ਪਟਿਆਲਾ ,ਸਮਾਜ ਵੀਕਲੀ: ਬੇਅਦਬੀ ਸਮੇਤ ਹੋਰ ਮਾਮਲਿਆਂ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਉਨ੍ਹਾਂ ਦੇ ਹੀ ਜੱਦੀ ਸ਼ਹਿਰ ਪਟਿਆਲਾ ਵਿਚ ਰਹਿ ਕੇ ਹੀ ਸਰਗਰਮੀਆਂ ਚਲਾ ਰਹੇ ਹਨ। ਉਧਰ ਸਰਕਾਰ ਵੀ ਉਨ੍ਹਾਂ ਦੀਆਂ ਸਰਗਰਮੀਆਂ ’ਤੇ ਪੂਰੀ ਨਜ਼ਰ ਰੱਖ ਰਹੀ ਹੈ। ਸਿੱਧੂ ਦੀਆਂ ਸਰਗਰਮੀਆਂ ਵਾਚਣਾ ਵੀ ਇਨ੍ਹੀਂ ਦਿਨੀਂ ਪੰਜਾਬ ਸਰਕਾਰ ਦੇ ਖੁਫ਼ੀਆਤੰਤਰ ਦੇ ਮੁੱਖ ਏਜੰਡਿਆਂ ’ਚ ਸ਼ੁਮਾਰ ਹੈ। ਸਿੱਧੂ ਦੀ ਇਥੇ ਯਾਦਵਿੰਦਰਾ ਕਾਲੋਨੀ ਸਥਿਤ ਰਿਹਾਇਸ਼ ਦੇ ਇਰਦ-ਗਿਰਦ ਸਾਦੀ ਵਰਦੀ ’ਚ ਪੁਲੀਸ ਮੁਲਾਜ਼ਮ ਦਿਨ-ਰਾਤ ਪਹਿਰਾ ਦਿੰਦੇ ਹਨ। ਹੁਣ ਜਦੋਂ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਅਤੇ ਕੈਪਟਨ ਸਮੇਤ ਨਾਰਾਜ਼ ਵਿਧਾਇਕਾਂ ਦੀ ਗੱਲ ਸੁਣਨ ਲਈ ਤਿੰਨ-ਮੈਂਬਰੀ ਕਮੇਟੀ ਬਣਾ ਦਿੱਤੀ ਹੈ ਤਾਂ ਪੰਜਾਬ ਸਰਕਾਰ ਦੀ ਸਿੱਧੂ ’ਤੇ ਨਿਗਾਹ ਹੋਰ ਵੀ ਵਧ ਗਈ ਹੈ, ਤਾਂ ਜੋ ਉਸ ਦੀਆਂ ਸਰਗਰਮੀਆਂ ਦਾ ਅਗਾਊਂ ਪਤਾ ਲਾਇਆ ਜਾ ਸਕੇ।
ਕਾਂਗਰਸ ਦੀ ਕਮੇਟੀ ਕੋਲ ਭਾਵੇਂ ਕਈ ਵਿਧਾਇਕ ਅੱਜ ਪੇਸ਼ ਹੋ ਗਏ ਹਨ, ਪਰ ਨਵਜੋਤ ਸਿੱਧੂ ਵੱਲੋਂ ਇਸ ਕਮੇਟੀ ਨਾਲ ਪਹਿਲੀ ਜੂਨ ਨੂੰ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅੱਜ ਜਦੋਂ ਸਿੱਧੂ ਆਪਣੀ ਰਿਹਾਇਸ਼ ਤੋਂ ਬਾਹਰ ਨਿਕਲੇ ਤਾਂ ਇਹੀ ਅੰਦਾਜ਼ਾ ਲਾਇਆ ਗਿਆ ਕਿ ਉਹ ਦਿੱਲੀ ਚਲੇ ਗਏ ਹਨ ਪਰ ਸ਼ਾਮ ਨੂੰ ਉਹ ਮੁੜ ਘਰ ਪਰਤ ਆਏ। ਸਿੱਧੂ ਦੀ ਅੱਜ ਦੀ ਇਸ ਗੁਪਤ ਫੇਰੀ ਤੋਂ ਸਰਕਾਰ ਚਿੰਤਤ ਸਮਝੀ ਜਾ ਰਹੀ ਹੈ। ਇਸ ਸਬੰਧੀ ਜਦੋਂ ਸ੍ਰੀ ਸਿੱਧੂ ਨਾਲ ਗੱਲ ਕਰਨੀ ਚਾਹੀ, ਤਾਂ ਉਨ੍ਹਾਂ ਦੇ ਸਾਰੇ ਫੋਨ ਬੰਦ ਆ ਰਹੇ ਸਨ। ਉਂਜ ਰਾਤ 9 ਵਜੇ ਤੱਕ ਉਹ ਪਟਿਆਲਾ ’ਚ ਹੀ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly