ਮਾਰੇ ਗਏ ਸਨ।

ਜਦਕਿ ਭਾਰਤੀ ਫ਼ੌਜ ਦਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਜ਼ਿਆਦਾ ਜਵਾਨ ਮਾਰੇ ਗਏ ਸਨ। ਫ਼ੌਜ ਦੀ ਲੇਹ ਅਧਾਰਿਤ 14ਵੀਂ ਕੋਰ ਨੇ ਵੀ ‘ਗਲਵਾਨ ਦੇ ਸ਼ਹੀਦਾਂ’ ਨੂੰ ਸ਼ਰਧਾਂਜਲੀ ਭੇਟ ਕੀਤੀ। ਗਲਵਾਨ ਵਿਚ ਚੀਨੀ ਫ਼ੌਜ ਨਾਲ ਹੋਏ ਟਕਰਾਅ ’ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੇ ਇਕ ਬੁੱਤ ਤੋਂ ਅੱਜ ਤਿਲੰਗਾਨਾ ਦੇ ਸੂਰਿਆਪੇਟ ਵਿਚ ਮੰਤਰੀ ਕੇਟੀ ਰਾਮਾ ਰਾਓ ਨੇ ਪਰਦਾ ਹਟਾਇਆ। 16 ਬਿਹਾਰ ਰੈਜੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਬਾਬੂ ਨੂੰ ਮਰਨ ਉਪਰੰਤ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਵੱਲੋਂ ਕੋਵਿਡ ਪਾਬੰਦੀਆਂ ਵਿੱਚ ਢਿੱਲ
Next articleਗੁਰਦੁਆਰੇ ’ਚ ਮਸਜਿਦ ਦਾ ਨੀਂਹ ਪੱਥਰ ਸਮਾਗਮ