ਪੰਜਾਬੀ ਮਾਂ ਬੋਲੀ ਦੇ ਨਾਂ ਚੰਦ ਸ਼ਬਦ…

ਜਗਸੀਰ ਸਿੰਘ ਝੁੰਬਾ

(ਸਮਾਜ ਵੀਕਲੀ)

ਪੰਜਾਬੀ ਸੰਸਾਰ ਦੀਆਂ ਸਭ ਭਾਸ਼ਾਵਾਂ ਤੋਂ ਦਰੁਸਤ ਹਾਜ਼ਮਾ ਰੱਖਣ ਵਾਲ਼ੀ ਭਾਸ਼ਾ ਹੈ , ਇਸ ਦੀ ਲਿਪੀ ‘ਗੁਰਮੁਖੀ ਲਿਪੀ’ ਇੱਕ ਸੰਪੂਰਨ ਲਿੱਪੀ ਹੈ। ਅਰਬੀ ਫ਼ਾਰਸੀ ਦੇ ਪੈਰੀਂ ਬਿੰਦੀ ਆਲ਼ੇ ਅੱਖਰਾਂ ਸ਼ ,ਖ਼,ਗ਼,ਜ਼,ਫ਼,ਲ਼ ਨੇ ਇਸ ਨੂੰ ਹੋਰ ਅਮੀਰ ਬਣਾਇਆ ਹੈ ਇਸ ਦਾ ਫ਼ਲਸਫ਼ਾ ਕਿਸੇ ਨਾਲ਼ ਨਫ਼ਰਤ ਨਹੀਂ ਕਰਦਾ ਬਲਕਿ ਹਰ ਇੱਕ ਨੂੰ ਗਲ਼ ਲਾਉਂਦਾ ਹੈ । ਇਸ ਦੀ ਹਜ਼ਮ ਕਰਨ ਦੀ ਤਾਕਤ ਕਾਬਿਲੇਤਾਰੀਫ਼ ਹੈ । ਇਸਦਾ ਹਿਰਦਾ ਬਹੁਤ ਵਿਸ਼ਾਲ ਹੈ ਇਹ ਆਮ ਜਨ- ਮਾਨਸ ਦੀ ਭਾਸ਼ਾ ਹੈ, ਇਸ ਨੂੰ ਦੁਨੀਆਂ ਦੀ ਸਭ ਤੋਂ ਉੱਤਮ ਤੇ ਮਨੁੱਖੀ ਜੀਵਨ ਜਾਂਚ ਦਾ ਰਾਹ ਦਿਖਾਉਣ ਵਾਲ਼ੀ ਕਿਰਤ ਗੁਰੂ ਗ੍ਰੰਥ ਸਾਹਬ ਨੂੰ ਆਪਣੇ ਰਾਹੀਂ ਕਲਮ ਵੱਧ ਕਰਨ ਦਾ ਮਾਣ ਹਾਸਿਲ ਹੈ ,ਇਸ ਵਿੱਚ ਹਰੇਕ ਰਿਸ਼ਤੇ ,ਹਰੇਕ ਵਰਤਾਰੇ ਲਈ ਅਨੇਕਾਂ ਸ਼ਬਦ ਮੌਜੂਦ ਹਨ, ਜੇਕਰ ਅਸੀਂ ਕੋਈ ਭੁੱਲ ਵੀ ਜਾਈਏ ਤਾਂ ਦੂਜਾ ਸ਼ਬਦ ਸਾਡੇ ਉਦੋਂ ਈ ਯਾਦ ਆ ਜਾਂਦਾ ਹੈ ।

ਇਹ ਆਦਿ-ਜੁਗਾਦ ਦੀ ਬੋਲੀ ਹੈ। ਪੰਜਾਬੀ ਦੀ ਸੁਲੱਖਣੀ ਕੁੱਖ 9ਵੀਂ, 10ਵੀਂ ਸਦੀ ਨਾਥਾਂ- ਜੋਗੀਆਂ ਤੋਂ ਸ਼ੁਰੂ ਹੋ ਕੇ ਬਾਬਾ ਸੇਖ਼ ਫ਼ਰੀਦ , ਬੁੱਲ੍ਹੇ ਸ਼ਾਹ ,ਸੁਲਤਾਨ ਬਾਹੂ,ਵਾਰਿਸ਼ ਸ਼ਾਹ ਤੇ ਗੁਰੂ ਸਾਹਿਬਾਨ ਰਾਹੀਂ ਇਹ ਅੱਜ ਤੱਕ ਲੱਖਾਂ ਬਾਹਰੀ ਸ਼ਬਦਾਂ ਨੂੰ ਸੀਨੇ ਨਾਲ਼ ਲਾ ਕੇ ਆਪਣਾ ਬਣਾ ਚੁੱਕੀ ਹੈ, ਇਹ ਇੱਕ ਵਿਕਾਸ਼ਸ਼ੀਲ ਭਾਸ਼ਾ ਹੈ ਇਸ ਦੀ ਕਾਵਿ ਸ਼ੈਲੀ ਦੇ ਅਲੰਕਾਰ ਕਮਾਲ ਦੇ ਹਨ ਇਸ ਦੇ ਸੱਭਿਆਚਾਰ ਦੀ ਵੰਨਗੀ ਰੂਹ ਨੂੰ ਬਾਗ਼-ਬਾਗ਼ ਕਰ ਦਿੰਦੀ ਹੈ ਇਸਦੇ ਰਿਸ਼ਤਿਆਂ ਦੇ ਨਾਂ ਮਿਠਾਸ ਨਾਲ਼ ਭਰੇ ਹਨ ਤੇ ਹਰ ਰਿਸ਼ਤਾ ਸਾਹਮਣੇ ਵਾਲ਼ੇ ਨੂੰ ਮੁਖ਼ਾਤਬ ਹੋਣ ਤੇ ਤਸੱਲੀ ਦਿੰਦਾ ਹੈ ,ਇਸ ਦੀ ਗਾਇਕੀ ਰੂਹ ਨੂੰ ਸਕੂਨ ਦਿੰਦੀ ਹੈ ,ਇਸ ਦੇ ਮੁਹਾਵਰੇ ,ਲਕੋਕਤੀਆਂ ਸ਼ਬਦਾਂ ਦੇ ਮਨਾ ਮੂੰਹੀਂ ਭੰਡਾਰ ਨੂੰ ਥੋੜੇ ਸ਼ਬਦਾਂ ਵਿੱਚ ਕਹਿ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੰਦੀਆਂ ਹਨ ।

ਜਰਾ ਇਸ ਦੇ ਡੂੰਘੇ ਅਰਥਾਂ ਦੀ ਅਮੀਰੀ ਦੇਖੋ:- ਨੀ ਮੈਂ ਅੱਕ ਕੇ ਜੇਠ ਨਾਲ਼ ਲਾਈਆਂ ,ਮਰਦੀ ਨੇ ਅੱਕ ਚੱਬਿਆ,,,; ਸੁੱਕਾ ਕੰਨੀ ਦੇ ਕਿਆਰੇ ਵਾਂਗੂ ਜੇਠ ਰਹਿ ਗਿਆ..; ਮਾਂ ਜੰਮੀ ਨੀ ਪੁੱਤ ਕੋਠੇ ਤੇ , ਦਾੜ੍ਹੀ ਨਾਲ਼ੋਂ ਮੁੱਛਾਂ ਵੱਧ ਗੀਆਂ ; ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ਼ , ਆਦਿ ।ਇਸ ਦੀ ਬਾਣੀ ਮਨੁੱਖੀ ਭਾਈਚਾਰੇ ਤੇ ਬਰਾਬਰਤਾ ਦਾ ਸੁਨੇਹਾ ਦਿੰਦੀ ਹੈ :-
ਮਾਨਸੁ ਕੀ ਜਾਤ ਸਭੈ ਏਕ ਪਹਿਚਾਣਬੋ।।
ਸੋ ਕੋ ਮੰਦਾ ਆਖੀਐ ਜਿਤ ਜੰਮੇ ਰਾਜਾਨ।।

ਇਸ ਦੇ ਫ਼ਕੀਰ ਦਿਮਾਗ਼ ਦੇ ਦਰਵਾਜ਼ੇ ਖੋਲ੍ਹਦੇ ਹਨ ਤੇ ਸਮਝ ਦਾ ਸਿਖ਼ਰ ਹਨ ..
ਮੰਦਰ ਢਾਹ ਦੇ ,ਮਸਜਿਦ ਢਾਹ ਦੇ ,ਢਾਹ ਦੇ ਜੋ ਕੁੱਝ ਢਹਿੰਦਾ ,ਦਿਲ ਨਾ ਕਿਸੇ ਦਾ ਢਾਹੀਂ ਬੁੱਲਿਆ ਰੱਬ ਦਿਲਾਂ ਵਿੱਚ ਰਹਿੰਦਾ…
ਪੰਜਾਬੀ ਸੱਭਿਆਚਾਰ ਮਨੁੱਖੀ ਪਿਆਰ ,ਆਪਸੀ ਸਾਂਝ ਤੇ ਰਿਸ਼ਤਿਆਂ ਦੀ ਕਦਰ ਨਾਲ਼ ਭਰਿਆ ਪਿਆ ਹੈ।ਇੱਕ ਗੱਲ ਹੋਰ ਸੋਚਿਓ ਜੇਕਰ ਪੰਜਾਬੀ ਵਿੱਚ ਕੋਈ ਗਾਲ਼ ਵੀ ਕੱਢੇ ਤਾਂ ਉਹ ਵੀ ਜੱਚਦੀ ਹੈ ਹੋਰ ਕਿਸੇ ਭਾਸ਼ਾ ‘ ਚ ਇਹ ਗੁਣ ਨਹੀਂ ।

ਜੇਕਰ ਇਸ ਦੇ ਨਿਕਾਸ ਤੇ ਵਿਕਾਸ ਦੀ ਗੱਲ ਕਰੀਏ ਤਾਂ ਡਾ. ਬੂਟਾ ਸਿੰਘ ਬਰਾੜ ਮੁਤਾਬਕ” ਪੰਜਾਬੀ ਬੋਲੀ ਦਾ ਮੂਲ਼ ਸੰਸਕਿ੍ਤ ਨਹੀਂ ਬਲਕਿ ਪਾਕ ਪ੍ਰਾਕਰਿਤ ਹੈ,ਜੋ ਕੇ ਮੁੱਢ ਤੋਂ ਇੱਥੇ ਵਸਦੇ ਲੋਕਾਂ ਦੇ ਬੋਲ – ਚਾਲ ਦੀ ਭਾਸ਼ਾ ਸੀ।”

ਡਾ ਜੋਗਾ ਸਿੰਘ ਨੇ ਵੀ ਦੱਸਿਆ ਕਿ ਜਦੋਂ ਤੋਂ ਪੰਜਾਬ ਦੀ ਇਹ ਧਰਤੀ ਹੈ ਉਦੋਂ ਤੋਂ ਹੀ ਪੰਜਾਬੀ ਦਾ ਮੂਲ਼ ਹੈ ।

ਉਹਨਾਂ ਕਿਹਾ ਵੱਖ- ਵੱਖ ਨਸਲਾਂ, ਵੱਖ- ਵੱਖ ਕਬੀਲੇ ਤੇ ਵੱਖ-ਵੱਖ ਕੌਮਾਂ ਜਿਵੇਂ -ਜਿਵੇਂ ਪੰਜਾਬ ਵਿੱਚ ਆਏ ,ਉਹਨਾਂ ਨੇ ਪੰਜਾਬੀ ਦਾ ਹੋਰਨਾ ਭਾਸ਼ਾਵਾਂ ਵਿੱਚ ਮਿਸ਼ਰਨ ਕਰ ਦਿੱਤਾ । ਪਰ ਜਿਹੜੀ ਮੂਲ਼ ਰੂਪ ਵਿੱਚ ਏਥੋਂ ਦੀ ਭਾਸ਼ਾ ਹੈ ਉਹ ਸਥਾਨਕ ਭਾਸ਼ਾ ਪੰਜਾਬੀ ਹੀ ਹੈ।”

ਪੰਜਾਬੀ ਦੇ ਤੜਕੇ ਬਿਨਾਂ ਕੋਈ ਬਾਲੀਵੁੱਡ ਦੀ ਫਿਲਮ ਨਹੀਂ ਚਲਦੀ ਅਜੋਕੇ ਸਮੇਂ ਦੇ ਬਹੁਤੇ ਗੀਤ ਸਾਡੇ ਪੰਜਾਬੀ ਦੇ ਪਿਛਲ਼ੇ ਦਹਾਕਿਆਂ ਦੌਰਾਨ ਗਾਏ ਗਏ ਗੀਤਾਂ ਦਾ ਹੀ ਰੀਮਿਕਸ ਜਾਂ ਰਲੇਵਾਂ ਹਨ ਪੰਜਾਬੀ ਸਾਡੇ ਖ਼ੂਨ ਵਿੱਚ ਵਸੀ ਹੋਈ ਭਾਸ਼ਾ ਹੈ ਇਸ ਨੂੰ ਅਸੀਂ ਆਪਣੀ ਮਾਂ ਦੇ ਦੁੱਧ ਰਾਹੀਂ ਚੁੰਘਿਆ ਤੇ ਹਜ਼ਮ ਕੀਤਾ ਹੈ ,ਇਹ ਸਾਡੇ ਬਾਪੂ,ਚਾਚੇ- ਤਾਇਆਂ, ਮਾਮਿਆਂ ,ਫੁੱਫੜਾਂ , ਜੀਜਿਆਂ ,ਸਾਲ਼ਿਆਂ , ਦੋਸਤਾਂ,ਮਿਤਰਾਂ ਆਦਿ ਦੇ ਮੂੰਹੋਂ ਨਿਕਲੇ ਬੋਲਾਂ ਦਾ ਸ਼ਿੰਗਾਰ ਹੈ ਅਸੀਂ ਪੰਜਾਬੀ ਬੋਲਦੇ ਹੀ ਨਹੀਂ ਪੰਜਾਬੀ ਜਿਉਂਦੇ ਵੀ ਹਾਂ ਬੇਸ਼ੱਕ ਸਮੇਂ ਦੀ ਲੋੜ ਤੇ ਸੰਸਾਰੀਕਰਨ ਨੇ ਸਾਨੂੰ ਇੱਕ -ਦੂਜੇ ਦੇ ਬੇਹੱਦ ਨਜ਼ਦੀਕ ਲੈ ਆਂਦਾ ਹੈ , ਅਸੀਂ ਹਿੰਦੀ ,ਅੰਗਰੇਜ਼ੀ,ਜਰਮਨ, ਫਰੈਂਚ ਆਦਿ ਬੋਲਣ ਲੱਗੇ ਹਾਂ ਪਰ ਇੱਕ ਗੱਲ ਸੋਚਿਓ ਅਸੀਂ ਸੋਚਦੇ ਸਿਰਫ਼ ਪੰਜਾਬੀ ‘ ਚ ਹੀ ਹਾਂ । ਪੰਜਾਬੀ ਮਾਂ ਬੋਲੀ ਦੀ ਵਿਸ਼ਾਲਤਾ ਨੂੰ ਬਿਆਨ ਕਰਦੀ ਇੱਕ ਬਹੁਤ ਹੀ ਖ਼ੂਬਸੂਰਤ ਵੰਨਗੀ ਅਤਿਕਥਨੀ ਨਾਲ਼ ਮੈਂ ਇਸ ਲਿਖ਼ਤ ਨੂੰ ਵਿਰਾਮ ਦੇ ਰਿਹਾ ਹਾਂ-

ਬੁੱਲ੍ਹ ਲਾਲ ਸੁਰਖ਼ ,ਸੂਹੇ ਲਾਲ਼ ਉਸਦੇ
ਲਾਲ਼ ਵੇਖ ਸ਼ਰਮਾਂਵਦੇ ਲਾਲੀਆਂ ਨੂੰ…
ਵਲਾਂ ਵਾਲੀਆਂ ਉਸਦੀਆਂ ਵਾਲ਼ੀਆਂ ਨੇ ਲਿਆ ਲੁੱਟ ਜਹਾਨ ਦਿਆਂ ਵਾਲੀਆਂ ਨੂੰ…!

ਜਗਸੀਰ ਸਿੰਘ ‘ਝੁੰਬਾ’
ਅੰਗਰੇਜ਼ੀ ਮਾਸਟਰ
ਸਮਸਸਸ ਰਾਏ-ਕੇ ਕਲਾਂ
9501433344

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ ਭਜਨ ( ਸਾਈ ਲੋਕ ) ਦਾ ਪੋਸਟਰ ਹੋਇਆ ਰਿਲੀਜ਼ ਰਣਵੀਰ ਬੇਰਾਜ
Next articleਅਕਾਲੀ – ਬਸਪਾ ਚੋਣ ਗੱਠਜੋੜ ਨੂੰ ਲੈ ਕੇ ਹਲਕਾ ਦਿੜ੍ਹਬਾ (ਰਿਜਰਵ) ਦੇ ਆਗੂਆ ਦਾ ਕੀ ਪ੍ਰਤੀਕਰਮ