ਸਮਾਜ ਵੀਕਲੀ
“ਜਿੰਦ ਮੇਰੀ ਤਾਂ ਬਚਦੀ” ਸ੍ਰੀ ਦੀਦਾਰ ਸੰਧੂ ਦੁਆਰਾ ਗਾਇਆ ਬਹੁਤ ਹੀ ਖ਼ੂਬਸੂਰਤ ਗੀਤ ਜਦ ਵੀ ਸੁਣਦੀ ਹਾਂ ਰੂਹ ਨੂੰ ਰੁਸ਼ਨਾ ਜਾਂਦਾ ਹੈ । ਗੀਤ ਦਾ ਰੂਹ ਤੱਕ ਉੱਤਰ ਜਾਣਾ ਹੀ ਉਸਦੀ ਸਫ਼ਲਤਾ ਹੁੰਦਾ ਹੈ । ਪੁਰਾਣੇ ਸਮਿਆਂ ਵਿੱਚ ਪਰਿਵਾਰਾਂ ਅਤੇ ਰਿਸ਼ਤਿਆਂ ਦਾ ਸੰਘਣਾ ਹੋਣਾ ਵੀ ਬਿਨਾ ਸ਼ੱਕ ਉਹਨਾਂ ਦੇ ਹਾਣ ਦੀ ਗਾਇਕੀ ਦਾ ਹੋਣਾ ਹੈ । ਅੱਜ-ਕੱਲ੍ਹ ਵਿਆਹਾਂ ਅਤੇ ਪਰਿਵਾਰਾਂ ਦਾ ਖਿੱਲਰ ਜਾਣਾ ਵੀ ਅਜੋਕੀ ਗਾਇਕੀ ਤੇ ਉਂਗਲ ਕਰਦਾ ਹੈ । ਖ਼ਾਸ ਕਰਕੇ ਨਸ਼ਿਆਂ , ਫ਼ੋਕੀ ਸਾਨੋ-ਸ਼ੌਕਤ ਦਾ ਦਿਖਾਵਾ, ਹਥਿਆਰਾਂ ਵਾਲੇ ਅਤੇ ਲੜਾਈਆਂ ਵਾਲੇ ਗੀਤ । ਬਹੁਤ ਥੋੜੇ ਗਾਇਕ ਹਨ ਜਿਹਨਾਂ ਦੀ ਗਾਇਕੀ ਇਤਿਹਾਸ ਅਤੇ ਸੱਭਿਆਚਾਰਿਕ ਕਦਰਾਂ-ਕੀਮਤਾਂ ਨਾਲ ਮੇਲ ਖਾਂਦੀ ਹੈ ।
ਗੀਤਾਂ ਦਾ ਰੌਲਾ-ਰੱਪਾ ਵੱਧ ਜਾਣ ਕਰਕੇ ਜ਼ਿਆਦਾਤਰ ਲੋਕ ਸ਼ਾਂਤੀ ਦੀ ਭਾਲ ਵੱਲ ਤੁਰ ਪਏ ਹਨ । ਚੰਗੇ ਗੀਤਾਂ ਦਾ ਸਾਡੇ ਬੌਧਿਕ ਅਤੇ ਮਾਨਸਿਕ ਵਿਕਾਸ ਨਾਲ ਡੂੰਘਾ ਸੰਬੰਧ ਹੈ । ਇਸ ਤੋਂ ਇਲਾਵਾ ਚੰਗੇ ਗੀਤ ਰਿਸ਼ਤਿਆਂ ਨੂੰ ਪੱਕਾ ਕਰਨ ਲਈ ਬਹੁਤ ਹੀ ਜ਼ਿਆਦਾ ਕਾਰਗਾਰ ਹੋਇਆ ਕਰਦੇ ਹਨ । ਕਾਫ਼ੀ ਦੇਰ ਬਾਦ ਇੱਕ ਦੋਸਤ ਦੁਆਰਾ ਭੇਜੀ ਜਗਜੀਤ ਸਿੰਘ ਦੀ ਗਜ਼ਲ ਸੁਣਨ ਨੂੰ ਮਿਲੀ ,ਜਿਸਦੇ ਬੋਲ ਕਿਸੇ ਦੇ ਘਰ ਵਿੱਚ ਆਉਣ ਦੀ ਖੁਸ਼ੀ ਨੂੰ ਬਹੁਤ ਹੀ ਸੁੰਦਰਤਾ ਨਾਲ ਪ੍ਰਗਟ ਕਰਦੇ ਹਨ । ਇਸ ਗਜ਼ਲ ਵਿੱਚ ਗਹਿਰਾ ਠਹਿਰਾਓ ਹੈ ਜੋ ਰੂਹ ਦਾ ਗ਼ਜ਼ਲ ਨਾਲ ਮੇਲ ਕਰਾਉਣ ਵਿੱਚ ਸੌ ਫੀਸਦੀ ਕਾਮਯਾਬ ਹੁੰਦਾ ਹੈ ਗਜ਼ਲ ਦੇ ਬੋਲ ਹਨ:-
“ਤੇਰੇ ਆਨੇ ਕੀ ਜਬ ਖ਼ਬਰ ਮਹਿਕੇ…….,
ਤੇਰੀ ਖੁਸ਼ਬੂ ਸੇ ਸਾਰਾ ਘਰ ਮਹਿਕੇ……..।
ਇਹ ਬੋਲ ਰਿਸ਼ਤੇ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ । ਜੇ ਦੇਖਿਆ ਜਾਵੇ ਅੱਤ ਦੀ ਮਹੱਬਤ ਹੈ ਗੀਤ ਵਿੱਚ ਮਹਿਬੂਬ ਦੇ ਲਈ । ਦਿਲ ਦੇ ਭਾਵਾਂ ਨੂੰ ਏਨੇ ਮਾਣ- ਸਤਿਕਾਰ ਦੇਣ ਵਾਲੇ ਬੋਲ ਕਿਵੇਂ ਨਹੀਂ ਕਹਿ ਉੱਠਣਗੇ ,” ਜਿੰਦ ਮੇਰੀ ਤਾਂ ਬਚਦੀ ।”
ਇਸੇ ਤਰਾਂ ਕੁਝ ਗੀਤ ਰੁੱਸੇ ਹੋਏ ਮਾਹੀ ਨੂੰ ਮਨਾਉਣ ਦਾ ਕੰਮ ਵੀ ਬੜੀ ਖ਼ੂਬਸੂਰਤੀ ਨਾਲ ਕਰ ਜਾਂਦੇ ਹਨ ਜੇ ਇਹਨਾਂ ਗੀਤਾਂ ਤੇ ਵਿਚਾਰ ਕੀਤੀ ਜਾਵੇ । ਅਜਿਹੇ ਗੀਤ ਦਾਦੀਆਂ ਤੋਂ ਸੁਣਨ ਨੂੰ ਹੀ ਮਿਲਦੇ ਹਨ । ਪੇਸ਼ ਹੈ ਮੇਰੀ ਦਾਦੀ ਦੀ ਜ਼ੁਬਾਨ ਤੇ ਆਉਣ ਵਾਲਾ ਅਕਸਰ ਇੱਕ ਗੀਤ :-
ਮੈਨੂੰ ਰਾਤ ਨੂੰ ਨੀਂਦ ਨਾ ਆਵੇ..,
ਨੀ ਮਾਹੀ ਮੇਰਾ ਗ਼ੁੱਸੇ ਗ਼ੁੱਸੇ…..।
ਮੇਰਾ ਜੋਬਨ ਡੁੱਲ ਡੁੱਲ ਜਾਵੇ…,
ਨੀ ਮਾਹੀ ਮੇਰਾ ਗ਼ੁੱਸੇ ਗ਼ੁੱਸੇ…..।
ਰਿਸ਼ਤਿਆਂ ਨੂੰ ਠੰਡਕ ਜਾਂ ਤਲਖ਼ ਦੇਣ ਲਈ ਸਮਾਜ ਵਿੱਚ ਗਾਇਆ ਜਾਣ ਵਾਲਾ ਗੀਤ-ਸੰਗੀਤ ਵੀ ਜ਼ੁੰਮੇਵਾਰ ਹੁੰਦਾ ਹੈ । ਰਿਸ਼ਤਿਆਂ ਵਿੱਚ ਸਬਰ ਸੰਤੋਖ ਜੋ ਪੁਰਾਣੇ ਸਮਿਆਂ ਵਿੱਚ ਸੀ ਓਹ ਅੱਜ ਨਹੀਂ ਰਿਹਾ । ਸ਼ਾਇਦ ਲੋਕ ਓਦੋਂ ਸਿੱਧੇ ਤੇ ਭੋਲ਼ੇ ਸਨ । ਕੁੜੀਆਂ ਅਤੇ ਮੁੰਡਿਆਂ ਦੇ ਵਿਆਹ ਬਿਨਾ ਦੇਖੇ ਵੱਡਿਆਂ ਦੀ ਜ਼ੁਬਾਨ ਦੇ ਆਧਾਰ ਤੇ ਹੀ ਨਿਭਦੇ ਰਹੇ ਹਨ । ਘਰ ਵਿੱਚ ਕਈ -ਕਈ ਬੱਚੇ ਹੁੰਦੇ ਸਨ ਅਤੇ ਇੱਕ ਦੂਸਰੇ ਦੀ ਮੱਦਦ ਕਰਕੇ ਵੱਡੇ ਹੁੰਦੇ ਸਨ । ਦਿਉਰ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਰਨ ਨੂੰ ਪਹਿਲ ਦਿੰਦਾ ਸੀ ਕਿਉਂਕਿ ਭਾਬੀ ਤੋਂ ਹੀ ਭੈਣ ਦਾ ਅੰਦਾਜ਼ਾ ਲਾ ਲੈਂਦੇ ਸਨ ਕਿ ਲੜਕੀ ਦੀ ਸੂਰਤ ਤੇ ਸੀਰਤ ਕਿਵੇਂ ਦੀ ਹੋ ਸਕਦੀ ਹੈ । ਮਾਮੇ ਅਤੇ ਭੂਆ ਦੀਆਂ ਕੁੜੀਆਂ ਦਾ ਦਰਾਣੀ ਤੇ ਜਿਠਾਣੀ ਬਣਨਾ , ਮਾਸੀ ਦੁਆਰਾ ਭਾਣਜੀ ਦਾ ਸਾਕ ਲੈ ਜਾਣਾ ਅਤੇ ਭੂਆ ਅਤੇ ਭਤੀਜੀ ਦਾ ਸਾਕ ਸਕੇ ਭਰਾਵਾਂ ਆਦਿ ਨੂੰ ਹੋ ਜਾਣਾ ਆਮ ਵਰਤਾਰਾ ਰਿਹਾ ਹੈ । ਕੁੜੀਆਂ ਗਿੱਧੇ ਵਿੱਚ ਬੋਲੀ ਵੀ ਪਾਉਂਦੀਆਂ ਸਨ :-
“ ਪੇਕੇ ਦੋਵੇਂ ਭੈਣਾਂ ਨੱਚੀਏ, ਸਹੁਰੇ ਨੱਚੀਏ ਦਰਾਣੀਆਂ ਜਿਠਾਣੀਆਂ “
ਇਸ ਦੇ ਉਲਟ ਅਜੋਕੇ ਸਮਾਜ ਵਿੱਚ ਇਹ ਆਪਸੀ ਵਿਸ਼ਵਾਸ ਨਹੀਂ ਰਹੇ ਅਤੇ ਅਸੀਂ ਪੈਸੇ ਦੇ ਕੇ ਮੈਟਰੀਮੋਨੀਅਲ ਸਰਵਿਸ ਲੈਂਦੇ ਹਾਂ ਰਿਸ਼ਤੇ ਫੇਰ ਵੀ ਕਮਜ਼ੋਰ ਅਤੇ ਫਿੱਕੇ ਹੋ ਗਏ ਹਨ । ਹੁਣ ਕੁੜੀਆਂ ਓਹ ਬੋਲੀ ਵੀ ਪਾਉਣ ਜੋਗੀਆਂ ਵੀ ਨਹੀਂ ਰਹੀਆਂ,
,”ਮੱਕੀ ਦਾ ਦਾਣਾ ਟਿੰਡ ਵਿੱਚ ਵੇ ,
ਵਿਚੋਲਾ ਨਹੀਂ ਰੱਖਣਾ ਪਿੰਡ ਵਿੱਚ ਵੇ ।
ਨਵਾਂ ਜ਼ਮਾਨਾ ਆ ਤਾਂ ਗਿਆ ਪਰ ਰਿਸ਼ਤਿਆਂ ਨੂੰ ਘੁਣ ਵਾਂਗ ਖਾ ਗਿਆ ਹੈ , ਓਹ ਮਾਹੀ ਵਾਲੀਆਂ ਬੋਲੀਆਂ ਅਜੇ ਵੀ ਪੁਰਾਣੀਆਂ ਬੋਲੀਆਂ ਹੀ ਅਸੀਂ ਗਿੱਧੇ ਵਿੱਚ ਪਾਉਂਦੇ ਆ ਰਹੇ ਹਾਂ । ਗੱਲਾਂ ਪਹਿਲਾਂ ਵਾਲੀਆਂ ਨਾ ਹੋਣ ਕਰਕੇ ਨਵੀਂਆਂ ਬੋਲੀਆਂ ਦੀ ਸਿਰਜਣਾ ਬਹੁਤ ਘੱਟ ਰਹੀ ਹੈ । ਪੁਰਾਣੇ ਜ਼ਮਾਨੇ ਵਿੱਚ ਤੇਰ-ਮੇਰ ਹੀ ਨਹੀਂ ਹੁੰਦੀ ਸੀ । ਵੱਡੇ ਪਰਿਵਾਰਾਂ ਵਿੱਚ ਸਾਂਝੀਦਾਰੀ ਗੱਡ ਕੇ ਨਿੱਭਦੀ ਸੀ ਅਤੇ ਲਾਣੇਦਾਰੀ ਸਿਸਟਮ ਤੇ ਪਰਿਵਾਰਾਂ ਵਿੱਚ ਪੂਰਾ ਸੋਥਾ ਹੁੰਦਾ ਸੀ । ਮੇਰੇ ਪਾਪਾ ਜੀ ਨੂੰ ਸਾਰਾ ਪਰਿਵਾਰ ਅੱਜ ਵੀ “ਲਾਣੇਦਾਰ” ਹੀ ਕਹਿੰਦਾ ਹੈ ਬੇਸ਼ੱਕ ਅਲੱਗ- ਅਲੱਗ ਹੋ ਗਏ ਹਨ ਸਾਰੇ ਭਰਾ । ਮੰਮੀ ਜੀ ਨੇ ਲਾਣੇਦਾਰੀ ਦੀ ਪੋਸਟ ਬਹੁਤ ਖ਼ੂਬ ਨਿਭਾਈ ।
ਲੀਡਰਸ਼ਿੱਪ ਦਾ ਇਹ ਪਾਠ ਘਰ ਵਿੱਚ ਹੀ ਸਿੱਖਣ ਨੂੰ ਮਿਲ ਜਾਂਦਾ ਸੀ । ਇੱਕ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੱਚੇ ਤਾਈ ਨੂੰ ਹੀ ਮਾਂ ਕਹਿੰਦੇ ਸੀ ਜਿਵੇਂ ਅਸੀਂ ਆਪਣੀ ਤਾਈ ਨੂੰ “ਬੀਬੀ” ਕਹਿੰਦੇ ਸੀ ਅਤੇ ਜਦੋਂ ਤਾਈ ਆਪਣੀ ਭੈਣ ਦਾ ਸਾਕ ਮੇਰੇ ਤਾਇਆ ਜੀ ਨੂੰ ਲਿਆਈ ਤਾਂ ਉਹ ਸਾਡੀ “ਛੋਟੀ ਬੀਬੀ” ਬਣ ਗਈ । ਮੇਰੀ ਮਾਂ ਨੂੰ ਸਾਰੇ ਨਿਆਣੇ “ਵੱਡੀ ਮੰਮੀ” ਹੀ ਕਹਿੰਦੇ ਰਹੇ ਸਨ । ਇਹ ਇਸ ਕਰਕੇ ਸੀ ਕਿ ਰਿਸ਼ਤਿਆਂ ਦੀ ਬੁਨਿਆਦ ਤੇ ਤਾਣਾ-ਬਾਣਾ ਬਹੁਤ ਮਜ਼ਬੂਤ ਸੀ । ਓਹਨਾਂ ਰਿਸ਼ਤਿਆਂ ਵਿੱਚੋਂ ਹੀ ਬਹੁਤ ਪਿਆਰੇ ਗੀਤ ਅਤੇ ਬੋਲੀਆਂ ਦਾ ਨਿਰਮਾਣ ਹੋਇਆ ਹੈ ਜੋ ਅੱਜ ਦੇ ਲੱਚਰ ਗੀਤਾਂ ਦੇ ਮੁਕਾਬਲੇ ਕਿਤੇ ਵੱਧ ਸਹਾਇਕ ਸੀ ਸਾਡੇ ਘਰ- ਪਰਿਵਾਰਾਂ ਅਤੇ ਰਿਸ਼ਤਿਆਂ ਨੂੰ ਸਾਂਭਣ ਦੇ ਲਈ । ਕਾਸ਼ ਅੱਜ ਦੀਆਂ ਚੁਸਤੀਆਂ-ਚਾਲਾਕੀਆਂ ਪੁਰਾਤਨ ਸਾਦੇਪਣ ਅਤੇ ਭੋਲ਼ਾਪਣ ਵਿੱਚ ਬਦਲ ਜਾਣ ਅਤੇ ਕੋਈ ਮੁਟਿਆਰ ਬੋਲੀ ਪਾਵੇ :-
“ਤੇਰੀ ਮੇਰੀ ਇੱਕ ਜਿੰਦੜੀ ਚੰਨ ਵੇ”
ਲੰਡਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly