ਮੇਰੇ ਪਿੰਡ ਦੀ ਗਲੀਆਂ….

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਮੇਰੇ ਗਲ਼ ਲੱਗ ਜ਼ਾਰੋ-ਜਾਰ ਅੱਜ,
ਮੇਰੇ ਪਿੰਡ ਦੀਆਂ ਗਲੀਆਂ ਬਹੁਤ ਰੋਈਆਂ।
ਜਿਸ ਮਿੱਟੀ ਵਿੱਚ ਖੇਡੀ ਸਾਂ ਮੈਂ,
ਉਸ ਮਿੱਟੀ ਦੀਆਂ ਡਲੀਆਂ ਬਹੁਤ ਰੋਈਆਂ।
ਮੇਰੇ ਪਿੰਡ ਦੀਆਂ…..
ਚਿਰਾਂ ਬਾਅਦ ਸੀ ਬਹੁਤ ਅੱਜ,
ਆਪਣੇ ਪਿੰਡ ਦਾ ਗੇੜਾ ਮਾਰਿਆ।
ਉੱਜੜੇ ਹੋਏ ਘਰ ਦਾ ਹਰ ਇੱਕ ਕੋਨਾ,
ਬੜੇ ਗਹੁ ਨਾਲ਼ ਮੈਂ ਨਿਹਾਰਿਆ।
ਹੱਥ ਲਾਇਆ ਜਦ ਗੁਲਾਬ ਦੇ ਬੂਟੇ ਨੂੰ,
ਉਹਦੀਆਂ ਸੁੱਕੀਆਂ ਕਲੀਆਂ ਬਹੁਤ ਰੋਈਆਂ।
ਮੇਰੇ ਪਿੰਡ ਦੀਆਂ….
ਜਿੱਥੇ ਕਿਣਕਾ ਨਾਂ ਡਿੱਗਣ ਦਿੰਦੀ ਸੀ,
ਓਸ ਵਿਹੜੇ ‘ਚ ਘਾਹ ਉੱਗ ਗਿਆ ਸੀ।
ਇੱਕ ਰੁੱਖ ਸੀ ਮਿੱਠੇ ਅਮਰੂਦਾਂ ਦਾ,
ਜੋ ਬਾਝ ਪਾਣੀ ਦੇ ਸੁੱਕ ਗਿਆ ਸੀ।
ਜੋ ਚੂਰੀ ਕਾਵਾਂ ਨੂੰ ਪਾਉਂਦੀਆਂ ਸੀ,
ਉਹ ਬੁੱਢੀਆਂ ਤਲੀਆਂ ਬਹੁਤ ਰੋਈਆਂ।
ਮੇਰੇ ਪਿੰਡ ਦੀਆਂ….
ਵੀਰੇ ਮੁੱਕੇ ਸੱਭ ਕੁੱਝ ਸੀ ਮੁੱਕਿਆ,
ਪਿੰਡ ਦੇ ਨਾਲ਼ੋਂ ਸੀ ਨਾਤਾ ਟੁੱਟਿਆ।
ਕਦੋਂ ਹੱਸੇ ਤੇ ਕਦ ਗਲ਼ ਲੱਗ ਰੋਏ,
ਸਾਲਾਂ ਬਾਅਦ ਸੀ ਖਾਤਾ ਚੁੱਕਿਆ।
ਕਦੇ ਮਸਤੀ ਵਿੱਚ ਸੀ ਗੁਜ਼ਰੀਆਂ,
ਓਹ ਯਾਦਾਂ ਭਲੀਆਂ ਬਹੁਤ ਰੋਈਆਂ।
ਮੇਰੇ ਪਿੰਡ ਦੀਆਂ…
ਅੰਗੂਰੀਂ ਲੱਦੀਆਂ ਵੇਲਾਂ ਟੁੱਟ ਗਈਆਂ,
ਗਲ਼ ਨਾਲ਼ੋਂ ਜਿਉਂ ਬਾਹਾਂ ਭੱਜੀਆਂ।
ਸੁਪਨਿਆਂ ਦੇ ਵਿੱਚ ਲੈ ਗਈਆਂ ਉਹ,
ਯਾਦਾਂ ਦੇ ਨਾਲ਼ ਰਾਹਾਂ ਸੱਜੀਆਂ।
ਚੁੱਲ੍ਹੇ ਮੂਹਰੇ ਖੇਡਦਿਆਂ ‘ਮਨਜੀਤ’,
ਉਹ ਰੋਟੀਆਂ ਜਲੀਆਂ ਬਹੁਤ ਰੋਈਆਂ।
ਮੇਰੇ ਪਿੰਡ ਦੀਆਂ ਗਲੀਆਂ ਬਹੁਤ ਰੋਈਆਂ…
ਮੇਰੇ ਪਿੰਡ ਦੀਆਂ ਗਲੀਆਂ ਬਹੁਤ ਰੋਈਆਂ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ।

ਸੰ:9464633059

Previous articleਕਲਮਾਂ
Next articleਸੂਰਜ ,ਚੰਨ , ਸਿਤਾਰੇ